ਤੁਸੀਂ ਵੀ ਕਰਦੇ ਹੋ ਹਵਾਈ ਸਫਰ, ਤਾਂ ਜ਼ਰੂਰ ਪੜ੍ਹੋ ਇਹ ਖਬਰ!
Saturday, Jun 10, 2017 - 03:04 PM (IST)

ਨਵੀਂ ਦਿੱਲੀ— ਇਸ ਸਾਲ ਅਕਤੂਬਰ ਤੋਂ ਹਵਾਈ ਯਾਤਰੀਆਂ ਨੂੰ ਟਿਕਟ ਬੁੱਕ ਕਰਾਉਂਦੇ ਸਮੇਂ ਆਧਾਰ, ਪੈਨ ਜਾਂ ਪਾਸਪੋਰਟ ਦਾ ਨੰਬਰ ਦੱਸਣਾ ਜ਼ਰੂਰੀ ਹੋਵੇਗਾ। ਅਜਿਹਾ ਇਸ ਲਈ ਕੀਤਾ ਜਾ ਰਿਹਾ ਹੈ ਤਾਂ ਕਿ ਹਵਾਈ ਅੱਡੇ 'ਤੇ ਯਾਤਰਾ ਨੂੰ ਕਾਗਜ਼ ਰਹਿਤ ਅਤੇ ਸੌਖਾਲਾ ਬਣਾਇਆ ਜਾ ਸਕੇ। ਇਸ ਤਹਿਤ ਏਅਰਲਾਈਨ ਨਾਲ ਇਕ ਵਾਰ ਆਧਾਰ ਲਿੰਕ ਕਰਨਾ ਹੋਵੇਗਾ, ਜਿਸ ਦੇ ਬਾਅਦ ਬਾਇਓਮੈਟ੍ਰਿਕ ਜ਼ਰੀਏ ਪਛਾਣ ਹੋਵੇਗੀ। ਮੌਜੂਦਾ ਸਮੇਂ ਘਰੇਲੂ ਅਤੇ ਕੌਮਾਂਤਰੀ ਹਵਾਈ ਸਫਰ ਕਰਨ ਵਾਲੇ ਲੋਕਾਂ ਨੂੰ ਹਵਾਈ ਅੱਡੇ 'ਚ ਦਾਖਲੇ ਲਈ ਪਛਾਣ ਪੱਤਰ ਅਤੇ ਹਵਾਈ ਟਿਕਟ ਦਿਖਾਉਣੀ ਹੁੰਦੀ ਹੈ ਪਰ ਅਕਤੂਬਰ ਤੋਂ ਆਧਾਰ ਕਾਰਡ, ਪੈਨ ਕਾਰਡ ਜਾਂ ਪਾਸਪੋਰਟ ਸਾਰੇ ਯਾਤਰੀਆਂ ਨੂੰ ਜ਼ਰੂਰੀ ਤੌਰ 'ਤੇ ਦਿਖਾਉਣਾ ਹੋਵੇਗਾ।
ਨਾ ਆਈ. ਡੀ. ਕਾਰਡ, ਨਾ ਯਾਤਰਾ ਪਾਸ ਹੁਣ ਸਿਰਫ ਚੱਲੇਗਾ ਅੰਗੂਠਾ!
ਆਧਾਰ ਕਾਰਡ ਲਿੰਕ ਕਰਨ ਨਾਲ ਯਾਤਰੀ ਦੀ ਪਛਾਣ ਅਤੇ ਉਡਾਣ ਦੀ ਜਾਣਕਾਰੀ ਡਿਜੀਟਲ ਹੋ ਜਾਵੇਗੀ। ਹਵਾਈ ਅੱਡੇ 'ਤੇ ਆਧਾਰ ਕਾਰਡ ਵਾਲੇ ਯਾਤਰੀਆਂ ਲਈ ਕੋਈ ਚੈੱਕ ਇਨ ਕਾਊਂਟਰ ਨਹੀਂ ਹੋਵੇਗਾ, ਸਿਰਫ ਸਮਾਨ ਜਮ੍ਹਾ ਕਰਵਾਉਣਾ ਹੋਵੇਗਾ। ਆਧਾਰ ਕਾਰਡ ਲਿੰਕ ਕਰਵਾਉਣ ਵਾਲੇ ਯਾਤਰੀ ਦੀ ਪਛਾਣ ਬਾਇਓਮੈਟ੍ਰਿਕ ਤਰੀਕੇ ਨਾਲ ਹੋਵੇਗੀ ਯਾਨੀ ਸਿਰਫ ਅੰਗੂਠਾ ਹੀ ਚੱਲੇਗਾ। ਇੰਨਾ ਹੀ ਨਹੀਂ ਜੇਕਰ ਯਾਤਰੀ ਡਿਜੀਟਲ ਸਿਸਟਮ ਦੀ ਵਰਤੋਂ ਕਰਦੇ ਹਨ, ਤਾਂ ਉਨ੍ਹਾਂ ਨੂੰ ਹਵਾਈ ਅੱਡੇ ਦੀ ਸੁਰੱਖਿਆ ਜਾਂਚ ਆਦਿ 'ਚੋਂ ਨਿਕਲਣ 'ਚ ਸਿਰਫ 10-15 ਮਿੰਟ ਦਾ ਸਮਾਂ ਲੱਗੇਗਾ, ਜਿਸ 'ਚ ਫਿਲਹਾਲ ਅੱਧੇ ਘੰਟੇ ਤਕ ਦਾ ਸਮਾਂ ਲੱਗ ਜਾਂਦਾ ਹੈ। ਇਸ ਤੋਂ ਇਲਾਵਾ ਬਾਇਮੈਟ੍ਰਿਕ ਸਿਸਟਮ ਨਾਲ ਉਨ੍ਹਾਂ ਲੋਕਾਂ ਨੂੰ ਵੀ ਟਰੈਕ ਕਰਨ 'ਚ ਮਦਦ ਮਿਲੇਗੀ, ਜਿਨ੍ਹਾਂ ਦੀ ਉਡਾਣ 'ਤੇ ਰੋਕ ਲਾਈ ਜਾਵੇਗੀ। ਨਵੇਂ ਨਿਯਮਾਂ ਮੁਤਾਬਕ ਉਨ੍ਹਾਂ ਯਾਤਰੀਆਂ ਦੀ ਉਡਾਣ 'ਤੇ ਰੋਕ ਲੱਗੇਗੀ, ਜਿਨ੍ਹਾਂ ਦਾ ਵਿਵਹਾਰ ਯਾਤਰਾ ਦੌਰਾਨ ਠੀਕ ਨਹੀਂ ਹੋਵੇਗਾ। ਇਸ ਲਈ ਸਰਕਾਰ ਨੇ ਨਿਯਮ ਬਣਾਏ ਹੋਏ ਹਨ। ਫਿਲਹਾਲ ਲੋਕ ਬੋਰਡਿੰਗ ਪਾਸ ਲੈ ਕੇ ਵੀ ਯਾਤਰਾ ਕਰ ਸਕਣਗੇ।