ਪਾਕਿ ਹਵਾਈ ਖੇਤਰ ਬੰਦ ਹੋਣ ਨਾਲ ਏਅਰ ਇੰਡੀਆ ਨੂੰ ਰੋਜ਼ਾਨਾ ਹੋ ਰਿਹੈ 13 ਲੱਖ ਰੁਪਏ ਦਾ ਨੁਕਸਾਨ
Friday, Jul 12, 2019 - 10:36 PM (IST)

ਜਲੰਧਰ- ਪਾਕਿਸਤਾਨ ਵੱਲੋਂ ਆਪਣੇ ਹਵਾਈ ਖੇਤਰ ਨੂੰ ਭਾਰਤੀ ਜਹਾਜ਼ਾਂ ਲਈ ਬੰਦ ਕਰ ਦੇਣ ਨਾਲ ਏਅਰ ਇੰਡੀਆ ਨੂੰ ਰੋਜ਼ਾਨਾ 13 ਲੱਖ ਰੁਪਏ ਦਾ ਨੁਕਸਾਨ ਝੱਲਣਾ ਪੈ ਰਿਹਾ ਹੈ। ਪਾਕਿਸਤਾਨ ਨੇ 26 ਫਰਵਰੀ ਨੂੰ ਬਾਲਾਕੋਟ 'ਚ ਭਾਰਤੀ ਏਅਰ ਫੋਰਸ ਵੱਲੋਂ ਹਵਾਈ ਹਮਲਾ ਕਰਨ ਤੋਂ ਬਾਅਦ ਆਪਣੇ ਹਵਾਈ ਖੇਤਰ ਨੂੰ ਬੰਦ ਕਰ ਦਿੱਤਾ ਸੀ।
ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਹਰਦੀਪ ਪੁਰੀ ਨੇ ਲੋਕਸਭਾ ਨੂੰ ਦੱਸਿਆ ਕਿ ਏਅਰ ਇੰਡੀਆ ਦੀ ਸਹਿਯੋਗੀ ਕੰਪਨੀ ਏਅਰ ਇੰਡੀਆ ਐਕਸਪ੍ਰੈੱਸ ਨੂੰ 22 ਲੱਖ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਪੁਰੀ ਨੇ ਲੋਕਸਭਾ ਨੂੰ ਦੱਸਿਆ ਕਿ ਇਸ ਨਾਲ ਫਲਾਈਟ ਦੇ ਸਮੇਂ 'ਚ ਵੀ 15 ਮਿੰਟ ਦਾ ਵਾਧਾ ਹੋ ਗਿਆ ਹੈ। ਹਾਲਾਂਕਿ ਇਸ ਦੇ ਬਾਵਜੂਦ ਕੰਪਨੀ ਨੇ ਹਵਾਈ ਕਿਰਾਏ 'ਚ ਕਿਸੇ ਤਰ੍ਹਾਂ ਦਾ ਵਾਧਾ ਨਹੀਂ ਕੀਤਾ ਹੈ। ਰੂਟ ਡਾਈਵਰਜ਼ਨ ਨਾਲ ਜ਼ਿਆਦਾ ਈਂਧਣ ਖਰਚ ਹੋ ਰਿਹਾ ਹੈ, ਉਥੇ ਹੀ ਕੈਬਿਨ ਕਰੂ ਦਾ ਖਰਚ ਵੀ ਵਧ ਰਿਹਾ ਹੈ, ਜਿਸ ਨਾਲ ਕਈ ਵਾਰ ਫਲਾਈਟਸ ਵੀ ਕੈਂਸਲ ਕਰਨੀਆਂ ਪਈਆਂ ਹਨ। ਏਅਰਲਾਈਨਸ ਸੂਤਰ ਦੱਸਦੇ ਹਨ ਕਿ ਹਵਾਈ ਖੇਤਰ ਬੰਦ ਹੋਣ ਨਾਲ ਨਵੀਂ ਦਿੱਲੀ ਤੋਂ ਅਮਰੀਕਾ ਦੀ ਫਲਾਈਟਸ ਨੂੰ 2 ਤੋਂ 3 ਘੰਟੇ ਜ਼ਿਆਦਾ ਸਮਾਂ ਲੱਗ ਰਿਹਾ ਹੈ।
6 ਕਰੋੜ ਰੋਜ਼ਾਨਾ ਨੁਕਸਾਨ ਦਾ ਜਤਾਇਆ ਸੀ ਖਦਸ਼ਾ
ਇਸ ਤੋਂ ਪਹਿਲਾਂ ਏਅਰ ਇੰਡੀਆ ਨੇ ਰੋਜ਼ਾਨਾ 6 ਕਰੋੜ ਰੁਪਏ ਦੇ ਨੁਕਸਾਨ ਦਾ ਖਦਸ਼ਾ ਜਤਾਇਆ ਸੀ। ਪਾਕਿਸਤਾਨ ਵੱਲੋਂ ਆਪਣੇ ਹਵਾਈ ਖੇਤਰ ਨੂੰ ਭਾਰਤ ਲਈ ਬੰਦ ਕਰਨ ਨਾਲ ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ 548 ਕਰੋੜ ਰੁਪਏ ਦਾ ਘਾਟਾ ਹੋਇਆ ਹੈ।
ਇਨ੍ਹਾਂ ਕੰਪਨੀਆਂ ਨੂੰ ਵੀ ਹੋਇਆ ਘਾਟਾ
ਇਸ ਕਾਰਨ ਖਾੜੀ ਦੇਸ਼ਾਂ, ਪਛਮ-ਮੱਧ ਏਸ਼ੀਆ ਸਮੇਤ ਕਈ ਦੇਸ਼ਾਂ ਨੂੰ ਜਾਣ ਵਾਲੀ ਭਾਰਤੀ ਏਅਰਲਾਈਨਸ ਦੀ ਫਲਾਈਟ ਨੂੰ ਅਰਬ ਸਾਗਰ ਦਾ ਚੱਕਰ ਲਾਉਂਦੇ ਹੋਏ ਜਾਣਾ ਪੈ ਰਿਹਾ ਹੈ। ਪਾਕਿਸਤਾਨ ਦੇ ਹਵਾਈ ਖੇਤਰ ਬੰਦ ਕਰਨ ਨਾਲ ਭਾਰਤੀ ਏਅਰਲਾਈਨਸ ਨੂੰ ਨੁਕਸਾਨ ਚੁੱਕਣਾ ਪੈ ਰਿਹਾ ਹੈ। ਹਾਲ ਹੀ 'ਚ ਹੀ ਜੀ-20 'ਚ ਹਿੱਸਾ ਲੈਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਪਾਕ ਹਵਾਈ ਖੇਤਰ ਤੋਂ ਨਾ ਹੋ ਕੇ ਅਰਬ ਸਾਗਰ ਅਤੇ ਓਮਾਨ ਹੁੰਦੇ ਹੋਏ ਕਿਰਗਿਸਤਾਨ ਦੀ ਰਾਜਧਾਨੀ ਬਿਸ਼ਕੇਕ ਪੁੱਜੇ ਸਨ। ਹਾਲਾਂਕਿ ਪਾਕ ਨੇ ਉਨ੍ਹਾਂ ਦੇ ਜਹਾਜ਼ ਨੂੰ ਆਪਣੇ ਦੇਸ਼ ਦੇ ਉੱਤੋਂ ਹੋ ਕੇ ਜਾਣ ਲਈ ਆਗਿਆ ਦੇ ਦਿੱਤੀ ਸੀ।
ਸਿਵਲ ਐਵੀਏਸ਼ਨ ਰਾਜਮੰਤਰੀ ਹਰਦੀਪ ਸਿੰਘ ਪੁਰੀ ਨੇ ਰਾਜ ਸਭਾ 'ਚ ਇਕ ਸਵਾਲ ਦੇ ਜਵਾਬ 'ਚ ਦੱਸਿਆ ਕਿ ਪਾਕਿ ਹਵਾਈ ਖੇਤਰ ਦੇ ਬੰਦ ਹੋਣ ਨਾਲ 2 ਜੁਲਾਈ ਤੱਕ ਭਾਰਤੀ ਹਵਾਬਾਜ਼ੀ ਕੰਪਨੀਆਂ ਨੂੰ 548 ਕਰੋੜ ਰੁਪਏ ਦਾ ਘਾਟਾ ਹੋਇਆ, ਜਿਸ 'ਚ 2 ਜੁਲਾਈ ਏਅਰ ਇੰਡੀਆ ਨੂੰ 491 ਕਰੋੜ, 31 ਮਈ ਤੱਕ ਇੰਡੀਗੋ ਨੂੰ 25.1 ਕਰੋੜ ਅਤੇ 20 ਜੂਨ ਤੱਕ ਸਪਾਈਸ ਜੈੱਟ ਨੂੰ 30.73 ਕਰੋੜ ਅਤੇ ਗੋ-ਏਅਰ ਨੂੰ 2.1 ਕਰੋੜ ਰੁਪਏ ਦਾ ਘਾਟਾ ਹੋਇਆ।