ਕੇਨਰਾ ਬੈਂਕ ਦਾ ਲਾਭ ਦੁੱਗਣੇ ਤੋਂ ਵਧ ਕੇ 1,502 ਕਰੋੜ ਰੁਪਏ ’ਤੇ ਪਹੁੰਚਿਆ
Friday, Jan 28, 2022 - 10:07 AM (IST)
ਨਵੀਂ ਦਿੱਲੀ–ਜਨਤਕ ਖੇਤਰ ਦੇ ਕੇਨਰਾ ਬੈਂਕ ਦਾ ਸ਼ੁੱਧ ਲਾਭ ਚਾਲੂ ਵਿੱਤੀ ਸਾਲ ਦੀ ਦਸੰਬਰ ’ਚ ਸਮਾਪਤ ਤੀਜੀ ਤਿਮਾਹੀ ’ਚ ਸਿੰਗਲ ਆਧਾਰ ’ਤੇ ਦੁੱਗਣੇ ਤੋਂ ਵਧ ਕੇ 1,502 ਕਰੋੜ ਰੁਪਏ ’ਤੇ ਪਹੁੰਚ ਗਿਆ। ਪ੍ਰੋਵੀਜ਼ਨਿੰਗ ਲਈ ਰਕਮ ਘੱਟ ਹੋਣ ਕਾਰਨ ਬੈਂਕ ਦਾ ਸ਼ੁੱਧ ਲਾਭ ਵਧਿਆ ਹੈ। ਇਸ ਤੋਂ ਪਿਛਲੇ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ ਬੈਂਕ ਨੇ 696 ਕਰੋੜ ਦਾ ਸ਼ੁੱਧ ਲਾਭ ਕਮਾਇਆ ਸੀ। ਉੱਥੇ ਹੀ ਇਸ ਤੋਂ ਪਿਛਲੀ ਜੁਲਾਈ-ਸਤੰਬਰ 2021 ਦੀ ਤਿਮਾਹੀ ਦੀ ਤੁਲਨਾ ’ਚ 31 ਦਸੰਬਰ ਨੂੰ ਸਮਾਪਤ ਤਿਮਾਹੀ ’ਚ ਬੈਂਕ ਦਾ ਸ਼ੁੱਧ ਲਾਭ 13 ਫੀਸਦੀ ਵਧਿਆ ਹੈ।
ਜੁਲਾਈ-ਸਤੰਬਰ ਤਿਮਾਹੀ ’ਚ ਬੈਂਕ ਦਾ ਮੁਨਾਫਾ 1,333 ਕਰੋੜ ਰੁਪਏ ਰਿਹਾ ਸੀ। ਬੈਂਕ ਨੇ ਕਿਹਾ ਕਿ ਅਕਤੂਬਰ-ਦਸੰਬਰ 2021 ਤਿਮਾਹੀ ਦੌਰਾਨ ਹਾਲਾਂਕਿ ਉਸ ਦੀ ਕੁੱਲ ਆਮਦਨ ਮਾਮੂਲੀ ਘਟ ਕੇ 21,312 ਕਰੋੜ ਰੁਪਏ ਰਹੀ। ਇਸ ਤੋਂ ਇਲਾਵਾ ਸਮੀਖਿਆ ਅਧੀਨ ਤਿਮਾਹੀ ਦੌਰਾਨ ਬੈਂਕ ਦੀਆਂ ਕੁੱਲ ਗੈਰ-ਕਾਰਗੁਜ਼ਾਰੀ ਵਾਲੀਆਂ ਜਾਇਦਾਦਾਂ (ਐੱਨ. ਪੀ. ਏ.) ਜਾਂ ਫਸਿਆ ਕਰਜ਼ਾ ਵਧ ਕੇ 7.80 ਫੀਸਦੀ ਹੋ ਗਿਆ। ਤਿਮਾਹੀ ਦੌਰਾਨ ਡੁੱਬੇ ਕਰਜ਼ੇ ਅਤੇ ਹੋਰ ਫੁਟਕਲ ਖਰਚੇ ਲਈ ਬੈਂਕ ਦੀ ਵਿਵਸਥਾ ਘਟ ਕੇ 2,245 ਕਰੋੜ ਰੁਪਏ ਰਹਿ ਗਈ। ਤਿਮਾਹੀ ਦੌਰਾਨ ਸਿੰਗਲ ਆਧਾਰ ’ਤੇ ਬੈਂਕ ਦਾ ਸ਼ੁੱਧ ਲਾਭ ਦੁੱਗਣਾ ਹੋ ਕੇ 1,631 ਕਰੋੜ ਰੁਪਏ ’ਤੇ ਪਹੁੰਚ ਗਿਆ।