MP ਸੰਧੂ ਦੇ ਸਵਾਲ ’ਤੇ ਕੇਂਦਰ ਦਾ ਖੁਲਾਸਾ; ਪੰਜਾਬ ’ਚ ਖਾਦ ਦੀ ਪ੍ਰਤੀ ਹੈੱਕਟੇਅਰ ਖਪਤ 254.39 KG ਤੋਂ ਵੱਧ ਕਿਉਂ?
Sunday, Jul 28, 2024 - 04:25 PM (IST)

ਜਲੰਧਰ (ਇੰਟ.)–ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਪੰਜਾਬ ਵਿਚ ਸਭ ਤੋਂ ਵੱਧ ਮੰਗ ਵਾਲੀਆਂ ਚੌਲਾਂ ਤੇ ਕਣਕ ਦੀਆਂ ਫਸਲਾਂ ਦੀ ਤੇਜ਼ੀ ਨਾਲ ਪੈਦਾਵਾਰ ਕੀਤੀ ਜਾਂਦੀ ਹੈ, ਜਿਸ ਕਾਰਨ ਸਾਲ 2022-23 ਦੌਰਾਨ ਦੇਸ਼ ਦੇ ਹੋਰਨਾਂ ਸੂਬਿਆਂ ਦੇ ਮੁਕਾਬਲੇ ਪੰਜਾਬ ਦੇ 15 ਜ਼ਿਲਿਆਂ ਵਿਚ ਖਾਦ ਦੀ ਪ੍ਰਤੀ ਹੈੱਕਟੇਅਰ ਖਪਤ ਔਸਤ 254.39 ਕਿਲੋਗ੍ਰਾਮ ਤੋਂ ਵੱਧ ਰਹੀ ਹੈ। ਹਾਲਾਂਕਿ ਹੋਰਨਾਂ ਸੂਬਿਆਂ ਵਿਚ ਇਹ ਖਪਤ ਔਸਤ 90 ਕਿਲੋਗ੍ਰਾਮ ਹੈ।
ਅਸਲ ’ਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਸਦਨ ’ਚ ਰਾਜ ਸਭਾ ਦੇ ਐੱਮ. ਪੀ. ਸਤਨਾਮ ਸਿੰਘ ਸੰਧੂ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਦੇ ਰਹੇ ਸਨ।
ਖਾਦ ਦੀ ਨਿਰਭਰਤਾ ਨੂੰ ਘੱਟ ਕਰਨ ਦੀਆਂ ਕਈ ਯੋਜਨਾਵਾਂ
ਉਨ੍ਹਾਂ ਕਿਹਾ ਕਿ ਸੂਬੇ ਵਿਚ ਖਾਦ ਦੀ ਨਿਰਭਰਤਾ ਨੂੰ ਘੱਟ ਕਰਨ ਲਈ ਕੇਂਦਰ ਸਰਕਾਰ ਕਈ ਤਰ੍ਹਾਂ ਦੀਆਂ ਯੋਜਨਾਵਾਂ ਚਲਾ ਰਹੀ ਹੈ। ਇਸ ਤੋਂ ਇਲਾਵਾ ਪੰਜਾਬ ਵਿਚ ਫਸਲੀ ਵਿਭਿੰਨਤਾ ਯਕੀਨੀ ਬਣਾਉਣ ਲਈ ਸਰਕਾਰ ਵੱਲੋਂ ਵੱਖ-ਵੱਖ ਕਦਮ ਚੁੱਕੇ ਜਾ ਰਹੇ ਹਨ ਅਤੇ ਪਾਣੀ ਦੀ ਖਪਤ ਘੱਟ ਕਰਨ ਲਈ ਕਿਸਾਨਾਂ ਨੂੰ ਮੋਟਾ ਅਨਾਜ ਉਗਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਸੋਇਲ ਹੈਲਥ ਕਾਰਡ (ਐੱਸ. ਐੱਚ. ਸੀ.) ਆਧਾਰਤ ਸਿਫਾਰਸ਼ ’ਤੇ ਖਾਦ ਦੀ ਸੰਤੁਲਿਤ ਤੇ ਸੰਜਮ ਭਰੀ ਵਰਤੋਂ ਦੀ ਧਾਰਨਾ ਦੀ ਵਕਾਲਤ ਕਰ ਰਹੀ ਹੈ। ਸਰਕਾਰ ਦੇਸ਼ ਵਿਚ ਰਵਾਇਤੀ ਖੇਤੀਬਾੜੀ ਵਿਕਾਸ ਯੋਜਨਾ (ਪੀ. ਕੇ. ਵੀ. ਆਈ.) ਰਾਹੀਂ ਜੈਵਿਕ ਖਾਦ ਦੀ ਵਰਤੋਂ ਨੂੰ ਵੀ ਉਤਸ਼ਾਹਿਤ ਕਰਦੀ ਹੈ।
ਸਰਕਾਰ ਹਰੇਕ ਹਾੜ੍ਹੀ ਤੇ ਸਾਉਣੀ ਤੋਂ ਪਹਿਲਾਂ ਯੂਰੀਆ, ਡੀ. ਏ. ਪੀ., ਐੱਮ. ਓ. ਪੀ., ਕੰਪਲੈਕਸ ਤੇ ਐੱਸ. ਐੱਸ. ਪੀ. ਵਰਗੀਆਂ ਪ੍ਰਮੁੱਖ ਖਾਦਾਂ ਦੀ ਲੋੜ ਦਾ ਨਿਰਪੱਖ ਮੁਲਾਂਕਣ ਕਰਦੀ ਹੈ। ਇਸ ਵਿਚ ਅੰਦਾਜ਼ਨ ਕੁਲ ਫਸਲ ਰਕਬੇ, ਸਿੰਚਾਈ ਵਾਲੇ ਖੇਤਰ, ਪਿਛਲੇ 3 ਮੌਸਮਾਂ ਦੇ ਖਪਤ ਪੈਟਰਨ ਅਤੇ ਮਿੱਟੀ ਦੀ ਉਪਜਾਊ ਸ਼ਕਤੀ ਦੀ ਸਥਿਤੀ ਅਨੁਸਾਰ ਫਸਲਵਾਰ ਖਾਦਾਂ ਦੀ ਦੱਸੀ ਗਈ ਖੁਰਾਕ ਨੂੰ ਧਿਆਨ ਵਿਚ ਰੱਖਿਆ ਜਾਂਦਾ ਹੈ।
ਕੀ ਹੈ ਗੋਬਰਧਨ ਯੋਜਨਾ?
ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ 2018 ’ਚ ਸ਼ੁਰੂ ਕੀਤੀ ਗਈ ਗੈਲਵਨਾਈਜ਼ਿੰਗ ਆਰਗੈਨਿਕ ਬਾਇਓ-ਐਗਰੋ ਰਿਸੋਰਸਿਜ਼ ਧਨ (ਗੋਬਰਧਨ) ਨਾਂ ਦੀ ਯੋਜਨਾ ਲਾਗੂ ਕਰ ਰਹੀ ਹੈ, ਜਿਸ ਦਾ ਮਨੋਰਥ ਪਸ਼ੂਆਂ ਦੇ ਗੋਹੇ, ਫਸਲਾਂ ਦੀ ਰਹਿੰਦ-ਖੂੰਹਦ ਆਦਿ ਸਮੇਤ ਜੈਵਿਕ ਤੇ ਬਾਇਓਡੀਗ੍ਰੇਡੇਬਲ ਕਚਰੇ ਨੂੰ ਬਾਇਓ ਗੈਸ ਤੇ ਫਰਮੈਂਟਿਡ ਆਰਗੈਨਿਕ ਫਰਟੀਲਾਈਜ਼ਰ (ਐੱਫ. ਓ. ਐੱਮ.) ਵਿਚ ਤਬਦੀਲ ਕਰਨਾ ਹੈ।
ਪੂਰੀ ਪ੍ਰੋਗਰਾਮ ਮਿਆਦ ਲਈ ਪ੍ਰਤੀ ਜ਼ਿਲਾ 50 ਲੱਖ ਰੁਪਏ ਤਕ ਦੀ ਵਿੱਤੀ ਸਹਾਇਤਾ ਮਿਲਦੀ ਹੈ। ਇਸ ਤੋਂ ਇਲਾਵਾ ਭਾਰਤ ਸਰਕਾਰ ਐੱਫ. ਓ. ਐੱਮ. ਦੇ ਪ੍ਰਚਾਰ ਤੇ ਵਿਕਰੀ ਲਈ 1500 ਰੁਪਏ ਪ੍ਰਤੀ ਮੀਟ੍ਰਿਕ ਟਨ ਦੀ ਦਰ ਨਾਲ ਬਾਜ਼ਾਰ ਵਿਕਾਸ ਸਹਾਇਤਾ ਪ੍ਰਦਾਨ ਕਰ ਰਹੀ ਹੈ।
ਸੂਬੇ ’ਚ 7,000 ਹੈੱਕਟੇਅਰ ’ਤੇ ਜੈਵਿਕ ਖੇਤੀ
ਪੰਜਾਬ ਸਰਕਾਰ ਮੁਤਾਬਕ ਕੁਲ 78.71 ਲੱਖ ਹੈੱਕਟੇਅਰ ਫਸਲੀ ਰਕਬੇ ’ਚੋਂ ਲੱਗਭਗ 7,000 ਹੈੱਕਟੇਅਰ ਹੁਣ ਪ੍ਰਮਾਣਿਤ ਜੈਵਿਕ ਖੇਤੀ ਦੇ ਅਧੀਨ ਹੈ। ਜੈਵਿਕ ਖਾਦਾਂ ਦੀ ਪੈਦਾਵਾਰ 2021-22 ਦੌਰਾਨ 473.444 ਮੀਟ੍ਰਿਕ ਟਨ ਤੋਂ ਵਧ ਕੇ 2022-23 ਦੌਰਾਨ 7407.066 ਮੀਟ੍ਰਿਕ ਟਨ ਹੋ ਗਈ ਹੈ, ਜੋ ਪੰਜਾਬ ਵਿਚ ਜੈਵਿਕ ਖਾਦ ਦੀ ਪੈਦਾਵਾਰ ਤੇ ਵਰਤੋਂ ’ਚ ਵਾਧੇ ਵੱਲ ਇਸ਼ਾਰਾ ਕਰਦਾ ਹੈ।
ਫਸਲੀ ਵਿਭਿੰਨਤਾ ’ਤੇ ਕੇਂਦਰ ਦੀ ਯੋਜਨਾ
ਐੱਮ. ਪੀ. ਸਤਨਾਮ ਸਿੰਘ ਸੰਧੂ ਵੱਲੋਂ ਫਸਲੀ ਵਿਭਿੰਨਤਾ ’ਤੇ ਪੁੱਛੇ ਗਏ ਸਵਾਲ ਦਾ ਜਵਾਬ ਦਿੰਦੇ ਹੋਏ ਖੇਤੀਬਾੜੀ ਮੰਤਰੀ ਨੇ ਕਿਹਾ ਕਿ ਭਾਰਤ ਸਰਕਾਰ ਪੰਜਾਬ ਸਮੇਤ ਮੂਲ ਹਰੀ ਕ੍ਰਾਂਤੀ ਵਾਲੇ ਸੂਬਿਆਂ ਵਿਚ ਕੌਮੀ ਖੇਤੀਬਾੜੀ ਵਿਕਾਸ ਯੋਜਨਾ ਖੇਤੀਬਾੜੀ ਤੇ ਸਬੰਧਤ ਖੇਤਰਾਂ ਦੇ ਕਾਇਆਕਲਪ ਲਈ ਲਾਹੇਵੰਦ ਨਜ਼ਰੀਏ (ਆਰ. ਕੇ. ਵੀ. ਵਾਈ. ਆਰ. ਏ. ਐੱਫ. ਟੀ. ਏ. ਏ. ਆਰ.) ਅਧੀਨ ਫਸਲੀ ਵਿਭਿੰਨਤਾ ਪ੍ਰੋਗਰਾਮ (ਸੀ. ਡੀ. ਪੀ.) ਲਾਗੂ ਕਰ ਰਹੀ ਹੈ ਤਾਂ ਜੋ ਪਾਣੀ ਦੀ ਵੱਧ ਖਪਤ ਵਾਲੇ ਝੋਨੇ ਦੀ ਫਸਲ ਦੇ ਰਕਬੇ ਨੂੰ ਦਾਲਾਂ, ਤਿਲਹਨ, ਮੋਟੇ ਅਨਾਜਾਂ, ਪੌਸ਼ਟਿਕ ਅਨਾਜ, ਕਪਾਹ ਆਦਿ ਵਰਗੀਆਂ ਬਦਲਵੀਆਂ ਫਸਲਾਂ ਵੱਲ ਮੋੜਿਆ ਜਾ ਸਕੇ।
ਸੂਬਾ ਸਰਕਾਰ ਦੇ ਕਣਕ ਤੇ ਝੋਨੇ ਦੇ ਚੱਕਰ ਨੂੰ ਘੱਟ ਕਰਨ ਦੇ ਯਤਨ
ਸ਼ਿਵਰਾਜ ਸਿੰਘ ਚੌਹਾਨ ਨੇ ਦੱਸਿਆ ਕਿ ਪੰਜਾਬ ਸਰਕਾਰ ਮੁਤਾਬਕ ਸੂਬੇ ਵਿਚ ਫਸਲੀ ਵਿਭਿੰਨਤਾ ਨੂੰ ਉਤਸ਼ਾਹ ਦੇਣ ਅਤੇ ਕਣਕ ਤੇ ਝੋਨੇ ਦੇ ਚੱਕਰ ’ਤੇ ਨਿਰਭਰਤਾ ਘੱਟ ਕਰਨ ਲਈ 2022-23 ਦੌਰਾਨ ਪਹਿਲੀ ਵਾਰ ਮੂੰਗੀ ਦੀ ਖਰੀਦ 7,275 ਰੁਪਏ ਪ੍ਰਤੀ ਕੁਇੰਟਲ ਐੱਮ. ਐੱਸ. ਪੀ. ਦਿੱਤੀ ਗਈ ਹੈ ਅਤੇ 2023-24 ’ਚ ਮੂੰਗੀ ਦੀ ਖਰੀਦ 7,755 ਰੁਪਏ ਪ੍ਰਤੀ ਕੁਇੰਟਲ ਐੱਮ. ਐੱਸ. ਪੀ. ’ਤੇ ਕੀਤੀ ਜਾਵੇਗੀ।
ਚੌਲਾਂ ਦੀ ਸਿੱਧੀ ਬਿਜਾਈ (ਡੀ. ਐੱਸ. ਆਰ.) ਲਈ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਏਕੜ ਦੀ ਰਕਮ ਦੇ ਕੇ ਉਤਸ਼ਾਹਿਤ ਕੀਤਾ ਜਾਵੇਗਾ। ਸੂਬੇ ਵਿਚ ਮੱਕੀ ਨੂੰ 100 ਰੁਪਏ ਪ੍ਰਤੀ ਕਿਲੋਗ੍ਰਾਮ ਬੀਜ ਸਬਸਿਡੀ ਪ੍ਰਦਾਨ ਕਰ ਕੇ ਅਤੇ ਪ੍ਰਦਰਸ਼ਨ ਆਯੋਜਿਤ ਕਰ ਕੇ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
ਸਟ੍ਰਾਬੇਰੀ ਤੇ ਡਰੈਗਨ ਫਰੂਟ ਨੂੰ ਉਤਸ਼ਾਹ
ਆਲੂ ਦੀਆਂ 2 ਨਵੀਆਂ ਕਿਸਮਾਂ, ਪੰਜਾਬ ਆਲੂ 101 ਤੇ ਪੰਜਾਬ ਆਲੂ 102 ਵਿਕਸਿਤ ਕੀਤੀਆਂ ਗਈਆਂ ਹਨ। ਸਟ੍ਰਾਬੇਰੀ ਤੇ ਡਰੈਗਨ ਫਰੂਟ ਵਰਗੀਆਂ ਫਸਲਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਕਿਉਂਕਿ ਇਹ ਉੱਚ ਕੀਮਤ ਵਾਲੀਆਂ ਬਾਗਬਾਨੀ ਪੈਦਾਵਾਰ ਹਨ। ਫਸਲੀ ਵਿਭਿੰਨਤਾ ਲਈ ਕਈ ਵਾਢੀਆਂ ਪਿੱਛੋਂ ਪ੍ਰੋਸੈਸਿੰਗ ਤਕਨੀਕਾਂ ਵਿਕਸਿਤ ਕੀਤੀਆਂ ਗਈਆਂ ਹਨ। ਪਿੰਡ, ਬਲਾਕ ਤੇ ਜ਼ਿਲਾ ਪੱਧਰ ’ਤੇ ਜਾਗਰੂਕਤਾ ਕੈਂਪ ਆਯੋਜਿਤ ਕੀਤੇ ਗਏ ਹਨ। ਕਿਸਾਨਾਂ ਨੂੰ ਮੱਕੀ, ਕਪਾਹ, ਦਾਲਾਂ ਤੇ ਤਿਲਾਂ ਵਰਗੀਆਂ ਹੋਰ ਫਸਲਾਂ ਤਹਿਤ ਰਕਬਾ ਵਧਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।