CBDT ਨੇ ਆਮਦਨ ਕਰ ਵਿਭਾਗ ਨੂੰ ਹੋਟਲ, ਹਸਪਤਾਲਾਂ ’ਚ ਵੱਡੇ ਨਕਦ ਲੈਣ-ਦੇਣ ਦੀ ਪਛਾਣ ਕਰਨ ਲਈ ਕਿਹਾ

Sunday, Aug 18, 2024 - 02:18 PM (IST)

ਨਵੀਂ ਦਿੱਲੀ (ਭਾਸ਼ਾ) - ਦੇਸ਼ ’ਚ ਪ੍ਰਤੱਖ ਕਰ ਪ੍ਰਸ਼ਾਸਨ ਦੀ ਟਾਪ ਬਾਡੀਜ਼ ਕੇਂਦਰੀ ਪ੍ਰਤੱਖ ਕਰ ਬੋਰਡ (ਸੀ. ਬੀ. ਡੀ. ਟੀ.) ਨੇ ਆਮਦਨ ਕਰ ਵਿਭਾਗ ਨੂੰ ਹੋਟਲ, ਲਗਜ਼ਰੀ ਬ੍ਰਾਂਡ ਦੀ ਵਿਕਰੀ, ਹਸਪਤਾਲ ਅਤੇ ਆਈ. ਵੀ. ਐੱਫ. ਕਲੀਨਿਕ ਵਰਗੇ ਕਾਰੋਬਾਰੀ ਖੇਤਰਾਂ ’ਚ ਵੱਡੇ ਪੈਮਾਨੇ ’ਤੇ ਨਕਦ ਲੈਣ-ਦੇਣ ਦੀ ਜਾਂਚ ਕਰਨ ਨੂੰ ਕਿਹਾ ਹੈ। ਬੋਰਡ ਨੇ ਕਿਹਾ ਕਿ ਇਹ ਜਾਂਚ ਗੈਰ-ਜ਼ਰੂਰੀ ਦਖਲ ਦੇ ਬਿਨਾਂ ਹੋਣੀ ਚਾਹੀਦੀ ਹੈ।

ਸੀ. ਬੀ. ਡੀ. ਟੀ. ਨੇ ਕਰ ਵਿਭਾਗ ਨੂੰ ਬਕਾਇਆ ਮੰਗਾਂ ਦੀ ਵਸੂਲੀ ਲਈ ਠੋਸ ਕੋਸ਼ਿਸ਼ ਕਰਨ ਨੂੰ ਵੀ ਕਿਹਾ ਹੈ, ਜਿਸ ’ਚ ਪਿਛਲੇ ਵਿੱਤੀ ਸਾਲ ਨਾਲੋਂ ਤੇਜ਼ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਸਬੰਧ ’ਚ ਬੋਰਡ ਨੇ ਹਾਲ ਹੀ ’ਚ ਕੇਂਦਰੀ ਕਾਰਜ ਯੋਜਨਾ (ਸੀ. ਏ. ਪੀ.) 2024-25 ਜਾਰੀ ਕੀਤੀ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਵਿੱਤੀ ਸੰਸਥਾਨਾਂ ਦੇ 2 ਲੱਖ ਰੁਪਏ ਤੋਂ ਜ਼ਿਆਦਾ ਦੇ ਨਕਦ ਲੈਣ-ਦੇਣ ਨੂੰ ਵਿੱਤੀ ਲੈਣ-ਦੇਣ ਦੇ ਬਿਊਰੇ (ਐੱਸ. ਐੱਫ. ਟੀ.) ਜ਼ਰੀਏ ਦੱਸਣਾ ਜ਼ਰੂਰੀ ਸੀ ਪਰ ਅਜਿਹਾ ਨਹੀਂ ਹੋ ਰਿਹਾ ਸੀ।

ਬੋਰਡ ਨੇ ਆਮਦਨ ਕਰ ਵਿਭਾਗ ਨੂੰ ਕਿਹਾ ਹੈ ਕਿ ਅਜਿਹੀਆਂ ਰਿਪੋਰਟਾਂ ਦੀ ਜਾਂਚ ਕਰਨ ’ਤੇ ਪਾਇਆ ਗਿਆ ਕਿ ਇਸ ਪ੍ਰਬੰਧਾਂ ਦੀ ਉਲੰਘਣਾ ਵਿਆਪਕ ਰੂਪ ਨਾਲ ਕੀਤੀ ਜਾ ਰਹੀ ਹੈ। ਇਸ ’ਚ ਅੱਗੇ ਕਿਹਾ ਗਿਆ ਕਿ ਉੱਚ ਮੁੱਲ ਵਾਲੇ ਖਪਤ ਖਰਚ ਨੂੰ ਕਰਦਾਤਾ ਦੇ ਬਾਰੇ ’ਚ ਜਾਣਕਾਰੀ ਦੇ ਨਾਲ ਤਸਦੀਕੀ ਕਰਨੀ ਜ਼ਰੂਰੀ ਹੈ। ਵਿਭਾਗ ਨੇ ਇਸ ਸਬੰਧ ’ਚ ਹੋਟਲ, ਬੈਂਕਵੇਟ ਹਾਲ, ਲਗਜ਼ਰੀ ਬ੍ਰਾਂਡ ਦੇ ਪ੍ਰਚੂਨ ਵਿਕ੍ਰੇਤਾਵਾਂ, ਆਈ. ਵੀ. ਐੱਫ. ਕਲੀਨਿਕ, ਹਸਪਤਾਲ , ਡਿਜ਼ਾਈਨਰ ਕੱਪੜਿਆਂ ਦੀਆਂ ਦੁਕਾਨਾਂ ਅਤੇ ਐੱਨ. ਆਰ. ਆਈ. ਕੋਟਾ ਮੈਡੀਕਲ ਕਾਲਜ ਸੀਟਾਂ ਦੀ ਪਛਾਣ ਕੀਤੀ ਹੈ, ਜਿੱਥੇ ਇਨ੍ਹਾਂ ਨਿਯਮਾਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਹੈ ਅਤੇ ਵੱਡਾ ਨਕਦੀ ਲੈਣ-ਦੇਣ ਹੋ ਰਿਹਾ ਹੈ।
 


Harinder Kaur

Content Editor

Related News