ਕੈਟ ਨੇ ਚੀਨ ਦੇ 3000 ਉਤਪਾਦਾਂ ਦੇ ਬਾਈਕਾਟ ਦੀ ਖਿੱਚੀ ਤਿਆਰੀ, 10 ਜੂਨ ਤੋਂ ਸ਼ੁਰੂ ਹੋਵੇਗਾ ਅਭਿਆਨ
Monday, Jun 08, 2020 - 01:01 PM (IST)
ਨਵੀਂ ਦਿੱਲੀ : ਛੋਟੇ ਵਪਾਰੀਆਂ ਦੇ ਸਿਖਰ ਸੰਗਠਨ ਕਨਫੈਡਰੇਸ਼ਨ ਆਫ ਆਲ ਇੰਡੀਆ ਟਰੇਡਰਜ਼ (ਕੈਟ) 10 ਜੂਨ ਤੋਂ ਦੇਸ਼ ਭਰ ਵਿਚ ਚੀਨੀ ਵਸਤੂਆਂ ਦੇ ਬਾਈਕਾਟ ਨੂੰ ਲੈ ਕੇ ਇਕ ਰਾਸ਼ਟਰੀ ਅਭਿਆਨ 'ਭਾਰਤੀ ਸਾਮਾਨ-ਸਾਡਾ ਅਭਿਮਾਨ' ਸ਼ੁਰੂ ਕਰੇਗਾ। ਕੈਟ ਨੇ ਦਸੰਬਰ 2021 ਤੱਕ ਚੀਨੀ ਵਸਤੂਆਂ ਦੇ ਭਾਰਤ ਵੱਲੋਂ ਆਯਾਤ ਵਿਚ ਲਗਭੱਗ ਡੇਢ ਲੱਖ ਕਰੋੜ ਰੁਪਏ ਕਟੌਤੀ ਦਾ ਟੀਚਾ ਰੱਖਿਆ ਹੈ।
ਕੈਟ ਨੇ ਚੀਨ ਤੋਂ ਆਯਾਤ ਕੀਤੇ ਜਾਣ ਵਾਲੇ ਲਗਭੱਗ 3000 ਅਜਿਹੇ ਉਤਪਾਦਾਂ ਦੀ ਸੂਚੀ ਬਣਾਈ ਹੈ, ਜਿਨ੍ਹਾਂ ਦੇ ਆਯਾਤ ਨਾ ਕਰਨ ਨਾਲ ਦੇਸ਼ ਨੂੰ ਕੋਈ ਅਸਰ ਨਹੀਂ ਪਵੇਗਾ, ਕਿਉਂਕਿ ਇਹ ਵਸਤੂਆਂ ਦੇਸ਼ ਵਿਚ ਪਹਿਲਾਂ ਤੋਂ ਬਣ ਰਹੀਆਂ ਹਨ। ਕੈਟ ਨੇ ਇਕ ਬਿਆਨ ਵਿਚ ਕਿਹਾ ਦੀ ਇਸ ਅਭਿਆਨ ਦੇ ਅਧੀਨ ਉਹ ਜਿੱਥੇ ਵਪਾਰੀਆਂ ਨੂੰ ਚੀਨੀ ਵਸਤੂਆਂ ਨਾ ਵੇਚਣ ਦੀ ਬੇਨਤੀ ਕਰੇਗਾ, ਉਥੇ ਹੀ ਦੇਸ਼ ਦੇ ਲੋਕਾਂ ਵੱਲੋਂ ਚੀਨੀ ਵਸਤੂਆਂ ਦੀ ਜਗ੍ਹਾਂ 'ਤੇ ਸਵਦੇਸ਼ੀ ਉਤਪਾਦਾਂ ਨੂੰ ਇਸਤੇਮਾਲ ਵਿਚ ਲਿਆਉਣ ਦੀ ਵੀ ਬੇਨਤੀ ਕਰੇਗਾ। ਇਸ ਤਰ੍ਹਾਂ ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਲੋਕਲ 'ਤੇ ਵੋਕਲ' ਐਲਾਨ ਨੂੰ ਸਫਲ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਏਗਾ। ਇਸ ਬਾਰੇ ਵਿਚ ਕੈਟ ਦੇ ਰਾਸ਼ਟਰੀ ਪ੍ਰਧਾਨ ਪ੍ਰਵੀਨ ਖੰਡੇਲਵਾਲ ਨੇ ਕਿਹਾ ਕਿ ਚੀਨ ਹਮੇਸ਼ਾ ਤੋਂ ਮਹੱਤਵਪੂਰਣ ਮਾਮਲਿਆਂ ਵਿਚ ਭਾਰਤ ਦਾ ਵਿਰੋਧੀ ਰਿਹਾ ਹੈ।
ਨਾਲ ਹੀ ਭਾਰਤ ਖਿਲਾਫ ਪਾਕਿਸਤਾਨ ਦੀਆਂ ਦੁਸ਼ਟ ਚਾਲਾਂ ਅਤੇ ਅੱਤਵਾਦ ਨੂੰ ਵਧਾਵਾ ਦੇਣ ਵਿਚ ਚੀਨ ਦਾ ਅਸਿੱਧੇ ਰੂਪ ਨਾਲ ਵੱਡਾ ਹੱਥ ਰਿਹਾ ਹੈ। ਇਸ ਗੱਲ ਨੂੰ ਵੇਖਦੇ ਹੋਏ ਕੈਟ ਪਿਛਲੇ 4 ਸਾਲਾਂ ਤੋਂ ਚੀਨੀ ਉਤਪਾਦਾਂ ਦੇ ਬਾਈਕਾਟ ਨੂੰ ਲੈ ਕੇ ਲਗਾਤਾਰ ਸਮੇਂ-ਸਮੇਂ 'ਤੇ ਅੰਦੋਲਨ ਛੇੜਦਾ ਰਿਹਾ ਹੈ। ਇਨ੍ਹਾਂ ਅਭਿਆਨਾਂ ਅਤੇ ਸਰਕਾਰ ਦੇ 'ਮੇਕ ਇਨ ਇੰਡੀਆ' ਪ੍ਰੋਗਰਾਮ ਨਾਲ ਸਾਲ 2018 ਤੋਂ ਹੁਣ ਤੱਕ ਚੀਨ ਤੋਂ ਆਯਾਤ ਵਿਚ ਲਗਭੱਗ 6 ਅਰਬ ਡਾਲਰ ਦੀ ਕਮੀ ਹੋਈ ਹੈ।