CMIE ਦਾ ਦਾਅਵਾ-ਜੂਨ ’ਚ ਗਿਰਾਵਟ ਤੋਂ ਬਾਅਦ ਜੁਲਾਈ ’ਚ ਵਧ ਰਹੀ ਰੁਜ਼ਗਾਰ ਦਰ

Saturday, Jul 16, 2022 - 10:58 AM (IST)

CMIE ਦਾ ਦਾਅਵਾ-ਜੂਨ ’ਚ ਗਿਰਾਵਟ ਤੋਂ ਬਾਅਦ ਜੁਲਾਈ ’ਚ ਵਧ ਰਹੀ ਰੁਜ਼ਗਾਰ ਦਰ

ਕੋਲਕਾਤਾ (ਭਾਸ਼ਾ) – ਰੁਜ਼ਗਾਰ ਦੇ ਮੋਰਚੇ ’ਤੇ ਰਾਹਤ ਭਰੀ ਖਬਰ ਆਈ ਹੈ। ਦਰਅਸਲ ਆਰਥਿਕ ਥਿੰਕ-ਟੈਂਕ ਸੈਂਟਰ ਫਾਰ ਮਾਨੀਟਰਿੰਗ ਇੰਡੀਅਨ ਇਕੋਨਮੀ (ਸੀ. ਐੱਮ. ਆਈ. ਈ.) ਨੇ ਦਾਅਵਾ ਪ੍ਰਗਟਾਇਆ ਹੈ ਕਿ ਜੂਨ 2022 ’ਚ ਰੁਜ਼ਗਾਰ ਦਰ ’ਚ ਭਾਰੀ ਗਿਰਾਵਟ ਤੋਂ ਬਾਅਦ ਚਾਲੂ ਮਹੀਨੇ ’ਚ ਇਸ ’ਚ ਸੁਧਾਰ ਆਇਆ ਹੈ।

ਸੀ. ਐੱਮ. ਆਈ. ਈ. ਮੁਤਾਬਕ 12 ਜੁਲਾਈ ਤੋਂ ਬਾਅਦ ਪਿਛਲੇ ਤਿੰਨ ਦਿਨਾਂ ’ਚ ਬੇਰੁਜ਼ਗਾਰੀ ਦਰ ’ਚ ਲਗਾਤਾਰ ਗਿਰਾਵਟ ਦਾ ਰੁਖ ਦੇਖਿਆ ਜਾ ਰਿਹਾ ਹੈ। ਬੀਤੀ 12 ਜੁਲਾਈ ਨੂੰ ਬੇਰੁਜ਼ਗਾਰੀ ਦਰ 7.33 ਫੀਸਦੀ, 13 ਜੁਲਾਈ ਨੂੰ 7.46 ਫੀਸਦੀ ਅਤੇ 14 ਜੁਲਾਈ ਨੂੰ 7.29 ਫੀਸਦੀ ਦਾ ਅਨੁਮਾਨ ਲਗਾਇਆ ਗਿਆ ਸੀ।

7.80 ਫੀਸਦੀ ਸੀ ਜੂਨ 2022 ’ਚ ਬੇਰੁਜ਼ਗਾਰੀ ਦਰ

ਇਸ ਤੋਂ ਪਹਿਲਾਂ ਜੂਨ 2022 ’ਚ ਅਖਿਲ ਭਾਰਤੀ ਪੱਧਰ ’ਤੇ ਬੇਰੁਜ਼ਗਾਰੀ ਦਰ 7.80 ਫੀਸਦੀ ਸੀ। ਬੇਰੁਜ਼ਗਾਰੀ ਦਾ ਇਹ ਅੰਕੜਾ ਸ਼ਹਿਰੀ ਖੇਤਰ ’ਚ 7.30 ਫੀਸਦੀ ਅਤੇ ਗ੍ਰਾਮੀਣ ਖੇਤਰ ’ਚ 8.03 ਫੀਸਦੀ ਰਿਹਾ। ਇਸ ਅੰਕੜੇ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਅਰਥਸ਼ਾਸਤਰੀ ਅਭਿਰੂਪ ਸਰਕਾਰ ਨੇ ਕਿਹਾ ਕਿ ਇਹ ਮੌਮਸੀ ਬਦਲਾਅ ਜਾਂ ਏਜੰਸੀ ਵਲੋਂ ਸੈਂਪਲ ਇਕੱਠੇ ਕਰਨ ’ਚ ਖਾਮੀਆਂ ਦਾ ਨਤੀਜਾ ਵੀ ਹੋ ਸਕਦਾ ਹੈ।

7.12 ਫੀਸਦੀ ਸੀ ਮਈ 2022 ’ਚ ਬੇਰੁਜ਼ਗਾਰੀ ਦਰ

ਸੀ. ਐੱਮ. ਆਈ. ਈ. ਦੇ ਅੰਕੜਿਅਾਂ ਮੁਤਾਬਕ ਮਈ ਦੇ ਮਹੀਨੇ ’ਚ ਅਖਿਲ ਭਾਰਤੀ ਬੇਰੁਜ਼ਗਾਰੀ ਦਰ 7.12 ਫੀਸਦੀ ਰਹੀ ਸੀ। ਸੀ. ਐੱਮ. ਆਈ. ਈ. ਨੇ ਕਿਹਾ ਕਿ ਭਾਰਤ ਦੇ ਜੂਨ 2022 ਦੇ ਕਿਰਤ ਅੰਕੜੇ ਬੇਹੱਦ ਨਿਰਾਸ਼ਾਜਨਕ ਰਹੇ ਹਨ। ਰੁਜ਼ਗਾਰ ਮਈ 2022 ’ਚ 40.4 ਕਰੋੜ ਤੋਂ ਘਟ ਕੇ ਜੂਨ 2022 ’ਚ 39.0 ਕਰੋੜ ਰਹਿ ਗਿਆ ਸੀ। ਏਜੰਸੀ ਨੇ ਕਿਹਾ ਕਿ ਇਸ ਤੋਂ ਪਤਾ ਲਗਦਾ ਹੈ ਕਿ ਜੂਨ ’ਚ ਕਿਰਤ ਬਾਜ਼ਾਰ ਸੁੰਗੜ ਗਿਆ ਸੀ।

ਜੂਨ ’ਚ ਆਪਣੇ ਹੇਠਲੇ ਪੱਧਰ 38.8 ਫੀਸਦੀ ’ਤੇ ਪਹੁੰਚੀ ਐੱਲ. ਪੀ. ਆਰ.

ਏਜੰਸੀ ਨੇ ਕਿਹਾ ਕਿ ਲੇਬਰ ਪਾਰਟੀਸਿਪੇਟਰੀ ਰੇਟ (ਐੱਲ. ਪੀ. ਆਰ.) ਜੂਨ ’ਚ ਆਪਣੇ ਹੇਠਲੇ ਪੱਧਰ 38.8 ਫੀਸਦੀ ’ਤੇ ਪਹੁੰਚ ਗਈ ਜੋ ਉਸ ਤੋਂ ਪਹਿਲਾਂ ਦੇ 2 ਮਹੀਨਿਆਂ ’ਚ 40 ਫੀਸਦੀ ’ਤੇ ਰਹੀ ਸੀ। ਸੀ. ਐੱਮ. ਆਈ. ਈ. ਮੁਤਾਬਕ ਜੂਨ 2022 ’ਚ ਤਨਖਾਹਦਾਰ ਨੌਕਰੀਆਂ ਦੀ ਗਿਣਤੀ ’ਚ ਕਰੀਬ 25 ਲੱਖ ਦੀ ਗਿਰਾਵਟ ਦਰਜ ਕੀਤੀ ਗਈ। ਇਸ ਤਰ੍ਹਾਂ ਤਨਖਾਹ ਲੈਣ ਵਾਲੇ ਤਬਕੇ ਲਈ ਹਾਲਾਤ ਉਲਟ ਹੁੰਦੇ ਹੋਏ ਨਜ਼ਰ ਆ ਰਹੇ ਹਨ। ਉਸ ਲਈ ਰਾਹਤ ਤਾਂ ਹੀ ਹੋ ਸਕਦੀ ਹੈ ਜਦੋਂ ਅਰਥਵਿਵਸਥਾ ਵਧੇਰੇ ਤੇਜ਼ ਰਫਤਾਰ ਨਾਲ ਵਧੇ ਤਾਂ ਕਿ ਵਧੇਰੇ ਰੁਜ਼ਗਾਰ ਦੇ ਮੌਕੇ ਪੈਦਾ ਹੋ ਸਕਣ।

ਜੇ ਸੂਬਾਵਾਰ ਬੇਰੁਜ਼ਗਾਰੀ ਅੰਕੜਿਆਂ ’ਤੇ ਗੌਰ ਕਰੀਏ ਤਾਂ ਹਰਿਆਣਾ 30.6 ਫੀਸਦੀ ਬੇਰੁਜ਼ਗਾਰੀ ਨਾਲ ਸਭ ਤੋਂ ਅੱਗੇ ਰਿਹਾ ਜਦ ਕਿ ਪੱਛਮੀ ਬੰਗਾਲ 5.2 ਫੀਸਦੀ ਨਾਲ ਸਭ ਤੋਂ ਘੱਟ ਬੇਰੁਜ਼ਗਾਰੀ ਵਾਲਾ ਸੂਬਾ ਰਿਹਾ।


author

Harinder Kaur

Content Editor

Related News