ਜਲਦ ਵਧਾਏ ਜਾ ਸਕਦੇ ਹਨ ਕੋਲੇ ਦੇ ਭਾਅ : CIL ਚੇਅਰਮੈਨ
03/21/2023 3:45:33 PM

ਕੋਲਕਾਤਾ- ਜਨਤਕ ਖੇਤਰ ਦੀ ਕੰਪਨੀ ਕੋਲ ਇੰਡੀਆ ਲਿਮਟਿਡ (ਸੀ.ਆਈ.ਐੱਲ) ਦੇ ਚੇਅਰਮੈਨ ਪ੍ਰਮੋਦ ਅਗਰਵਾਲ ਨੇ ਸੋਮਵਾਰ ਨੂੰ ਕਿਹਾ ਕਿ ਕੋਲੇ ਦੀਆਂ ਕੀਮਤਾਂ ਜਲਦ ਹੀ ਵਧਾਈਆਂ ਜਾ ਸਕਦੀਆਂ ਹਨ ਅਤੇ ਇਸ ਬਾਰੇ 'ਚ ਹਿੱਤਧਾਰਕਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ।
ਇਹ ਵੀ ਪੜ੍ਹੋ- ਪਾਕਿਸਤਾਨ : ਵਪਾਰ ਘਾਟੇ ਨੂੰ ਰੋਕਣ ਦੀ ਕੋਸ਼ਿਸ਼ 'ਚ ਵਧਿਆ ਬੇਰੁਜ਼ਗਾਰੀ ਦਾ ਸੰਕਟ
ਅਗਰਵਾਲ ਨੇ ਭਰੋਸਾ ਪ੍ਰਗਟਾਇਆ ਕਿ ਕੰਪਨੀ 2025-26 ਤੱਕ ਇੱਕ ਅਰਬ ਟਨ ਦੇ ਉਤਪਾਦਨ ਦਾ ਟੀਚਾ ਹਾਸਲ ਕਰੇਗੀ। ਉਨ੍ਹਾਂ ਨੇ ਕਿਹਾ, “ਸਾਰੇ ਹਾਲਾਤ ਕੋਲੇ ਦੀਆਂ ਕੀਮਤਾਂ ਵਧਾਉਣ ਦੇ ਪੱਖ 'ਚ ਹਨ। ਬੀਤੇ ਪੰਜ ਸਾਲਾਂ 'ਚ ਕੀਮਤਾਂ ਨਹੀਂ ਵਧੀਆਂ। ਇਸ ਸਾਲ ਤਨਖ਼ਾਹਾਂ 'ਤੇ ਵੀ ਗੱਲਬਾਤ ਕੀਤੀ ਜਾ ਰਹੀ ਹੈ ਜਿਸਦਾ ਅਸਰ ਕੰਪਨੀ ਦੀ ਵਿੱਤੀ ਸਥਿਤੀ 'ਤੇ ਪਵੇਗਾ, ਖ਼ਾਸ ਤੌਰ 'ਤੇ ਕੁਝ ਸਹਾਇਕ ਕੰਪਨੀਆਂ 'ਚ ਜਿੱਥੇ ਮਨੁੱਖੀ ਸਰੋਤਾਂ ਦੀ ਕੀਮਤ ਬਹੁਤ ਜ਼ਿਆਦਾ ਹੈ।
ਇਹ ਵੀ ਪੜ੍ਹੋ- ਬੇਮੌਸਮ ਬਾਰਿਸ਼ ਨਾਲ ਕਣਕ ਦੀ ਫਸਲ ਨੂੰ ਕੁਝ ਨੁਕਸਾਨ, ਸੂਬਿਆਂ ਤੋਂ ਰਿਪੋਰਟ ਮਿਲਣਾ ਬਾਕੀ : ਕੇਂਦਰ
ਐੱਮਜੰਕਸ਼ਨ ਦੁਆਰਾ ਆਯੋਜਿਤ ਕੋਲਾ ਮਾਰਕੀਟ ਕਾਨਫਰੰਸ 'ਚ ਅਗਰਵਾਲ ਨੇ ਕਿਹਾ, “ਕੀਮਤਾਂ ਨਹੀਂ ਵਧਣ 'ਤੇ ਬਹੁਤ ਸਾਰੀਆਂ ਸਮੱਸਿਆਵਾਂ ਪੈਦਾ ਹੋ ਜਾਣਗੀਆਂ। ਇਸ ਬਾਰੇ ਹਿੱਤਧਾਰਕਾਂ ਦੇ ਨਾਲ ਗੱਲਬਾਤ ਚੱਲ ਰਹੀ ਹੈ ਅਤੇ ਇਹ ਕਦਮ ਜਲਦੀ ਹੀ ਚੁੱਕਿਆ ਜਾਵੇਗਾ। ਇਕ ਅਰਬ ਟਨ ਦੇ ਉਤਪਾਦਨ ਦੇ ਟੀਚੇ ਬਾਰੇ ਉਨ੍ਹਾਂ ਕਿਹਾ ਕਿ ਇਸ ਨੂੰ 2025-26 ਤੱਕ ਹਾਸਲ ਕਰ ਲਿਆ ਜਾਵੇਗਾ, ਹਾਲਾਂਕਿ ਇਹ ਟੀਚਾ ਦੇਸ਼ ਦੀ ਜ਼ਰੂਰਤ ਅਤੇ ਨਿੱਜੀ ਖੇਤਰ 'ਤੇ ਨਿਰਭਰ ਕਰੇਗਾ। ਉਨ੍ਹਾਂ ਨੇ ਦੱਸਿਆ ਕਿ ਕੰਪਨੀ 2030 ਤੱਕ ਭੂਮੀਗਤ ਕੋਲਾ ਉਤਪਾਦਨ ਮੌਜੂਦਾ 2.5-3 ਕਰੋੜ ਟਨ ਤੋਂ ਵਧਾ ਕੇ 10 ਕਰੋੜ ਟਨ ਕਰਨਾ ਚਾਹੁੰਦੀ ਹੈ।
ਨੋਟ-ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦਿਓ।