ਅਮਰੀਕਾ 'ਚ ਵਿਆਜ ਦਰਾਂ ਵਧਣ ਦੇ ਸਪੱਸ਼ਟ ਸੰਕੇਤ, ਮਹਿੰਗੇ ਕਰਜ਼ੇ ਤੋਂ ਨਹੀਂ ਮਿਲੇਗੀ ਰਾਹਤ
Saturday, Aug 27, 2022 - 11:38 AM (IST)
ਜਲੰਧਰ (ਬਿਜ਼ਨੈੱਸ ਡੈਸਕ) - ਅਮਰੀਕਾ ਦੇ ਕੇਂਦਰੀ ਬੈਂਕ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਜੇਕਰ ਮਹਿੰਗਾਈ ਦੀ ਦਰ ’ਚ ਗਿਰਾਵਟ ਨਾ ਆਈ ਤਾਂ ਫੈਡਰਲ ਰਿਜ਼ਰਵ ਆਉਣ ਵਾਲੇ ਦਿਨਾਂ ’ਚ ਹੋਰ ਸਖਤ ਫੈਸਲੇ ਲੈ ਸਕਦਾ ਹੈ। ਜੇਰੋਮ ਦੇ ਇਸ ਬਿਆਨ ਤੋਂ ਬਾਅਦ ਅਮਰੀਕਾ ’ਚ ਸ਼ੇਅਰ ਬਾਜ਼ਾਰ ਡਿਗ ਗਏ ਅਤੇ ਡਾਓ ਜੋਂਸ ਇੰਡਸਟਰੀਅਲ ਐਵਰੇਜ ਇੰਡੈਕਸ 400 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਿਹਾ ਸੀ, ਉਥੇ ਹੀ ਨੈਸਡੈਕ ’ਚ ਵੀ 200 ਤੋਂ ਜ਼ਿਆਦਾ ਅੰਕਾਂ ਦੀ ਗਿਰਾਵਟ ਦੇਖਣ ਨੂੰ ਮਿਲੀ।
ਸ਼ੁੱਕਰਵਾਰ ਸ਼ਾਮ ਨੂੰ ਜਦੋਂ ਪਾਵੇਲ ਦਾ ਬਿਆਨ ਆਇਆ ਤਾਂ ਉਸ ਸਮੇਂ ਯੂਰਪੀ ਬਾਜ਼ਾਰ ਵੀ ਖੁੱਲ੍ਹੇ ਹੋਏ ਸਨ ਅਤੇ ਇਸ ਦਾ ਅਸਰ ਯੂਰਪੀ ਬਾਜ਼ਾਰਾਂ ’ਚ ਵੀ ਦੇਖਣ ਨੂੰ ਮਿਲਿਆ ਅਤੇ ਯੂ. ਕੇ., ਫਰਾਂਸ ਅਤੇ ਜਰਮਨੀ ਦੇ ਬਾਜ਼ਾਰ 1 ਤੋਂ 1.5 ਫੀਸਦੀ ਤੱਕ ਡਿੱਗ ਗਏ।
ਹਾਲਾਂਕਿ ਅਮਰੀਕਾ ’ਚ ਆਏ ਮਹਿੰਗਾਈ ਦਰ ਦੇ ਜੁਲਾਈ ਦੇ ਅੰਕੜੇ ਕੁਝ ਰਾਹਤ ਦੇਣ ਵਾਲੇ ਹਨ ਅਤੇ ਜੁਲਾਈ ’ਚ ਅਮਰੀਕੀ ਮਹਿੰਗਾਈ ਦਰ 6.3 ਫੀਸਦੀ ਰਹੀ ਹੈ। ਜੂਨ ’ਚ ਮਹਿੰਗਾਈ ਦਰ ਨੇ 6.8 ਫੀਸਦੀ ਦਾ ਅੰਕੜਾ ਛੂਹ ਲਿਆ ਸੀ ਅਤੇ ਇਹ 1982 ਤੋਂ ਬਾਅਦ ਮਹਿੰਗਾਈ ’ਚ ਸਭ ਤੋਂ ਵੱਡੇ ਵਾਧੇ ਦੇ ਰੂਪ ’ਚ ਦਰਜ ਕੀਤੀ ਗਈ ਸੀ।
ਇਹ ਵੀ ਪੜ੍ਹੋ : ਛੱਤ 'ਤੇ ਮੋਬਾਈਲ ਟਾਵਰ ਲਗਾਉਣਾ ਹੋਇਆ ਬਹੁਤ ਹੀ ਆਸਾਨ, ਜਾਣੋ ਬਦਲੇ ਨਿਯਮਾਂ ਬਾਰੇ
ਮਹਿੰਗਾਈ ਦਰ 40 ਸਾਲ ਦੇ ਉੱਚੇ ਪੱਧਰ ’ਤੇ ਪਹੁੰਚਣ ਤੋਂ ਬਾਅਦ ਹੀ ਅਮਰੀਕੀ ਕੇਂਦਰੀ ਬੈਂਕ ਨੇ ਵਿਆਜ ਦਰਾਂ ’ਤੇ ਸਖ਼ਤ ਰੁਖ ਅਪਣਾਉਣ ਦੀ ਗੱਲ ਕਹੀ ਹੈ। ਫੈਡਰਲ ਰਿਜ਼ਰਵ ਦੀ ਸਾਲਾਨਾ ਨੀਤੀ ਮੀਟਿੰਗ ਦੌਰਾਨ ਆਪਣੇ ਸੰਬੋਧਨ ’ਚ ਪਾਵੇਲ ਨੇ ਕਿਹਾ ਕਿ ਫੈਡਰਲ ਰਿਜ਼ਰਵ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਆਪਣੇ ਕੋਲ ਮੌਜੂਦ ਸਾਰੇ ਬਦਲਾਂ ਦੀ ਸਖਤੀ ਨਾਲ ਪਾਲਣਾ ਕਰੇਗਾ। ਹਾਲ ਹੀ ’ਚ ਫੈਡਰਲ ਰਿਜ਼ਰਵ ਨੇ ਮਹਿੰਗਾਈ ਨੂੰ ਕੰਟਰੋਲ ਕਰਨ ਲਈ ਵਿਆਜ ਦਰਾਂ ’ਚ 4 ਵਾਰ ’ਚ 2.25 ਫੀਸਦੀ ਦਾ ਵਾਧਾ ਕੀਤਾ ਹੈ। ਪਾਵੇਲ ਨੇ ਕਿਹਾ ਕਿ ਫਿਲਹਾਲ ਅਜੇ ਇੱਥੇ ਰੁਕਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ, ਕਿਉਂਕਿ ਮਹਿੰਗਾਈ ਅਜੇ ਵੀ ਫੈਡਰਲ ਰਿਜ਼ਰਵ ਦੇ ਟੀਚੇ ਦੇ ਘੇਰੇ ਤੋਂ ਬਾਹਰ ਹੈ।
ਹਾਲਾਂਕਿ ਵਿਆਜ ਦਰਾਂ ’ਚ ਵਾਧੇ ਕਾਰਨ ਜੀ. ਡੀ. ਪੀ. ’ਤੇ ਇਸ ਦਾ ਅਸਰ ਪੈ ਸਕਦਾ ਹੈ ਅਤੇ ਆਮ ਲੋਕਾਂ ਦੇ ਨਾਲ-ਨਾਲ ਕਾਰੋਬਾਰੀਆਂ ’ਤੇ ਵੀ ਇਸ ਦਾ ਅਸਰ ਪਵੇਗਾ ਪਰ ਮਹਿੰਗਾਈ ’ਤੇ ਕਾਬੂ ਪਾਉਣ ਲਈ ਸਾਨੂੰ ਇਹ ਦਰਦ ਸਹਿਣ ਲਈ ਤਿਆਰ ਰਹਿਣਾ ਪਵੇਗਾ।
ਮਹਿੰਗਾਈ ਨੂੰ ਘੱਟ ਕਰਨ ਲਈ ਕਦਮ ਚੁੱਕਣ ਦੀ ਲੋੜ
ਉਸਨੇ ਕਿਹਾ "ਇਹ ਮਹਿੰਗਾਈ ਨੂੰ ਹੇਠਾਂ ਲਿਆਉਣ ਦੀ ਇੱਕ ਮੰਦਭਾਗੀ ਕੀਮਤ ਹੈ। ਪਰ ਕੀਮਤਾਂ ਨੂੰ ਸਥਿਰ ਕਰਨ ਵਿੱਚ ਅਸਫਲ ਰਹਿਣਾ ਹੋਰ ਵੀ ਦੁਖਦਾਈ ਹੋਵੇਗਾ," । ਨਿਵੇਸ਼ਕ ਪਿਛਲੇ ਕੁਝ ਦਿਨਾਂ ਤੋਂ ਫੈਡਰਲ ਰਿਜ਼ਰਵ ਦੇ ਰੁਖ ਦੇ ਨਰਮ ਹੋਣ ਦੀ ਉਮੀਦ ਕਰ ਰਹੇ ਸਨ। ਪਰ ਪਾਵੇਲ ਦੇ ਸੰਬੋਧਨ ਨੇ ਉਸ ਦੀਆਂ ਉਮੀਦਾਂ 'ਤੇ ਪਾਣੀ ਫੇਰ ਦਿੱਤਾ ਹੈ। ਉਨ੍ਹਾਂ ਨੇ ਸੰਕੇਤ ਦਿੱਤਾ ਹੈ ਕਿ ਅਜੇ ਵਿਆਜ ਦਰਾਂ 'ਚ ਕਟੌਤੀ ਦਾ ਸਮਾਂ ਨਹੀਂ ਆਇਆ ਹੈ। ਫੈਡਰਲ ਰਿਜ਼ਰਵ ਨੇ ਪਹਿਲਾਂ ਦੋ ਵਾਰ ਨੀਤੀਗਤ ਦਰਾਂ 'ਚ 0.75-0.75 ਫੀਸਦੀ ਦਾ ਵਾਧਾ ਕੀਤਾ ਹੈ। ਇਹ 1980 ਦੇ ਦਹਾਕੇ ਤੋਂ ਬਾਅਦ ਫੈਡਰਲ ਰਿਜ਼ਰਵ ਦਾ ਸਭ ਤੋਂ ਤੇਜ਼ ਵਾਧਾ ਰਿਹਾ ਹੈ।
ਇਹ ਵੀ ਪੜ੍ਹੋ : ਘਰ ਤੋਂ ਕੰਮ ਭਵਿੱਖ ਦੀ ਜ਼ਰੂਰਤ, ਕਰਨੀ ਪਵੇਗੀ ਔਰਤ ਸ਼ਕਤੀ ਦੀ ਸਹੀ ਵਰਤੋਂ - ਪ੍ਰਧਾਨ ਮੰਤਰੀ ਮੋਦੀ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।