AMAZON ਨੂੰ ਵੱਡਾ ਝਟਕਾ, ਰਿਲਾਇੰਸ-ਫਿਊਚਰ ਡੀਲ ਨੂੰ CCI ਦੀ ਹਰੀ ਝੰਡੀ

Friday, Nov 20, 2020 - 07:53 PM (IST)

AMAZON ਨੂੰ ਵੱਡਾ ਝਟਕਾ, ਰਿਲਾਇੰਸ-ਫਿਊਚਰ ਡੀਲ ਨੂੰ CCI ਦੀ ਹਰੀ ਝੰਡੀ

ਮੁੰਬਈ— ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਨੇ ਸ਼ੁੱਕਰਵਾਰ ਨੂੰ ਤੇਲ ਤੋਂ ਦੂਰਸੰਚਾਰ ਕਾਰੋਬਾਰ ਤੱਕ ਦੀ ਦਿੱਗਜ ਕੰਪਨੀ ਰਿਲਾਇੰਸ ਇੰਡਸਟਰੀਜ਼ ਨੂੰ ਫਿਊਚਰ ਗਰੁੱਪ ਦੀ ਪ੍ਰਚੂਨ ਇਕਾਈ ਨੂੰ ਖਰੀਦਣ ਦੀ ਬੋਲੀ ਨੂੰ ਹਰੀ ਝੰਡੀ ਦੇ ਦਿੱਤੀ ਹੈ।


ਸੀ. ਸੀ. ਆਈ. ਵੱਲੋਂ ਮਨਜ਼ੂਰੀ ਅਮਰੀਕੀ ਕੰਪਨੀ ਐਮਾਜ਼ੋਨ ਲਈ ਵੱਡਾ ਝਟਕਾ ਹੈ। ਇਸ ਡੀਲ ਨੂੰ ਲੈ ਕੇ ਐਮਾਜ਼ੋਨ ਦਾ ਦੋਸ਼ ਰਿਹਾ ਹੈ ਕਿ ਫਿਊਚਰ ਗਰੁੱਪ ਨੇ 2019 'ਚ ਉਸ ਨਾਲ ਹੋਏ ਸਮਝੌਤੇ ਦੀਆਂ ਸ਼ਰਤਾਂ ਦੀ ਉਲੰਘਣਾ ਕੀਤੀ ਹੈ। ਦਰਅਸਲ, ਐਮਾਜ਼ੋਨ ਦਾ ਕਹਿਣਾ ਰਿਹਾ ਹੈ ਕਿ ਬੀਤੇ ਸਾਲ ਉਸ ਨੇ ਫਿਊਚਰ ਕੂਪਨਸ 'ਚ 49 ਫ਼ੀਸਦੀ ਹਿੱਸੇਦਾਰੀ ਖ਼ਰੀਦੀ ਸੀ, ਜਿਸ ਦੀ ਅੱਗੋਂ ਫਿਊਚਰ ਰਿਟੇਲ 'ਚ ਹਿੱਸੇਦਾਰੀ ਸੀ। ਕੰਪਨੀ ਮੁਤਾਬਕ, ਇਸ ਡੀਲ 'ਚ ਸ਼ਰਤ ਸੀ ਕਿ ਫਿਊਚਰ ਗਰੁੱਪ ਮੁਕੇਸ਼ ਅੰਬਾਨੀ ਦੇ ਰਿਲਾਇੰਸ ਗਰੁੱਪ ਦੀ ਕਿਸੇ ਵੀ ਕੰਪਨੀ ਨੂੰ ਆਪਣੇ ਪ੍ਰਚੂਨ ਕਾਰੋਬਾਰ ਨੂੰ ਨਹੀਂ ਵੇਚੇਗਾ।

ਇਹ ਵੀ ਪੜ੍ਹੋ- ਵੱਡੀ ਖ਼ੁਸ਼ਖ਼ਬਰੀ! ਵਿਸਤਾਰਾ ਵੱਲੋਂ ਭਾਰਤ ਤੋਂ ਕਤਰ ਲਈ ਉਡਾਣਾਂ ਸ਼ੁਰੂ

ਇਸ ਡੀਲ ਨੂੰ ਰੋਕਣ ਲਈ ਐਮਾਜ਼ੋਨ ਸਿੰਗਾਪੁਰ ਦੇ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ 'ਚ ਵੀ ਜਾ ਚੁੱਕੀ ਹੈ। 25 ਅਕਤੂਬਰ ਨੂੰ ਸਿੰਗਾਪੁਰ ਇੰਟਰਨੈਸ਼ਨਲ ਆਰਬਿਟਰੇਸ਼ਨ ਸੈਂਟਰ ਨੇ ਐਮਾਜ਼ੋਨ ਦੇ ਪੱਖ 'ਚ ਹੁਕਮ ਜਾਰੀ ਕਰਦੇ ਹੋਏ ਇਸ ਡੀਲ 'ਤੇ ਅੰਤਰਿਮ ਰੋਕ ਲਾ ਦਿੱਤੀ ਸੀ। ਐਮਾਜ਼ੋਨ ਸੀ. ਸੀ. ਆਈ. ਅਤੇ ਸੇਬੀ ਨੂੰ ਵੀ ਆਰਬਿਟਰੇਸ਼ਨ ਆਰਡਰ 'ਤੇ ਵਿਚਾਰ ਕਰਨ ਤੇ ਸੌਦੇ ਨੂੰ ਮਨਜ਼ੂਰੀ ਨਾ ਦੇਣ ਦੀ ਅਪੀਲ ਕਰ ਚੁੱਕੀ ਹੈ। ਉੱਥੇ ਹੀ, ਸਿੰਗਾਪੁਰ ਦੀ ਅਦਾਲਤ ਦੇ ਫ਼ੈਸਲੇ ਖਿਲਾਫ਼ ਫਿਊਚਰ ਰਿਟੇਲ ਨੇ ਵੀ ਦਿੱਲੀ ਹਾਈਕੋਰਟ ਦਾ ਰੁਖ਼ ਕੀਤਾ ਅਤੇ ਕਿਹਾ ਕਿ ਐਮਾਜ਼ੋਨ ਸ਼ੇਅਰਹੋਲਡਰ ਨਹੀਂ ਹੈ ਅਤੇ ਉਸ ਦਾ ਇਸ ਸੌਦੇ ਨਾਲ ਕੋਈ ਲੈਣ-ਦੇਣ ਨਹੀਂ ਹੈ।

ਇਹ ਵੀ ਪੜ੍ਹੋ- ਕਿਸਾਨਾਂ ਲਈ ਵੱਡੀ ਖ਼ਬਰ, ਕੀਟਨਾਸ਼ਕਾਂ 'ਤੇ 30 ਫ਼ੀਸਦੀ ਵੱਧ ਸਕਦੀ ਹੈ ਡਿਊਟੀ

ਫਿਊਚਰ ਦੇ 1,800 ਸਟੋਰਾਂ ਤੱਕ ਮਿਲੇਗੀ ਪਹੁੰਚ-
ਰਿਲਾਇੰਸ ਨੇ ਆਪਣੇ ਰਿਟੇਲ ਕਾਰੋਬਾਰ ਦੇ ਵਿਸਥਾਰ ਲਈ ਅਗਸਤ 'ਚ ਕਿਸ਼ੋਰ ਬਿਆਨੀ ਦੇ ਫਿਊਚਰ ਗਰੁੱਪ ਦੇ ਰਿਟੇਲ, ਹੋਲਸੇਲ, ਲਾਜਿਸਟਿਕਸ ਅਤੇ ਗੁਦਾਮ ਕਾਰੋਬਾਰ ਖਰੀਦਣ ਦਾ ਐਲਾਨ ਕੀਤਾ ਸੀ। ਇਹ ਸੌਦਾ 24,713 ਕਰੋੜ ਰੁਪਏ 'ਚ ਹੋਇਆ ਸੀ। ਸੀ. ਸੀ. ਆਈ. ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਰਿਲਾਇੰਸ ਰਿਟੇਲ ਨੂੰ ਫਿਊਚਰ ਗਰੁੱਪ ਦੇ ਦੇਸ਼ ਭਰ 'ਚ ਫੈਲੇ 1,800 ਸਟੋਰਾਂ ਤੱਕ ਪਹੁੰਚ ਮਿਲੇਗੀ। ਇਸ 'ਚ ਬਿੱਗ ਬਾਜ਼ਾਰ ਦੇ ਸਟੋਰ ਵੀ ਸ਼ਾਮਲ ਹਨ। ਫਿਊਚਰ ਗਰੁੱਪ ਦੇ ਇਹ ਸਟੋਰ ਦੇਸ਼ ਦੇ 420 ਸ਼ਹਿਰਾਂ 'ਚ ਹਨ।


author

Sanjeev

Content Editor

Related News