200 ਕਰੋਡ਼ ਦੇ ਬਨਾਰਸੀ ਸਾੜ੍ਹੀ ਕਾਰੋਬਾਰ ’ਤੇ ਛਾਏ ਸੰਕਟ ਦੇ ਬੱਦਲ

02/12/2020 10:09:01 AM

ਨਵੀਂ ਦਿੱਲੀ — ਚੀਨ ’ਚ ਫੈਲੇ ਕੋਰੋਨਾ ਵਾਇਰਸ ਦਾ ਅਸਰ ਹੁਣ ਬਨਾਰਸ ਦੇ ਰੇਸ਼ਮੀ ਸਾੜ੍ਹੀ ਉਦਯੋਗ ’ਤੇ ਵੀ ਦਿਸ ਰਿਹਾ ਹੈ। ਕੋਰੋਨਾ ਵਾਇਰਸ ਦੇ ਅਸਿੱਧੇ ਪ੍ਰਭਾਵ ਕਾਰਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੰਸਦੀ ਖੇਤਰ ਵਾਰਾਣਸੀ ਦੇ 4.5 ਲੱਖ ਤੋਂ ਜ਼ਿਆਦਾ ਲੋਕਾਂ ਦੇ ਕਾਰੋਬਾਰ ’ਤੇ ਸੰਕਟ ਦੇ ਬੱਦਲ ਵਿਖਾਈ ਦੇ ਰਹੇ ਹਨ। ਚੀਨ ਵੱਲੋਂ ਚਾਈਨੀਜ਼ ਰੇਸ਼ਮ ਦੀ ਬਰਾਮਦ ’ਤੇ ਲੱਗੀ ਪਾਬੰਦੀ ਦਾ ਅਸਰ ਬਨਾਰਸੀ ਸਾੜ੍ਹੀ ਉਦਯੋਗ ’ਤੇ ਦਿਸਣ ਲੱਗਾ ਹੈ। ਜ਼ਿਆਦਾਤਰ ਬਨਾਰਸੀ ਸਾੜ੍ਹੀ ਅਤੇ ਡਰੈੱਸ ਮਟੀਰੀਅਲ ’ਚ ਵਰਤੋਂ ਹੋਣ ਵਾਲਾ ਚਾਈਨੀਜ਼ ਰੇਸ਼ਮ ਜੇਕਰ ਦੇਸ਼ ’ਚ ਆਉਣਾ ਛੇਤੀ ਸ਼ੁਰੂ ਨਾ ਹੋਇਆ ਤਾਂ ਬਨਾਰਸੀ ਸਾੜ੍ਹੀ ਦਾ ਕਾਰੋਬਾਰ ਟੁੱਟਣ ਲੱਗੇਗਾ। ਕੱਚੇ ਮਾਲ ਲਈ ਉਦਯੋਗਾਂ ਦੀ ਚੀਨ ’ਤੇ ਵਧਦੀ ਨਿਰਭਰਤਾ ਦਾ ਖਮਿਆਜ਼ਾ ਹੁਣ ਭੁਗਤਣਾ ਪੈ ਰਿਹਾ ਹੈ।

ਚੀਨ ਨੇ ਬਰਾਮਦ ਹੋਣ ਵਾਲੇ ਉਤਪਾਦਾਂ ’ਤੇ ਲਾਈ ਪਾਬੰਦੀ

ਕੋਰੋਨਾ ਵਾਇਰਸ ਦੀ ਵਜ੍ਹਾ ਨਾਲ ਚੀਨ ਸਰਕਾਰ ਨੇ ਚੀਨੀ ਰੇਸ਼ਮ ਦੀ ਬਾਹਰੀ ਮੁਲਕਾਂ ’ਚ ਬਰਾਮਦ ’ਤੇ ਪਾਬੰਦੀ ਲਾ ਦਿੱਤੀ ਹੈ। ਜੇਕਰ ਪਾਬੰਦੀ ਦੀ ਤਰੀਕ ਹੋਰ ਅੱਗੇ ਵਧਦੀ ਹੈ ਤਾਂ ਫਿਰ ਉਦਯੋਗ ਨੂੰ ਪ੍ਰਤੀ ਮਹੀਨਾ 200 ਕਰੋਡ਼ ਰੁਪਏ ਦਾ ਆਰਡਰ ਪ੍ਰਭਾਵਿਤ ਹੋਣਾ ਤੈਅ ਹੈ। ਸਾੜ੍ਹੀ ਨਿਰਮਾਤਾਵਾਂ ਦਾ ਕਹਿਣਾ ਹੈ ਕਿ ਸਿਰਫ ਵਾਰਾਣਸੀ ’ਚ ਹੀ ਹੈਂਡਲੂਮ, ਸੈਮੀ ਹੈਂਡਲੂਮ ਅਤੇ ਪਾਵਰ ਲੂਮ ਦੀ ਗਿਣਤੀ 80,000 ਦੇ ਕਰੀਬ ਹੈ, ਜਿਨ੍ਹਾਂ ਦਾ ਮੁੱਖ ਕੱਚਾ ਮਾਲ ਰੇਸ਼ਮ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਟੀਰੀਅਲ ਚਾਈਨੀਜ਼ ਰੇਸ਼ਮ ਦੇ ਰੂਪ ’ਚ ਹੁੰਦਾ ਹੈ, ਜਿਸ ਨੂੰ ਚੀਨ ਤੋਂ ਦਰਾਮਦ ਕੀਤਾ ਜਾਂਦਾ ਹੈ।


Related News