ਵੱਡੀ ਰਾਹਤ! ਤਿਉਹਾਰਾਂ ਤੋਂ ਪਹਿਲਾਂ ਦਾਲਾਂ ਨੂੰ ਲੈ ਕੇ ਸਰਕਾਰ ਨੇ ਕੀਤਾ ਇਹ ਫ਼ੈਸਲਾ

Saturday, Oct 10, 2020 - 10:21 PM (IST)

ਵੱਡੀ ਰਾਹਤ! ਤਿਉਹਾਰਾਂ ਤੋਂ ਪਹਿਲਾਂ ਦਾਲਾਂ ਨੂੰ ਲੈ ਕੇ ਸਰਕਾਰ ਨੇ ਕੀਤਾ ਇਹ ਫ਼ੈਸਲਾ

ਨਵੀਂ ਦਿੱਲੀ— ਜਲਦ ਹੀ ਦਾਲਾਂ ਦੀ ਪ੍ਰਚੂਨ ਕੀਮਤ ਘੱਟ ਸਕਦੀ ਹੈ। ਕੇਂਦਰ ਨੇ ਆਪਣੇ ਬਫਰ ਸਟਾਕ 'ਚੋਂ ਹੋਰ ਸਬਸਿਡੀ ਦਰਾਂ 'ਤੇ ਸੂਬਿਆਂ ਨੂੰ ਮਾਂਹ ਅਤੇ ਅਰਹਰ ਦੀ ਵਿਕਰੀ ਕਰਨ ਦਾ ਫ਼ੈਸਲਾ ਕੀਤਾ ਹੈ। ਇਸ 'ਚ ਵੱਡੀ ਰਾਹਤ ਇਹ ਹੈ ਕਿ ਸੂਬਿਆਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਪਹਿਲਾਂ ਨਾਲੋਂ ਹੋਰ ਵੀ ਸਸਤੀ ਦਰ 'ਤੇ ਦਾਲ ਮਿਲਣ ਜਾ ਰਹੀ ਹੈ, ਇਸ ਨਾਲ ਪ੍ਰਚੂਨ ਕੀਮਤਾਂ 'ਚ ਕਮੀ ਹੋਵੇਗੀ।


ਇਸ ਤੋਂ ਪਹਿਲਾਂ ਖ਼ਪਤਕਾਰ ਮਾਮਲਿਆਂ ਦੇ ਮੰਤਰਾਲਾ ਨੇ ਬਫਰ ਸਟਾਕ 'ਚੋਂ ਸੂਬਿਆਂ ਨੂੰ ਦਾਲਾਂ ਘੱਟੋ-ਘੱਟ ਸਮਰਥਨ ਮੁੱਲ 'ਤੇ ਸਪਲਾਈ ਕਰਨ ਦੀ ਪੇਸ਼ਕਸ਼ ਕੀਤੀ ਸੀ ਪਰ ਇਨ੍ਹਾਂ 'ਤੇ 10 ਫੀਸਦੀ ਹੋਰ ਖਰਚ ਵੀ ਪਾਏ ਜਾ ਰਹੇ ਸਨ, ਜੋ ਕਿ ਹੁਣ ਨਹੀਂ ਪੈਣਗੇ। ਹੁਣ ਇਹ ਸਕੀਮ ਘੱਟੋ-ਘੱਟ ਸਮਰਥਨ ਮੁੱਲ (ਐੱਮ. ਐੱਸ. ਪੀ.) ਜਾਂ ਡਾਇਨਾਮਿਕ ਰਿਜ਼ਰਵ ਪ੍ਰਾਈਸ (ਡੀ. ਆਰ. ਪੀ.) 'ਚੋਂ ਜੋ ਵੀ ਘੱਟ ਹੈ, 'ਚ ਬਦਲ ਦਿੱਤੀ ਗਈ ਹੈ।

ਮੰਤਰਾਲਾ ਮੁਤਾਬਕ, ਸੂਬਿਆਂ ਨੂੰ ਧੋਵੇਂ ਮਾਂਹ ਦੀ ਕੇ-18 ਕਿਸਮ 79 ਰੁਪਏ ਪ੍ਰਤੀ ਕਿਲੋ ਅਤੇ ਕੇ-19 ਕਿਸਮ 81 ਰੁਪਏ 'ਤੇ ਪੇਸ਼ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਪ੍ਰਚੂਨ ਕੀਮਤਾਂ ਘਟਾਉਣ ਦੇ ਮਕਸਦ ਨਾਲ ਅਰਹਰ ਨੂੰ 85 ਰੁਪਏ ਪ੍ਰਤੀ ਕਿਲੋ 'ਤੇ ਪੇਸ਼ ਕੀਤਾ ਜਾ ਰਿਹਾ ਹੈ। ਬਿਆਨ ਅਨੁਸਾਰ ਕੇਂਦਰ ਸਰਕਾਰ ਨੇ ਇਹ ਪੇਸ਼ਕਸ਼ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਕੀਤੀ ਹੈ, ਜੋ ਜ਼ਰੂਰਤ ਦੇ ਆਧਾਰ 'ਤੇ ਥੋਕ 'ਚ ਜਾਂ 500 ਗ੍ਰਾਮ ਤੇ 1 ਕਿਲੋ ਦੇ ਪ੍ਰਚੂਨ ਪੈਕਾਂ 'ਚ ਸਟਾਕ ਚੁੱਕ ਸਕਦੇ ਹਨ।

ਗੌਰਤਲਬ ਹੈ ਕਿ ਪ੍ਰਚੂਨ ਬਾਜ਼ਾਰ 'ਚ ਮਹਿੰਗਾਈ ਵਧਣ 'ਤੇ ਕੀਮਤਾਂ ਨੂੰ ਘੱਟ ਕਰਨ ਦੇ ਮਕਸਦ ਨਾਲ ਕੇਂਦਰ 2015-16 ਤੋਂ ਦਾਲਾਂ ਅਤੇ ਪਿਆਜ਼ ਦਾ ਮੁੱਲ ਸਥਿਰਤਾ ਫੰਡ (ਪੀ. ਐੱਸ. ਐੱਫ.) ਤਹਿਤ ਬਫਰ ਸਟਾਕ ਬਣਾ ਰਿਹਾ ਹੈ। ਮੌਜੂਦਾ ਸਾਲ ਲਈ ਸਰਕਾਰ ਦਾ ਟੀਚਾ 20 ਲੱਖ ਟਨ ਦਾਲਾਂ ਦਾ ਬਫਰ ਸਟਾਕ ਬਣਾਉਣਾ ਹੈ, ਤਾਂ ਜੋ ਬਾਜ਼ਾਰ 'ਚ ਮੁੱਲ ਅਸਥਿਰ ਹੋਣ 'ਤੇ ਇਸ ਦਾ ਇਸਤੇਮਾਲ ਕੀਤਾ ਜਾ ਸਕੇ।


author

Sanjeev

Content Editor

Related News