ਮੈਨੂਫੈਕਚਰਿੰਗ ਪੀ. ਐੱਮ. ਆਈ. ਡਿੱਗਾ, ਲੱਗਭਗ 5 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀਆਂ ਫੈਕਟਰੀ ਸਰਗਰਮੀਆਂ

Tuesday, Aug 04, 2026 - 02:04 PM (IST)

ਮੈਨੂਫੈਕਚਰਿੰਗ ਪੀ. ਐੱਮ. ਆਈ. ਡਿੱਗਾ, ਲੱਗਭਗ 5 ਸਾਲ ਦੇ ਹੇਠਲੇ ਪੱਧਰ ’ਤੇ ਪਹੁੰਚੀਆਂ ਫੈਕਟਰੀ ਸਰਗਰਮੀਆਂ

ਨਵੀਂ ਦਿੱਲੀ (ਏਜੰਸੀ)- ਭਾਰਤ ਦੇ ਮੈਨੂਫੈਕਚਰਿੰਗ ਸੈਕਟਰ ਦੀ ਰਫ਼ਤਾਰ ਜੁਲਾਈ ’ਚ ਮੱਠੀ ਪੈ ਗਈ। ਨਵੇਂ ਆਰਡਰ ਮਿਲਣ ਦੀ ਰਫਤਾਰ ਘਟੀ, ਕੱਚੇ ਮਾਲ ਦੀ ਖਰੀਦ ਘਟੀ ਅਤੇ ਰੋਜ਼ਗਾਰ ’ਚ ਵੀ ਸੁਸਤੀ ਦੇਖਣ ਨੂੰ ਮਿਲੀ। ਇਸ ਕਾਰਨ ਫੈਕਟਰੀ ਸਰਗਰਮੀਆਂ ਲੱਗਭਗ 5 ਸਾਲ ਦੀ ਸਭ ਤੋਂ ਮੱਠੀ ਰਫ਼ਤਾਰ ਨਾਲ ਵਧੀਆਂ। ਇਹ ਜਾਣਕਾਰੀ ਸੋਮਵਾਰ ਨੂੰ ਜਾਰੀ ਇਕ ਸਰਵੇ ’ਚ ਸਾਹਮਣੇ ਆਈ। ਐੱਚ. ਐੱਸ. ਬੀ. ਸੀ. ਇੰਡੀਆ ਮੈਨੂਫੈਕਚਰਿੰਗ ਪਰਚੇਜ਼ਿੰਗ ਮੈਨੇਜਰਜ਼ ਇੰਡੈਕਸ (ਪੀ. ਐੱਮ. ਆਈ.) ਜੁਲਾਈ ’ਚ ਘਟ ਕੇ 53.5 ’ਤੇ ਆ ਗਿਆ, ਜਦੋਂ ਕਿ ਜੂਨ ’ਚ ਇਹ 54.2 ਸੀ। ਇਹ ਅਗਸਤ 2021 ਤੋਂ ਬਾਅਦ ਦਾ ਸਭ ਤੋਂ ਹੇਠਲਾ ਪੱਧਰ ਹੈ। ਨਾਲ ਹੀ ਇਹ ਇੰਡੈਕਸ ਆਪਣੇ ਲੰਬੇ ਸਮੇਂ ਦੇ ਔਸਤ 54.2 ਤੋਂ ਵੀ ਹੇਠਾਂ ਰਿਹਾ। ਪੀ. ਐੱਮ. ਆਈ. ’ਚ 50 ਤੋਂ ਉੱਪਰ ਦਾ ਅੰਕੜਾ ਮੈਨੂਫੈਕਚਰਿੰਗ ਸਰਗਰਮੀਆਂ ’ਚ ਵਾਧੇ ਦਾ ਸੰਕੇਤ ਦਿੰਦਾ ਹੈ, ਜਦੋਂ ਕਿ 50 ਤੋਂ ਹੇਠਾਂ ਦਾ ਅੰਕੜਾ ਗਿਰਾਵਟ ਨੂੰ ਦਰਸਾਉਂਦਾ ਹੈ।

ਸਪਲਾਈ ਚੇਨ ’ਚ ਸੁਧਾਰ, ਪਰ ਵਧੀਆਂ ਨਵੀਂਆਂ ਚਿੰਤਾਵਾਂ

ਐੱਚ. ਐੱਸ. ਬੀ. ਸੀ. ਦੀ ਮੁੱਖ ਭਾਰਤ ਅਰਥਸ਼ਾਸਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ ਕਿ ਜੁਲਾਈ ’ਚ ਸਪਲਾਇਰਜ਼ ਵੱਲੋਂ ਸਾਮਾਨ ਦੀ ਡਿਲੀਵਰੀ ਪਹਿਲਾਂ ਨਾਲੋਂ ਬਿਹਤਰ ਰਹੀ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਸਪਲਾਈ ਚੇਨ ਦੀਆਂ ਦਿੱਕਤਾਂ ਹੌਲੀ-ਹੌਲੀ ਘੱਟ ਹੋ ਰਹੀਆਂ ਹਨ। ਹਾਲਾਂਕਿ, ਪੱਛਮੀ ਏਸ਼ੀਆ ’ਚ ਵਧਦੇ ਤਣਾਅ ਨੇ ਇਨ੍ਹਾਂ ਸੁਧਾਰਾਂ ਨੂੰ ਲੈ ਕੇ ਨਵੀਂਆਂ ਚਿੰਤਾਵਾਂ ਵੀ ਪੈਦਾ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਸੰਭਾਵੀ ਖਤਰਿਆਂ ਨੂੰ ਦੇਖਦੇ ਹੋਏ ਕੰਪਨੀਆਂ ਕੱਚੇ ਮਾਲ ਅਤੇ ਤਿਆਰ ਉਤਪਾਦਾਂ ਦਾ ਸਟਾਕ ਵਧਾ ਰਹੀਆਂ ਹਨ, ਤਾਂ ਜੋ ਸਪਲਾਈ ’ਚ ਰੁਕਾਵਟ ਆਉਣ ’ਤੇ ਵੀ ਉਤਪਾਦਨ ਪ੍ਰਭਾਵਿਤ ਨਾ ਹੋਵੇ। ਉੱਥੇ ਹੀ, ਉਤਪਾਦਨ ਅਤੇ ਬਰਾਮਦ ਦੇ ਨਵੇਂ ਆਰਡਰ ’ਚ ਵਾਧੇ ਤੋਂ ਇਹ ਸੰਕੇਤ ਮਿਲਦਾ ਹੈ ਕਿ ਖਾਸ ਕਰ ਕੇ ਵਿਦੇਸ਼ੀ ਬਾਜ਼ਾਰਾਂ ’ਚ ਮੰਗ ਅਜੇ ਵੀ ਮਜ਼ਬੂਤ ਬਣੀ ਹੋਈ ਹੈ। ਰਿਪੋਰਟ ਮੁਤਾਬਕ ਜੁਲਾਈ ’ਚ ਕੱਚੇ ਮਾਲ ਦੀ ਲਾਗਤ ਵਧਣ ਦੀ ਰਫ਼ਤਾਰ ਕੁਝ ਮੱਠੀ ਪਈ, ਪਰ ਕੰਪਨੀਆਂ ਨੇ ਆਪਣੇ ਉਤਪਾਦਾਂ ਦੀਆਂ ਕੀਮਤਾਂ ਵਧਾਈਆਂ। ਇਸ ਤੋਂ ਸਾਫ਼ ਹੈ ਕਿ ਕੰਪਨੀਆਂ ਵਧਦੀ ਲਾਗਤ ਦਾ ਅਸਰ ਗਾਹਕਾਂ ’ਤੇ ਪਾ ਕੇ ਆਪਣੇ ਮੁਨਾਫ਼ੇ ਨੂੰ ਬਣਾਈ ਰੱਖਣ ਦੀ ਕੋਸ਼ਿਸ਼ ਕਰ ਰਹੀਆਂ ਹਨ।

ਨਵੇਂ ਆਰਡਰ ਦੀ ਰਫ਼ਤਾਰ ਪਈ ਮੱਠੀ

ਜੁਲਾਈ ’ਚ ਕੰਪਨੀਆਂ ਨੂੰ ਨਵੇਂ ਆਰਡਰ ਮਿਲਦੇ ਰਹੇ। ਇਸ਼ਤਿਹਾਰ ਸਰਗਰਮੀਆਂ ਅਤੇ ਬਾਜ਼ਾਰ ’ਚ ਬਣੀ ਮੰਗ ਦੀ ਵਜ੍ਹਾ ਨਾਲ ਆਰਡਰ ਵਧੇ, ਪਰ ਉਨ੍ਹਾਂ ਦੀ ਰਫ਼ਤਾਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਮੱਠੀ ਰਹੀ। ਪਿਛਲੇ 4 ਸਾਲਾਂ ਤੋਂ ਵੱਧ ਸਮੇਂ ’ਚ ਇਹ ਨਵੇਂ ਆਰਡਰ ਵਧਣ ਦੀ ਦੂਜੀ ਸਭ ਤੋਂ ਕਮਜ਼ੋਰ ਰਫਤਾਰ ਰਹੀ। ਇਸ ਦੀ ਵਜ੍ਹਾ ਕੁਝ ਮੁੱਖ ਉਤਪਾਦਾਂ ਦੀ ਮੰਗ ’ਚ ਕਮੀ ਅਤੇ ਬਾਜ਼ਾਰ ਦੀ ਚੁਣੌਤੀਪੂਰਨ ਸਥਿਤੀ ਰਹੀ। ਕੰਪਨੀਆਂ ਨੇ ਵਧਦੀ ਮੰਗ ਨੂੰ ਪੂਰਾ ਕਰਨ ਲਈ ਉਤਪਾਦਨ ਵਧਾਇਆ ਪਰ ਉਤਪਾਦਨ ’ਚ ਵਾਧੇ ਦੀ ਰਫ਼ਤਾਰ ਜੂਨ ਦੇ ਮੁਕਾਬਲੇ ਲੱਗਭਗ ਬਰਾਬਰ ਰਹੀ ਅਤੇ ਇਹ ਵੀ ਪਿਛਲੇ ਕੁਝ ਸਾਲਾਂ ਦੇ ਕਮਜ਼ੋਰ ਪੱਧਰਾਂ ’ਚ ਸ਼ਾਮਲ ਰਹੀ। ਕੰਜਿਊਮਰ ਗੁੱਡਜ਼ ਬਣਾਉਣ ਵਾਲੀਆਂ ਕੰਪਨੀਆਂ ’ਚ ਨਵੇਂ ਆਰਡਰ ਅਤੇ ਉਤਪਾਦਨ ਦੀ ਰਫ਼ਤਾਰ ਮੁਕਾਬਲਤਨ ਕਮਜ਼ੋਰ ਰਹੀ, ਜਦੋਂ ਕਿ ਇੰਟਰਮੀਡੀਏਟ ਅਤੇ ਕੈਪੀਟਲ ਗੁੱਡਜ਼ ਬਣਾਉਣ ਵਾਲੀਆਂ ਕੰਪਨੀਆਂ ਦਾ ਪ੍ਰਦਰਸ਼ਨ ਬਿਹਤਰ ਰਿਹਾ। ਇਸ ਦੌਰਾਨ ਬਰਾਮਦ ਆਰਡਰ ’ਚ ਚੰਗਾ ਵਾਧਾ ਦਰਜ ਕੀਤਾ ਗਿਆ। ਕੰਪਨੀਆਂ ਨੇ ਦੱਸਿਆ ਕਿ ਕੈਨੇਡਾ, ਮਿਸਰ, ਇੰਡੋਨੇਸ਼ੀਆ, ਕੀਨੀਆ, ਨੇਪਾਲ, ਦੱਖਣੀ ਅਫਰੀਕਾ, ਥਾਈਲੈਂਡ ਅਤੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਦੇਸ਼ਾਂ ਤੋਂ ਮੰਗ ਮਜ਼ਬੂਤ ਰਹੀ।

ਕੱਚੇ ਮਾਲ ਦੀ ਖਰੀਦ ਅਤੇ ਭਰਤੀ ਦੀ ਰਫ਼ਤਾਰ ਵੀ ਘਟੀ

ਕੰਪਨੀਆਂ ਨੇ ਭਵਿੱਖ ਦੀਆਂ ਜ਼ਰੂਰਤਾਂ ਨੂੰ ਦੇਖਦੇ ਹੋਏ ਕੱਚੇ ਮਾਲ ਦੀ ਖਰੀਦ ਜਾਰੀ ਰੱਖੀ, ਤਾਂ ਜੋ ਸਟਾਕ ਪੂਰਾ ਬਣਿਆ ਰਹੇ। ਹਾਲਾਂਕਿ, ਖਰੀਦਦਾਰੀ ’ਚ ਵਾਧੇ ਦੀ ਰਫ਼ਤਾਰ ਘਟ ਕੇ ਪਿਛਲੇ 31 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ। ਉੱਥੇ ਹੀ, ਸਪਲਾਈ ਚੇਨ ਦੀ ਸਥਿਤੀ ’ਚ ਸੁਧਾਰ ਦੇਖਣ ਨੂੰ ਮਿਲਿਆ ਅਤੇ ਕੱਚਾ ਮਾਲ ਪਹਿਲਾਂ ਦੇ ਮੁਕਾਬਲੇ ਤੇਜ਼ੀ ਨਾਲ ਮਿਲਣ ਲੱਗਾ। ਕੰਪਨੀਆਂ ਨੇ ਕੱਚੇ ਮਾਲ ਅਤੇ ਤਿਆਰ ਮਾਲ ਦੋਵਾਂ ਦਾ ਸਟਾਕ ਵਧਾਇਆ। ਖਾਸ ਗੱਲ ਇਹ ਰਹੀ ਕਿ ਤਿਆਰ ਮਾਲ ਦਾ ਸਟਾਕ 11 ਸਾਲਾਂ ਤੋਂ ਜ਼ਿਆਦਾ ਸਮੇਂ ’ਚ ਸਭ ਤੋਂ ਤੇਜ਼ ਰਫ਼ਤਾਰ ਨਾਲ ਵਧਿਆ, ਜਦੋਂ ਕਿ ਪਿਛਲੇ ਮਹੀਨੇ ਇਸ ’ਚ ਗਿਰਾਵਟ ਆਈ ਸੀ। ਰੋਜ਼ਗਾਰ ਦੇ ਮੋਰਚੇ ’ਤੇ ਵੀ ਲਗਾਤਾਰ 29ਵੇਂ ਮਹੀਨੇ ਨਵੀਆਂ ਭਰਤੀਆਂ ਹੋਈਆਂ ਪਰ ਭਰਤੀ ਦੀ ਰਫ਼ਤਾਰ ਲਗਾਤਾਰ ਤੀਜੇ ਮਹੀਨੇ ਮੱਠੀ ਰਹੀ ਅਤੇ ਮੌਜੂਦਾ ਵਿਸਥਾਰ ਦੇ ਦੌਰ ’ਚ ਇਹ ਸਭ ਤੋਂ ਕਮਜ਼ੋਰ ਪੱਧਰ ’ਤੇ ਪਹੁੰਚ ਗਈ। ਜੁਲਾਈ ’ਚ ਕੰਪਨੀਆਂ ’ਤੇ ਕੱਚੇ ਮਾਲ ਦੀ ਲਾਗਤ ਵਧਣ ਦਾ ਦਬਾਅ ਘਟ ਕੇ ਪਿਛਲੇ 5 ਮਹੀਨਿਆਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਿਆ। ਹਾਲਾਂਕਿ, ਕੰਪਨੀਆਂ ਨੇ ਦੱਸਿਆ ਕਿ ਟ੍ਰਾਂਸਪੋਰਟ ਦਾ ਖਰਚਾ ਅਜੇ ਵੀ ਵਧਿਆ ਹੋਇਆ ਹੈ।


author

cherry

Content Editor

Related News