CNG ਦੇ ਰੇਟ ਵਧੇ, ਪੈਟਰੋਲ-ਡੀਜ਼ਲ ’ਤੇ ਹਾਲੇ ‘ਫੈਸਲਾ’ ਨਹੀਂ

Wednesday, Mar 09, 2022 - 12:57 PM (IST)

CNG ਦੇ ਰੇਟ ਵਧੇ, ਪੈਟਰੋਲ-ਡੀਜ਼ਲ ’ਤੇ ਹਾਲੇ ‘ਫੈਸਲਾ’ ਨਹੀਂ

ਨਵੀਂ ਦਿੱਲੀ– ਰਾਜਧਾਨੀ ਦਿੱਲੀ ਅਤੇ ਨੇੜੇ-ਤੇੜੇ ਦੇ ਸ਼ਹਿਰਾਂ ’ਚ ਸੀ. ਐੱਨ. ਜੀ. ਦੇ ਰੇਟ 50 ਪੈਸੇ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵਧਾ ਦਿੱਤੇ ਗਏ। ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਵਾਧਾ ਕੌਮਾਂਤਰੀ ਪੱਧਰ ’ਤੇ ਕੱਚੇ ਤੇਲ ਦੇ ਰੇਟ ’ਚ ਵਧੇਰੇ ਸਪੱਸ਼ਟਤਾ ਆਉਣ ਦੇ ਇੰਤਜ਼ਾਰ ’ਚ ਹਾਲੇ ਰੁਕਿਆ ਹੋਇਆ ਹੈ। ਦਿੱਲੀ ’ਚ ਸੀ. ਐੱਨ. ਜੀ. ਦੀ ਪ੍ਰਚੂਨ ਵਿਕਰੀ ਕਰਨ ਵਾਲੀ ਇੰਦਰਪ੍ਰਸਥ ਗੈਸ ਲਿਮਟਿਡ (ਆਈ. ਜੀ. ਐੱਲ.) ਦੀ ਵੈੱਬਸਾਈਟ ’ਤੇ ਨਵੀਆਂ ਦਰਾਂ ਦੀ ਜਾਣਕਾਰੀ ਦਿੱਤੀ ਗਈ ਹੈ। ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ ’ਚ ਸੀ. ਐੱਨ. ਜੀ. ਦੀ ਕੀਮਤ ਹੁਣ 57.51 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਆਈ. ਜੀ. ਐੱਲ. ਕੌਮਾਂਤਰੀ ਪੱਧਰ ’ਤੇ ਗੈਸ ਦੀਆਂ ਕੀਮਤਾਂ ’ਚ ਵਾਧਾ ਹੋਣ ’ਤੇ ਸਮੇਂ-ਸਮੇਂ ਸਿਰ ਸੀ. ਐੱਨ. ਜੀ. ਦੇ ਰੇਟ ’ਚ 50 ਪੈਸੇ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਵਧਾਉਂਦੀ ਰਹੀ ਹੈ। ਇਸ ਸਾਲ ਯਾਨੀ 2022 ’ਚ ਹੀ ਸੀ. ਐੱਨ. ਜੀ. ਦੇ ਰੇਟ ’ਚ ਹੁਣ ਤੱਕ ਕਰੀਬ 4 ਰੁਪਏ ਪ੍ਰਤੀ ਕਿਲੋਗ੍ਰਾਮ ਵਧ ਚੁੱਕੇ ਹਨ। ਦਿੱਲੀ ਦੇ ਨਾਲ ਲਗਦੇ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ’ਚ ਸੀ. ਐੱਨ. ਜੀ. ਹੁਣ 1 ਰੁਪਏ ਪ੍ਰਤੀ ਕਿਲੋਗ੍ਰਾਮ ਮਹਿੰਗੀ ਹੋ ਗਈ ਹੈ। ਮੰਗਲਵਾਰ ਤੋਂ ਇਨ੍ਹਾਂ ਸ਼ਹਿਰਾਂ ’ਚ ਸੀ. ਐੱਨ. ਜੀ. ਦਾ ਰੇਟ 59.58 ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਿਆ ਹੈ। ਦਰਅਸਲ ਸੀ. ਐੱਨ. ਜੀ. ਦੀਆਂ ਕੀਮਤਾਂ ਵੱਖ-ਵੱਖ ਸੂਬਿਆਂ ’ਚ ਵੱਖ-ਵੱਖ ਹੁੰਦੀਆਂ ਹਨ। ਸਥਾਨਕ ਟੈਕਸ ਲੱਗਣ ਤੋਂ ਬਾਅਦ ਇਨ੍ਹਾਂ ਦੀਆਂ ਕੀਮਤਾਂ ’ਚ ਫਰਕ ਆ ਜਾਂਦਾ ਹੈ।
ਕੌਮਾਂਤਰੀ ਘਟਨਾਕ੍ਰਮ ’ਤੇ ਨਜ਼ਰ ਰੱਖ ਰਹੀਆਂ ਹਨ ਪੈਟਰੋਲੀਅਮ ਕੰਪਨੀਆਂ

ਉੱਥੇ ਹੀ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਹਾਲੇ ਕੋਈ ਵਾਧਾ ਨਹੀਂ ਕੀਤਾ ਗਿਆ ਹੈ। 5 ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੇ ਅੰਤਿਮ ਦੌਰ ਦੀ ਵੋਟਿੰਗ ਸੋਮਵਾਰ ਨੂੰ ਸੰਪੰਨ ਹੋ ਜਾਣ ਤੋਂ ਬਾਅਦ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਤੁਰੰਤ ਵਾਧੇ ਦੀ ਸੰਭਾਵਨਾ ਪਹਿਲਾਂ ਤੋਂ ਪ੍ਰਗਟਾਈ ਜਾ ਰਹੀ ਸੀ। ਪਰ ਹਾਲੇ ਤੱਕ ਪੈਟਰੋਲੀਅਮ ਮਾਰਕੀਟਿੰਗ ਕੰਪਨੀਆਂ ਨੇ ਇਸ ਬਾਰੇ ਕੋਈ ਫੈਸਲਾ ਨਹੀਂ ਕੀਤਾ ਹੈ। ਅਧਿਕਾਰਕ ਸੂਤਰਾਂ ਮੁਤਾਬਕ ਜਨਤਕ ਖੇਤਰ ਦੀਆਂ ਪੈਟਰੋਲੀਅਮ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਅਤੇ ਹਿੰਦੁਸਤਾਨ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਐੱਚ. ਪੀ. ਸੀ. ਐੱਲ.) ਨੇ ਕੀਮਤਾਂ ’ਚ ਤੁਰੰਤ ਵਾਧਾ ਕਰਨ ਦੀ ਥਾਂ ਹਾਲੇ ਦੋ ਦਿਨਾਂ ਤੱਕ ਬਦਲਦੇ ਕੌਮਾਂਤਰੀ ਘਟਨਾਕ੍ਰਮ ’ਤੇ ਨਜ਼ਰ ਰੱਖਣ ਦਾ ਫੈਸਲਾ ਕੀਤਾ ਹੈ।


author

Rakesh

Content Editor

Related News