ਪੱਛਮੀ ਏਸ਼ੀਆ ਸੰਕਟ ਦਾ ਅਸਰ: ਭਾਰਤੀ ਯਾਤਰੀਆਂ ਦਾ ਬਦਲਿਆ ਰੁਖ
Sunday, Mar 22, 2026 - 04:37 AM (IST)
ਨਵੀਂ ਦਿੱਲੀ - ਪੱਛਮੀ ਏਸ਼ੀਆ ’ਚ ਜਾਰੀ ਸੰਘਰਸ਼ ਦੌਰਾਨ ਭਾਰਤੀ ਯਾਤਰੀ (ਟੂਰਿਸਟ) ਹੁਣ ਆਪਣੇ ਯਾਤਰਾ ਟਿਕਾਣੇ ਬਦਲ ਰਹੇ ਹਨ। ਪਹਿਲਾਂ ਜਿੱਥੇ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਵਰਗੇ ਦੇਸ਼ਾਂ ਦੀ ਮੰਗ ਜ਼ਿਆਦਾ ਸੀ, ਉੱਥੇ ਹੀ ਹੁਣ ਲੋਕ ਜੋਖਮ ਤੋਂ ਬਚਦੇ ਹੋਏ ਸੁਰੱਖਿਅਤ ਅਤੇ ਸਥਿਰ ਦੇਸ਼ਾਂ ਵੱਲ ਰੁਖ ਕਰ ਰਹੇ ਹਨ।
ਹੁਣ ਥਾਈਲੈਂਡ, ਵਿਅਤਨਾਮ, ਸਿੰਗਾਪੁਰ, ਮਾਰੀਸ਼ਸ, ਬਾਲੀ, ਇੰਡੋਨੇਸ਼ੀਆ, ਸ਼੍ਰੀਲੰਕਾ, ਫਿਲੀਪੀਨਜ਼ ਅਤੇ ਦੂਰ ਦੇ ਦੇਸ਼ ਜਿਵੇਂ ਜਾਪਾਨ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਹੁਣ ਜ਼ਿਆਦਾ ਲੋਕਪ੍ਰਿਯ ਹੋ ਰਹੇ ਹਨ। ਇਨ੍ਹਾਂ ਦੇਸ਼ਾਂ ’ਚ ਆਸਾਨ ਵੀਜ਼ਾ ਪ੍ਰਕਿਰਿਆ ਅਤੇ ਮੁਕਾਬਲਤਨ ਘੱਟ ਖਰਚ ਇਨ੍ਹਾਂ ਨੂੰ ਹੋਰ ਆਕਰਸ਼ਕ ਬਣਾ ਰਹੇ ਹਨ।
ਟ੍ਰੈਵਲ ਕੰਪਨੀਆਂ ਨੇ ਦੱਸੀ ਬਦਲਦੀ ਪ੍ਰਵਿਰਤੀ
ਮੇਕਮਾਈਟ੍ਰਿਪ ਦੇ ਸਹਿ-ਸੰਸਥਾਪਕ ਰਾਜੇਸ਼ ਮਾਗੋ ਅਨੁਸਾਰ ਲੋਕ ਯਾਤਰਾ ਰੱਦ ਕਰਨ ਦੀ ਬਜਾਏ ਬਦਲ ਬਦਲਣਾ ਪਸੰਦ ਕਰ ਰਹੇ ਹਨ। ਉੱਥੇ ਹੀ ਥਾਮਸ ਕੁਕ ਇੰਡੀਆ ਦੇ ਰਾਜੀਵ ਕਾਲੇ ਦਾ ਕਹਿਣਾ ਹੈ ਕਿ ਗਲੋਬਲ ਬੇਯਕੀਨੀ ਦੌਰਾਨ ਯਾਤਰੀ ਹੁਣ ਸੁਰੱਖਿਅਤ ਅਤੇ ਵੱਖ-ਵੱਖ ਬਦਲ ਲੱਭ ਰਹੇ ਹਨ।
ਬੁਕਿੰਗ ’ਚ ਗਿਰਾਵਟ ਅਤੇ ਨਵਾਂ ਟ੍ਰੈਂਡ
ਮਾਹਿਰਾਂ ਮੁਤਾਬਕ ਪੱਛਮੀ ਏਸ਼ੀਆ ਨਾਲ ਜੁੜੇ ਰੂਟਾਂ ’ਤੇ ਬੁਕਿੰਗ ’ਚ 30 ਤੋਂ 60 ਫੀਸਦੀ ਤੱਕ ਗਿਰਾਵਟ ਆਈ ਹੈ। ਉੱਥੇ ਹੀ ਦੱਖਣ-ਪੂਰਬੀ ਏਸ਼ੀਆ ਅਤੇ ਹੋਰ ਸੁਰੱਖਿਅਤ ਖੇਤਰਾਂ ’ਚ ਤੇਜ਼ੀ ਦੇਖੀ ਜਾ ਰਹੀ ਹੈ। ਆਸਾਨ ਵੀਜ਼ਾ, ਕਿਫਾਇਤੀ ਖਰਚ ਅਤੇ ਸੁਰੱਖਿਆ ਵਰਗੇ ਕਾਰਨ ਇਸ ਬਦਲਾਅ ਦੇ ਪ੍ਰਮੁੱਖ ਕਾਰਕ ਬਣ ਕੇ ਉੱਭਰੇ ਹਨ।
