ਕਿਸਾਨਾਂ ਤੇ ਟਰੇਡਰਾਂ ਦੇ ਹਿੱਤਾਂ ਲਈ ਹੁਣ ਸਰਕਾਰ ਖਰੀਦੇਗੀ ਕਸ਼ਮੀਰੀ ਸੇਬ

09/10/2019 3:21:17 PM

ਨਵੀਂ ਦਿੱਲੀ— ਜੰਮੂ-ਕਸ਼ਮੀਰ ਸੇਬ ਉਤਪਾਦਕਾਂ ਤੇ ਟਰੇਡਰਾਂ ਲਈ ਵੱਡੀ ਰਾਹਤ ਦੀ ਖਬਰ ਹੈ। ਹੁਣ ਕੇਂਦਰ ਸਰਕਾਰ ਵੀ ਸੂਬੇ ਦੇ ਕਿਸਾਨਾਂ ਤੋਂ ਉਨ੍ਹਾਂ ਦੀ ਉਪਜ ਖਰੀਦਣ ਜਾ ਰਹੀ ਹੈ। ਰਿਪੋਰਟਾਂ ਮੁਤਾਬਕ ਸ਼ੋਪੀਆ, ਬਾਰਾਮੂਲਾ, ਸ਼੍ਰੀਨਗਰ ਤੇ ਅਨੰਤਨਾਗ ਦੇ ਸੇਬ ਉਤਪਾਦਕਾਂ ਨੇ ਇਹ ਚਿੰਤਾ ਜ਼ਾਹਰ ਕੀਤੀ ਸੀ ਕਿ ਜੇਕਰ ਸਮੇਂ ਸਿਰ ਕਟਾਈ ਨਾ ਕੀਤੀ ਗਈ ਤੇ ਹੋਰ ਬਾਜ਼ਾਰਾਂ 'ਚ ਸਪਲਾਈ ਨਾ ਹੋਈ ਤਾਂ ਉਨ੍ਹਾਂ ਨੂੰ ਨੁਕਸਾਨ ਹੋਵੇਗਾ।

 

 

ਸਰਕਾਰ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਕੇਂਦਰ ਜੰਮੂ-ਕਸ਼ਮੀਰ ਉਤਪਾਦਕਾਂ ਤੋਂ ਸਿੱਧੇ ਸੇਬ ਖਰੀਦੇਗਾ ਤੇ ਨਿਰਵਿਘਨ ਖਰੀਦ ਦੀ ਨਿਗਰਾਨੀ ਕੇਂਦਰੀ ਗ੍ਰਹਿ ਮੰਤਰਾਲਾ ਤੇ ਖੇਤੀਬਾੜੀ ਮੰਤਰਾਲਾ ਵੱਲੋਂ ਕੀਤੀ ਜਾਵੇਗੀ। ਰਿਪੋਰਟਾਂ ਮੁਤਾਬਕ, ਕਸ਼ਮੀਰ 'ਚ ਸੇਬਾਂ ਦੀ ਕਟਾਈ ਆਮ ਤੌਰ 'ਤੇ ਅਕਤੂਬਰ ਤੱਕ ਪੂਰੀ ਹੋ ਜਾਂਦੀ ਹੈ ਅਤੇ ਇਨ੍ਹਾਂ ਦੀ ਖਰੀਦ 15 ਦਸੰਬਰ ਤਕ ਪੂਰੀ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

ਨੋਟੀਫਿਕੇਸ਼ਨ ਮੁਤਾਬਕ ਕਿਸਾਨਾਂ ਨੂੰ ਪੇਮੈਂਟ ਉਨ੍ਹਾਂ ਦੇ ਬੈਂਕ ਖਾਤੇ 'ਚ ਸਿੱਧੀ ਕੀਤੀ ਜਾਵੇਗੀ। ਸਰਕਾਰ ਜੰਮੂ-ਕਸ਼ਮੀਰ ਦੇ ਸਾਰੇ ਜ਼ਿਲ੍ਹਿਆਂ 'ਚ ਹਰ ਕਿਸਮਾਂ ਦੇ ਸੇਬ ਕਿਸਾਨਾਂ ਕੋਲੋਂ ਖਰੀਦੇਗੀ। ਇਸ ਤੋਂ ਇਲਾਵਾ ਸੋਪੋਰ, ਸ਼ੋਪੀਆ ਤੇ ਸ਼੍ਰ੍ਰੀਨਗਰ ਦੇ ਥੋਕ ਬਾਜ਼ਾਰਾਂ 'ਚੋਂ ਵੀ ਇਨ੍ਹਾਂ ਦੀ ਖਰੀਦ ਕੀਤੀ ਜਾਵੇਗੀ। ਇਨ੍ਹਾਂ ਦੀ ਕੀਮਤ ਪ੍ਰਾਈਸ ਕਮੇਟੀ ਵੱਲੋਂ ਨਿਰਧਾਰਤ ਕੀਤੀ ਜਾਵੇਗੀ, ਜਿਸ 'ਚ ਰਾਸ਼ਟਰੀ ਬਾਗਬਾਨੀ ਦੇ ਮੈਂਬਰ ਵੀ ਹੋਣਗੇ। ਸਰਕਾਰ ਵੱਲੋਂ ਪ੍ਰਮੁੱਖ ਉਤਪਾਦਨ ਖੇਤਰਾਂ 'ਚ ਖਰੀਦ ਲਈ ਪੂਰੀ ਵਿਵਸਥਾ ਕੀਤੀ ਜਾ ਰਹੀ ਹੈ, ਤਾਂ ਕਿ ਕਿਸਾਨਾਂ ਤੇ ਟਰੇਡਰਾਂ ਦੀ ਹਿੱਤਾਂ ਦੀ ਰਾਖੀ ਕੀਤੀ ਜਾ ਸਕੇ ਅਤੇ ਉਨ੍ਹਾਂ ਨੂੰ ਉਪਜ ਦਾ ਸਹੀ ਅਤੇ ਵਾਜਬ ਮੁੱਲ ਮਿਲ ਸਕੇ।


Related News