'ਅਫਗਾਨਿਸਤਾਨ 'ਚ ਹਲਚਲ ਕਾਰਨ ਅਸਮਾਨ 'ਤੇ ਕਾਜੂ-ਬਾਦਾਮ ਦੀਆਂ ਕੀਮਤਾਂ'
Wednesday, Aug 18, 2021 - 11:59 AM (IST)
ਨਵੀਂ ਦਿੱਲੀ- ਅਫਗਾਨਿਸਤਾਨ ’ਚ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇੱਥੇ ਭਾਰੀ ਹਫੜਾ-ਦਫੜੀ ਦਾ ਮਾਹੌਲ ਹੈ। ਲੋਕ ਦੇਸ਼ ਛੱਡਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਅਫਗਾਨਿਸਤਾਨ ’ਚ ਮਚੀ ਉੱਥਲ-ਪੁਥਲ ਕਾਰਨ ਇਧਰ ਜੰਮੂ ’ਚ ਅਚਾਨਕ ਡਰਾਈ ਫਰੂਟ ਦੀਆਂ ਕੀਮਤਾਂ ਅਸਮਾਨ ਛੂਹਣ ਲੱਗੀਆਂ ਹਨ। ਅਖਰੋਟ, ਕਾਜੂ , ਬਾਦਾਮ ਦੇ ਮੁੱਲ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ ਕਿਉਂਕਿ ਸਾਰਾ ਡਰਾਈ ਫਰੂਟ ਅਫਗਾਨਿਸਤਾਨ ਤੋਂ ਹੀ ਆਉਂਦਾ ਹੈ।
ਜੰਮੂ ’ਚ ਸੈਲਾਨੀ ਭਾਰੀ ਗਿਣਤੀ ’ਚ ਆਉਂਦੇ ਹਨ ਅਤੇ ਸਾਰੇ ਲੋਕ ਉੱਥੋਂ ਅਖਰੋਟ, ਬਾਦਾਮ, ਕਾਜੂ ਅਤੇ ਹੋਰ ਸਾਮਾਨ ਦੀ ਖਰੀਦਦਾਰੀ ਕਰਦੇ ਹਨ। ਹੈਦਰਾਬਾਦ ਤੋਂ ਆਏ ਇਕ ਸੈਲਾਨੀ ਨੇ ਦੱਸਿਆ ਕਿ ਜੰਮੂ ਡਰਾਈ ਫਰੂਟ ਦਾ ਮਸ਼ਹੂਰ ਬਾਜ਼ਾਰ ਹੈ, ਜਿਸ ਦੌਰਾਨ ਕਈ ਲੋਕ ਇੱਥੇ ਇਨ੍ਹਾਂ ਦੀ ਖਰੀਦਦਾਰੀ ਕਰਨ ਆਉਂਦੇ ਹਨ, ਜਿੱਥੇ ਕਿਸ਼ਮਿਸ਼ ਪਹਿਲਾਂ 350 ਰੁਪਏ ਪ੍ਰਤੀ ਕਿਲੋ ਸੀ, ਜੋ ਹੁਣ ਵਧ ਕੇ 650 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਅੰਜੀਰ ਦੇ ਰੇਟ ਪਹਿਲਾਂ 800 ਰੁਪਏ ਪ੍ਰਤੀ ਕਿਲੋ ਸਨ, ਜੋ ਹੁਣ 1200 ਰੁਪਏ ਪ੍ਰਤੀ ਕਿਲੋ ਉੱਤੇ ਪਹੁੰਚ ਗਏ ਹਨ। ਬਾਦਾਮ 650 ਰੁਪਏ ਪ੍ਰਤੀ ਕਿਲੋ ਸੀ ਅਤੇ ਹੁਣ 1100 ਰੁਪਏ ਕਿਲੋ ਵਿਕ ਰਿਹਾ ਹੈ।
ਲੋਕਲ ਸਾਮਾਨ ’ਤੇ ਨਹੀਂ ਕੋਈ ਅਸਰ
ਸੈਲਾਨੀਆਂ ਨੇ ਦੱਸਿਆ ਕਿ ਲੋਕਲ ਡਰਾਈ ਫਰੂਟ ਦੇ ਰੇਟ ’ਚ ਕੋਈ ਖਾਸ ਬਦਲਾਅ ਨਹੀਂ ਹੈ ਪਰ ਅਫਗਾਨੀ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹਨ ਜਾਂ ਇਹ ਕਹਿ ਲਓ ਕਿ ਦੁੱਗਣੇ ਤੋਂ ਵੀ ਜ਼ਿਆਦਾ ਹੋ ਗਏ ਹਨ। ਜੰਮੂ ਦੇ ਇਕ ਦੁਕਾਨਦਾਰ ਦਾ ਕਹਿਣਾ ਹੈ ਕਿ ਤਿਉਹਾਰੀ ਸੀਜ਼ਨ ’ਚ ਡਰਾਈ ਫਰੂਟ ਦੀ ਵਿਕਰੀ ਅਕਸਰ ਵੱਧ ਜਾਂਦੀ ਹੈ ਪਰ ਅਫਗਾਨਿਸਤਾਨ ਤੋਂ ਚੀਜ਼ਾਂ ਨਾ ਆਉਣ ਦੀ ਵਜ੍ਹਾ ਨਾਲ ਰੇਟ ਵੱਧ ਗਏ ਹਨ। ਅਫਗਾਨਿਸਤਾਨ ’ਚ ਅਜੇ ਹਾਲਾਤ ਠੀਕ ਨਹੀਂ ਹਨ, ਅਜਿਹੇ ’ਚ ਜੰਮੂ ਦੇ ਬਾਜ਼ਾਰ ’ਤੇ ਵੀ ਇਸ ਦਾ ਪ੍ਰਭਾਵ ਪਿਆ ਹੈ। ਦੱਸ ਦੇਈਏ ਕਿ ਜੰਮੂ ’ਚ ਲੱਗਭੱਗ 200 ਤੋਂ ਜ਼ਿਆਦਾ ਡਰਾਈ ਫੂਟ ਦੀਆਂ ਦੁਕਾਨਾਂ ਹਨ ਹਾਲਾਂਕਿ ਕਟਰਾ ਵੈਸ਼ਨੂੰ ਦੇਵੀ ’ਚ ਇਹ ਦੁਕਾਨਾਂ ਹਜ਼ਾਰਾਂ ਦੀ ਗਿਣਤੀ ’ਚ ਹਨ, ਉੱਥੇ ਵੀ ਅਫਗਾਨੀ ਡਰਾਈ ਫਰੂਟ ਦੀ ਕਿੱਲਤ ਹੋ ਗਈ ਹੈ।
ਡਰਾਈ ਫਰੂਟ ਦੇ ਵਧਦੇ ਭਾਅ ਨਾਲ ਲੋਕ ਹੋਏ ਨਿਰਾਸ਼
ਸੈਲਾਨੀਆਂ ਦਾ ਕਹਿਣਾ ਸੀ ਕਿ ਅਸੀਂ ਇੱਥੇ ਆਏ ਹਾਂ ਕਿਉਂਕਿ ਜੰਮੂ ਡਰਾਈ ਫਰੂਟ ਦਾ ਮਸ਼ਹੂਰ ਬਾਜ਼ਾਰ ਹੈ। ਅਸੀਂ ਇਨ੍ਹਾਂ ਤੋਂ ਡਰਾਈ ਫਰੂਟ ਮੰਗਿਆ ਸੀ ਪਰ ਲੋਕਲ ਡਰਾਈ ਫਰੂਟ ਦਾ ਰੇਟ ਘੱਟ ਹੈ ਅਤੇ ਅਫਗਾਨੀ ਚੀਜ਼ਾਂ ਦੇ ਰੇਟ ਬਹੁਤ ਜ਼ਿਆਦਾ ਵੱਧ ਗਏ ਹਨ। ਅਫਗਾਨੀ ਡਰਾਈ ਫਰੂਟ ਦੇ ਰੇਟ ਵੱਧ ਜਾਣ ਨਾਲ ਲੋਕਾਂ ’ਚ ਨਿਰਾਸ਼ਾ ਪਾਈ ਜਾ ਰਹੀ ਹੈ ਕਿਉਂਕਿ ਅਫਗਾਨਿਸਤਾਨ ਤੋਂ ਅਜੇ ਸਾਮਾਨ ਆਵੇਗਾ ਨਹੀਂ।