ਟ੍ਰੇਡ ਵਾਰ : ਚੀਨ ਦੀ ਵਾਧਾ ਦਰ 6.2 ਫ਼ੀਸਦੀ, 27 ਸਾਲ ਦਾ ਨੀਵਾਂ ਪੱਧਰ

Tuesday, Jul 16, 2019 - 01:47 AM (IST)

ਟ੍ਰੇਡ ਵਾਰ : ਚੀਨ ਦੀ ਵਾਧਾ ਦਰ 6.2 ਫ਼ੀਸਦੀ, 27 ਸਾਲ ਦਾ ਨੀਵਾਂ ਪੱਧਰ

ਪੇਈਚਿੰਗ— ਚੀਨ ਦੇ ਆਰਥਕ ਵਾਧੇ ਦੀ ਰਫਤਾਰ ਇਸ ਸਾਲ ਦੀ ਦੂਜੀ ਤਿਮਾਹੀ ’ਚ ਲਗਭਗ 3 ਦਹਾਕਿਆਂ ਦੇ ਸਭ ਤੋਂ ਹੇਠਲੇ ਪੱਧਰ 6.2 ਫ਼ੀਸਦੀ ’ਤੇ ਰਹੀ। ਅਮਰੀਕਾ-ਚੀਨ ਵਪਾਰ ਯੁੱਧ (ਟ੍ਰੇਡ ਵਾਰ) ਅਤੇ ਕੌਮਾਂਤਰੀ ਪੱਧਰ ’ਤੇ ਮੰਗ ’ਚ ਕਮੀ ਦੇ ਕਾਰਣ ਕਮਿਊਨਿਸਟ ਦੇਸ਼ ਦੀ ਜੀ. ਡੀ. ਪੀ. ਵਾਧਾ ਦਰ ’ਚ ਕਮੀ ਆਈ ਹੈ। ਚੀਨ ਦੀ ਸਰਕਾਰ ਦੇ ਅੰਕੜਿਆਂ ਮੁਤਾਬਕ ਕੁਲ ਘਰੇਲੂ ਉਤਪਾਦਨ (ਜੀ. ਡੀ. ਪੀ.) ਦੀ ਵਾਧਾ ਦਰ ਪਹਿਲੀ ਤਿਮਾਹੀ ਦੇ 6.4 ਫ਼ੀਸਦੀ ਤੋਂ ਘਟ ਕੇ 6.2 ਫ਼ੀਸਦੀ ’ਤੇ ਆ ਗਈ ਹੈ।

ਜੀ. ਡੀ. ਪੀ. ਦੀ ਇਹ ਵਾਧਾ ਦਰ ਦੂਜੀ ਤਿਮਾਹੀ ’ਚ ਪਿਛਲੇ 27 ਸਾਲਾਂ ’ਚ ਸਭ ਤੋਂ ਘੱਟ ਹੈ। ਇਸ ਨਾਲ ਚੀਨ ’ਚ ਕਾਫ਼ੀ ਚਿੰਤਾ ਪੈਦਾ ਹੋ ਗਈ ਹੈ ਕਿਉਂਕਿ ਦੇਸ਼ ਦੇ ਆਰਥਕ ਵਾਧੇ ਦੀ ਰਫਤਾਰ 2009 ’ਚ ਕੌਮਾਂਤਰੀ ਆਰਥਕ ਸੰਕਟ ਦੇ ਸਮੇਂ ਵੀ 6.4 ਫ਼ੀਸਦੀ ਤੋਂ ਹੇਠਾਂ ਨਹੀਂ ਆਈ ਸੀ। ਚੀਨ ਦੇ ਕੌਮੀ ਅੰਕੜਾ ਬਿਊਰੋ (ਐੱਨ. ਬੀ. ਐੱਸ.) ਵਲੋਂ ਜਾਰੀ ਅੰਕੜਿਆਂ ਮੁਤਾਬਕ ਪਹਿਲੀ ਛਿਮਾਹੀ ’ਚ ਚੀਨ ਦੀ ਜੀ. ਡੀ. ਪੀ. ਸਾਲਾਨਾ ਆਧਾਰ ’ਤੇ 6.3 ਫ਼ੀਸਦੀ ਵਧ ਕੇ 45,090 ਅਰਬ ਯੁਆਨ (ਲਗਭਗ 6,560 ਅਰਬ ਡਾਲਰ) ਦਾ ਹੋ ਗਈ। ਹਾਲਾਂਕਿ ਦੂਜੀ ਤਿਮਾਹੀ ’ਚ ਦੇਸ਼ ਦੀ ਜੀ. ਡੀ. ਪੀ. ਵਾਧੇ ਦੀ ਰਫਤਾਰ 6.2 ਫ਼ੀਸਦੀ ਰਹੀ। ਜੀ. ਡੀ. ਪੀ. ਦੇ ਇਹ ਅੰਕੜੇ ਪੂਰੇ ਸਾਲ ਲਈ ਸਰਕਾਰ ਦੇ 6.0-6.5 ਫ਼ੀਸਦੀ ਦੇ ਟੀਚੇ ਦੇ ਬਰਾਬਰ ਹਨ। ਐੱਨ. ਬੀ. ਐੱਸ. ਦੇ ਬੁਲਾਰੇ ਮਾਓ ਸ਼ੇਂਗਯੋਂਗ ਨੇ ਕਿਹਾ, ‘‘ਘਰੇਲੂ ਅਤੇ ਵਿਦੇਸ਼ੀ ਮੋਰਚੇ ’ਤੇ ਅਰਥਵਿਵਸਥਾ ਦੀ ਹਾਲਤ ਅਜੇ ਵੀ ਗੰਭੀਰ ਬਣੀ ਹੋਈ ਹੈ। ਕੌਮਾਂਤਰੀ ਅਰਥਵਿਵਸਥਾ ’ਚ ਨਰਮੀ ਆ ਰਹੀ ਹੈ ਅਤੇ ਬਾਹਰੀ ਸਥਿਰਤਾ ਅਤੇ ਅਨਿਸ਼ਚਿਤਤਾਵਾਂ ਵਧ ਰਹੀਆਂ ਹਨ।’’


author

Inder Prajapati

Content Editor

Related News