ਮੋਦੀ ਸਰਕਾਰ ਲਈ ਹੋਵੇਗੀ ਇਹ ਵੱਡੀ ਸਫਲਤਾ, ਟੁੱਟ ਸਕਦੈ ਨੋਟਬੰਦੀ ਦਾ ਰਿਕਾਰਡ

Sunday, Oct 22, 2017 - 09:10 AM (IST)

ਮੋਦੀ ਸਰਕਾਰ ਲਈ ਹੋਵੇਗੀ ਇਹ ਵੱਡੀ ਸਫਲਤਾ, ਟੁੱਟ ਸਕਦੈ ਨੋਟਬੰਦੀ ਦਾ ਰਿਕਾਰਡ

ਨਵੀਂ ਦਿੱਲੀ— ਅਕਤੂਬਰ ਦਾ ਮਹੀਨਾ ਮੋਦੀ ਸਰਕਾਰ ਲਈ ਚੰਗੀ ਖਬਰ ਲਿਆ ਸਕਦਾ ਹੈ। ਅਜੇ ਤਕ ਦੇ ਰੁਝਾਨ ਅਨੁਸਾਰ ਅਕਤੂਬਰ 'ਚ ਦੇਸ਼ ਅੰਦਰ ਕੈਸ਼ਲੈੱਸ ਟ੍ਰਾਂਜੈਕਸ਼ਨ ਹੁਣ ਤਕ ਦੇ ਸਭ ਤੋਂ ਉੱਚੇ ਪੱਧਰ 'ਤੇ ਪਹੁੰਚ ਸਕਦਾ ਹੈ। ਇਸ ਦੀ ਸਭ ਤੋਂ ਵੱਡੀ ਵਜ੍ਹਾ ਇਸ ਵਾਰ ਦੀਵਾਲੀ ਸੀਜ਼ਨ 'ਚ ਲੋਕਾਂ ਵੱਲੋਂ ਡੈਬਿਟ, ਕ੍ਰੈਡਿਟ, ਮੋਬਾਇਲ ਬੈਂਕਿੰਗ ਤੋਂ ਲੈ ਕੇ ਦੂਜੇ ਕੈਸ਼ਲੈੱਸ ਟ੍ਰਾਂਜੈਕਸ਼ਨ ਜ਼ਰੀਏ ਖਰੀਦਦਾਰੀ ਕਰਨਾ ਹੈ। ਜੇਕਰ ਅਜਿਹਾ ਜਾਰੀ ਰਹਿੰਦਾ ਹੈ ਤਾਂ ਇਸ ਮਹੀਨੇ ਦੇਸ਼ 'ਚ ਨਕਦੀ ਰਹਿਤ ਲੈਣ-ਦੇਣ 96 ਕਰੋੜ ਨੂੰ ਪਾਰ ਕਰ ਜਾਵੇਗਾ। ਇਸ ਤੋਂ ਪਹਿਲਾਂ ਨੋਟਬੰਦੀ ਦੇ ਐਲਾਨ ਦੇ ਠੀਕ ਬਾਅਦ ਦਸੰਬਰ 2016 'ਚ 95.7 ਕਰੋੜ ਕੈਸ਼ਲੈੱਸ ਟ੍ਰਾਂਜੈਕਸ਼ਨ ਹੋਏ ਸਨ। 

ਆਰ. ਬੀ. ਆਈ. ਤੋਂ ਮਿਲੇ ਅੰਕੜਿਆਂ ਮੁਤਾਬਕ ਅਕਤੂਬਰ ਦੇ ਪਹਿਲੇ 15 ਦਿਨ 'ਚ 46 ਕਰੋੜ ਤੋਂ ਜ਼ਿਆਦਾ ਟ੍ਰਾਂਜੈਕਸ਼ਨ ਹੋ ਚੁੱਕੇ ਹਨ। ਜੇਕਰ ਇਹ ਰੁਝਾਨ ਬਣਿਆ ਰਿਹਾ ਤਾਂ ਇਹ ਅੰਕੜਾ 96 ਕਰੋੜ ਤਕ ਪਹੁੰਚ ਸਕਦਾ ਹੈ, ਜੋ ਕਿ ਹੁਣ ਤਕ ਦਾ ਸਭ ਤੋਂ ਵੱਧ ਕੈਸ਼ਲੈੱਸ ਲੈਣ-ਦੇਣ ਹੋਵੇਗਾ। ਪੰਜਾਬ ਨੈਸ਼ਨਲ ਬੈਂਕ ਦੇ ਇਕ ਉੱਚ ਅਧਿਕਾਰੀ ਮੁਤਾਬਕ ਇਸ ਵਾਰ ਤਿਉਹਾਰੀ ਸੀਜ਼ਨ 'ਚ ਕੈਸ਼ਲੈੱਸ ਲੈਣ-ਦੇਣ ਕਾਫ਼ੀ ਜ਼ਿਆਦਾ ਹੋਏ ਹਨ। ਅਧਿਕਾਰੀ ਮੁਤਾਬਕ ਇਸ ਤੋਂ ਪਹਿਲਾਂ ਨੋਟਬੰਦੀ ਲਾਗੂ ਹੋਣ ਦੇ ਬਾਅਦ ਦਸੰਬਰ 2016 'ਚ 95 ਕਰੋੜ ਦਾ ਨਕਦ ਰਹਿਤ ਲੈਣ-ਦੇਣ ਹੋਇਆ ਸੀ।

ਇਕ ਹੋਰ ਬੈਂਕ ਦੇ ਸਾਬਕਾ ਅਧਿਕਾਰੀ ਮੁਤਾਬਕ ਪਿਛਲੇ ਸਾਲ ਤੋਂ ਲੋਕਾਂ ਦਾ ਕੈਸ਼ਲੈੱਸ ਲੈਣ-ਦੇਣ ਪ੍ਰਤੀ ਨਜ਼ਰੀਆ ਬਦਲਿਆ ਹੈ। ਇਸ ਦੇ ਨਾਲ ਹੀ, ਯੂ. ਪੀ. ਆਈ., ਈ-ਵਾਲਿਟ, ਡੈਬਿਟ-ਕ੍ਰੈਡਿਟ ਕਾਰਡ ਨਾਲ ਕਿਸ਼ਤਾਂ ਵਰਗੀ ਸੁਵਿਧਾ ਵੀ ਵਧੀ ਹੈ, ਜਿਸ ਦਾ ਅਸਰ ਕੈਸ਼ਲੈੱਸ ਲੈਣ-ਦੇਣ ਦੇ ਰੂਪ 'ਚ ਵਧਿਆ ਹੈ। ਹੁਣ ਲੋਕ ਮਹਿੰਗੇ ਸਾਮਾਨ ਖਰੀਦਣ ਲਈ ਕ੍ਰੈਡਿਟ ਕਾਰਡ ਜ਼ਰੀਏ ਕਿਸ਼ਤਾਂ ਦੀ ਸੁਵਿਧਾ ਜ਼ਿਆਦਾ ਲੈ ਰਹੇ ਹਨ। ਹੁਣ ਤਕ ਦੇ ਰੁਝਾਨ ਅਨੁਸਾਰ ਕੈਸ਼ਲੈੱਸ ਟ੍ਰਾਂਜੈਕਸ਼ਨ 'ਚ ਸਭ ਤੋਂ ਵੱਧ ਖਰੀਦਦਾਰੀ ਡੈਬਿਟ ਅਤੇ ਕ੍ਰੈਡਿਟ ਕਾਰਡ ਜ਼ਰੀਏ ਹੋਈ ਹੈ। ਇਸ ਤੋਂ ਬਾਅਦ ਮੋਬਾਇਲ ਬੈਂਕਿੰਗ ਅਤੇ ਈ-ਵਾਲਿਟ ਦੀ ਹਿੱਸੇਦਾਰੀ ਰਹੀ ਹੈ।


Related News