ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

Friday, Sep 24, 2021 - 01:41 PM (IST)

ਚੀਨ ’ਚ ਖਾਲੀ ਪਏ ਅਪਾਰਟਮੈਂਟਸ ’ਚ ਫਿੱਟ ਹੋ ਸਕਦੀ ਹੈ ਕੈਨੇਡਾ-ਯੂ. ਕੇ. ਸਮੇਤ ਇਨ੍ਹਾਂ ਦੇਸ਼ਾਂ ਦੀ ਪੂਰੀ ਆਬਾਦੀ

ਬਿਜ਼ਨੈੱਸ ਡੈਸਕ : ਚੀਨ ’ਚ ਰੀਅਲ ਅਸਟੇਟ ਕੰਪਨੀ ਐਵਰਗ੍ਰਾਂਡੇ ਸੰਕਟ ਦੀ ਚਰਚਾ ਰੋਜ਼ਾਨਾ ਸੁਰਖੀਆਂ ’ਚ ਹੋ ਰਹੀ ਹੈ ਤੇ ਕਿਹਾ ਜਾ ਰਿਹਾ ਹੈ ਕਿ ਇਸ ਕੰਪਨੀ ਦੇ ਡੁੱਬ ਜਾਣ ਨਾਲ ਪੂਰੇ ਵਿਸ਼ਵ ਨੂੰ 2008 ਵਾਂਗ ਇਕ ਵਾਰ ਮੁੜ ਮੰਦੀ ਦੇ ਦੌਰ ’ਚੋਂ ਲੰਘਣਾ ਪੈ ਸਕਦਾ ਹੈ। ਸਾਲ 2008 ’ਚ ਅਮਰੀਕਾ ’ਚ ਰੀਅਲ ਅਸਟੇਟ ਕੰਪਨੀਆਂ ਦੇ ਡਿਫਾਲਟ ਹੋਣ ਨਾਲ ਹੀ ਸਬ-ਪ੍ਰਾਈਸ ਸੰਕਟ ਖੜ੍ਹਾ ਹੋਇਆ ਸੀ ਅਤੇ ਲੀਮੈਨ ਵਰਗੇ ਦਿੱਗਜ਼ ਬੈਂਕ ਢਹਿ ਗਏ ਸਨ। ਇਸ ਕਾਰਨ ਅਮਰੀਕਾ ਸਮੇਤ ਦੁਨੀਆ ਦੇ ਕਈ ਦੇਸ਼ ਮੰਦੀ ਦੀ ਲਪੇਟ ’ਚ ਆ ਗਏ ਸਨ। ਦੇਸ਼-ਵਿਦੇਸ਼ ਦੀਆਂ ਕਈ ਅਜਿਹੀਆਂ ਕੰਪਨੀਆਂ ਵੀ ਹਨ ਜੋ ਐਵਰਗ੍ਰਾਂਡੇ ਨਾਲ ਕਾਰੋਬਾਰ ਕਰਦੀਆਂ ਹਨ। ਉਨ੍ਹਾਂ ਫਰਮਾਂ ਨੂੰ ਨੁਕਸਾਨ ਦਾ ਖਤਰਾ ਹੈ। ਇਹ ਵੀ ਖਦਸ਼ਾ ਹੈ ਕਿ ਐਵਰਗ੍ਰਾਂਡੇ ਨਾਲ ਜੁੜੀਆਂ ਕਈ ਛੋਟੀਆਂ ਜਾਂ ਵੱਡੀਆਂ ਕੰਪਨੀਆਂ ਵੀ ਦਿਵਾਲੀਆ ਹੋ ਸਕਦੀਆਂ ਹਨ। ਚੀਨ ’ਚ ਰੀਅਲ ਅਸਟੇਟ ਸੰਕਟ ਦਾ ਇਸ ਗੱਲ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੰਪਨੀਆਂ ਵਲੋਂ ਇੱਥੇ ਬਣੇ ਇੰਨੀ ਵੱਡੀ ਗਿਣਤੀ ’ਚ ਅਪਾਰਟਮੈਂਟ ਖਾਲੀ ਪਏ ਹੋਏ ਹਨ ਕਿ ਉਨ੍ਹਾਂ ’ਚ ਜੀ-7 ਦੇਸ਼ ਦੇ ਪੰਜ ਦੇਸ਼ਾਂ ਫ੍ਰਾਂਸ, ਜਰਮਨੀ, ਇਟਲੀ, ਯੂ. ਕੇ. ਅਤੇ ਕੈਨੇਡਾ ਦੀ ਆਬਾਦੀ ਨੂੰ ਆਰਾਮ ਨਾਲ ਫਿੱਟ ਕੀਤਾ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੀ 1000 ਰੁਪਏ 'ਚ ਮਿਲੇਗਾ ਗੈਸ ਸਿਲੰਡਰ? ਜਾਣੋ ਕੀ ਹੈ ਸਰਕਾਰ ਦਾ ਅਗਲਾ ਪਲਾਨ

ਚੀਨ ’ਚ ਰੀਅਲ ਅਸਟੇਟ ਜਾਇਦਾਦ ਦਾ ਵਧੇਰੇ ਵਿਸਤਾਰ

ਅਗਸਤ ’ਚ ਚੀਨ ਦੇ ਦੱਖਣ-ਪੱਛਮੀ ਸ਼ਹਿਰ ਕੁਨਮਿੰਗ ’ਚ ਦਰਸ਼ਕਾਂ ਦੇ ਰੌਲੇ-ਰੱਪੇ ਦਰਮਿਆਨ ਫਿਲਮਾਇਆ ਗਿਆ ਇਕ ਨਾਟਕੀ ਵੀਡੀਓ, ਜਿਸ ’ਚ ਇਕ ਮਿੰਟ ਤੋਂ ਵੀ ਘੱਟ ਸਮੇਂ ’ਚ 85,000 ਕੰਟਰੋਲਡ ਧਮਾਕਿਆਂ ਰਾਹੀਂ 15 ਉੱਚੇ-ਉੱਚੇ ਅਪਾਰਟਮੈਂਟ ਬਲਾਕਸ ਨੂੰ ਢਹਿ-ਢੇਰੀ ਕਰ ਦਿੱਤਾ ਜਾਂਦਾ ਹੈ, ਦਰਸਾਉਂਦਾ ਹੈ ਕਿ ਚੀਨ ’ਚ ਜਾਇਦਾਦ ਦੇ ਆਕਾਰ ਦਾ ਕਿਸ ਤਰ੍ਹਾਂ ਵਿਸਤਾਰ ਹੋਇਆ ਹੈ। ਸਨਸ਼ਾਈਨ ਸਿਟੀ 2 ਨਾਂ ਦੇ ਕੰਪਲੈਕਸ ਬਣਾਉਣ ਵਾਲੀ ਕੰਪਨੀ ਦੀਆਂ ਅਧੂਰੀਆਂ ਇਮਾਰਤਾਂ 2013 ਤੋਂ ਖਾਲੀ ਪਈਆਂ ਹਨ, ਜਦੋਂ ਇਕ ਡਿਵੈੱਲਪਰ ਕੋਲ ਪੈਸੇ ਨਹੀਂ ਸਨ ਅਤੇ ਦੂਜੇ ਨੇ ਨਿਰਮਾਣ ਕੰਮ ’ਚ ਖਾਮੀਆਂ ਪਾਈਆਂ। ਅਧਿਕਾਰਕ ਕੁਨਮਿੰਗ ਡੇਲੀ ’ਚ ਤਬਾਹੀ ਤੋਂ ਬਾਅਦ ਇਕ ਲੇਖ ’ਚ ਕਿਹਾ ਕਿ ਲਗਭਗ 10 ਸਾਲਾਂ ਤੱਕ ਖੜ੍ਹੇ ਇਸ ਸ਼ਹਿਰੀ ਨਿਸ਼ਾਨ ਨੇ ਅਖੀਰ ਬਹਾਲੀ ਦੀ ਦਿਸ਼ਾ ’ਚ ਇਕ ਅਹਿਮ ਕਦਮ ਚੁੱਕਿਆ ਹੈ। ਇਸ ਤਰ੍ਹਾਂ ਦੇ ਸ਼ਹਿਰੀ ਨਿਸ਼ਾਨ ਪੂਰੇ ਚੀਨ ’ਚ ਆਮ ਹਨ, ਜਿੱਥੇ ਐਵਰਗ੍ਰਾਂਡੇ ਦੁਨੀਆ ਦੀ ਸਭ ਤੋਂ ਵੱਧ ਕਰਜ਼ਦਾਰ ਜਾਇਦਾਦ ਕੰਪਨੀ ਵਿੱਤੀ ਸੰਕਟ ਨਾਲ ਜੂਝ ਰਹੀ ਹੈ।

ਇਹ ਵੀ ਪੜ੍ਹੋ : ਗੁਪਤ ਰਿਪੋਰਟ ਲੀਕ ਹੋਣ 'ਤੇ ਦਿੱਲੀ ਹਾਈ ਕੋਰਟ ਪਹੁੰਚਿਆ ਗੂਗਲ, ਜਾਣੋ ਕੀ ਹੈ ਪੂਰਾ ਮਾਮਲਾ

ਕੀ ਕਹਿੰਦੇ ਹਨ ਚੀਨੀ ਰੀਅਲ ਅਸਟੇਟ ਦੇ ਜਾਣਕਾਰ

ਇਕ ਕੰਸਲਟੈਂਸੀ ਰੋਡੀਅਮ ਗਰੁੱਪ ਦੇ ਹਾਂਗਕਾਂਗ ਸਥਿਤ ਡਾਇਰੈਕਟਰ ਲੋਗਾਨ ਰਾਈਟ ਕਹਿੰਦੇ ਹਨ ਕਿ ਚੀਨ ’ਚ 90 ਮਿਲੀਅਨ ਤੋਂ ਵੱਧ ਲੋਕਾਂ ਦੇ ਰਹਿਣ ਲਈ ਲੋੜੀਂਦੀ ਖਾਲੀ ਜਾਇਦਾਦ ਹੈ। ਚੀਨ ’ਚ ਇਕ ਘਰ ਦਾ ਔਸਤ ਆਕਾਰ ਸਿਰਫ ਤਿੰਨ ਲੋਕਾਂ ਦੇ ਰਹਿਣ ਲਈ ਹੈ। ਉਹ ਕਹਿੰਦੇ ਹਨ ਕਿ ਅਸੀਂ ਅਨੁਮਾਨ ਲਗਾਉਂਦੇ ਹਾਂ ਕਿ ਮੌਜੂਦਾ ਸਮੇਂ ’ਚ ਬਿਨਾਂ ਵਿਕਰੀ ਹਾਊਸਿੰਗ ਇਨਵੈਂਟਰੀ 3 ਬਿਲੀਅਨ ਵਰਗ ਮੀਟਰ ਦੀ ਸਰਹੱਦ ’ਚ ਹੈ ਜੋ 30 ਮਿਲੀਅਨ ਪਰਿਵਾਰਾਂ ਨੂੰ ਘਰ ਦੇਣ ਲਈ ਲੋੜੀਂਦੀ ਹੈ। ਚਾਈਨਾ ਬੇਜ ਬੁੱਕ ਦੇ ਮੁੱਖ ਕਾਰਜਕਾਰੀ ਲੇਲੈਂਡ ਮਿਲਰ ਕਹਿੰਦੇ ਹਨ ਕਿ ਪੁਰਾਣੀ ਬਿਲਡ, ਬਿਲਡ, ਬਿਲਡ ਪਲੇਬੁੱਕ ਹੁਣ ਕੰਮ ਨਹੀਂ ਕਰਦੀ ਹੈ ਅਤੇ ਇਹ ਅਸਲ ’ਚ ਖਤਰਨਾਕ ਹੋ ਰਹੀ ਹੈ। ਅਜਿਹਾ ਪ੍ਰਤੀਤ ਹੋ ਰਿਹਾ ਹੈ ਕਿ ਲੀਡਰਸ਼ਿਪ ਹੁਣ ਸੋਚ ਰਿਹਾ ਹੈ ਕਿ ਉਹ ਵਿਕਾਸ ਮਾਡਲ ਨੂੰ ਬਦਲਣ ਲਈ ਹੋਰ ਇੰਤਜ਼ਾਰ ਨਹੀਂ ਕਰ ਸਕਦਾ ਹੈ।

ਇਹ ਵੀ ਪੜ੍ਹੋ : ਇੱਕ ਸਾਲ 'ਚ ਇੱਕ ਅਰਬ ਖਿਡੌਣੇ ਵੇਚਣ ਵਾਲੇ Mcdonald ਨੇ ਪਲਾਸਟਿਕ ਦੀ ਵਰਤੋਂ ਨੂੰ ਲੈ ਕੇ ਕੀਤਾ ਇਹ ਐਲਾਨ

ਕੰਪਨੀ ਨੇ ਆਪਣੇ ਡੁੱਬਣ ਦਾ ਨਹੀਂ ਹੋਣ ਦਿੱਤਾ ਅਹਿਸਾਸ

ਕੰਪਨੀ ਦੇ ਵਹੀਖਾਤੇ ਮੁਤਾਬਕ ਇਸ ਦੇ ਉੱਪਰ ਕਰੀਬ 304 ਅਰਬ ਡਾਲਰ ਦਾ ਕਰਜ਼ਾ ਹੈ, ਜਿਸ ’ਚ ਉਧਾਰ, ਕਾਂਟ੍ਰੈਕਟ ਦੇਣਦਾਰੀ, ਇਨਕਮ ਟੈਕਸ ਦੇਣਦਾਰੀ ਆਦਿ ਸ਼ਾਮਲ ਹਨ। ਕਿਹਾ ਜਾਂਦਾ ਹੈ ਕਿ ਐਵਰਗ੍ਰਾਂਡੇ ਨੇ ਬੈਂਕਾਂ ਦੇ ਕਰਜ਼ੇ ਨੂੰ ਨਜ਼ਰਅੰਦਾਜ਼ ਕਰਦੇ ਹੋਏ ਆਪਣੇ ਵਿਸਤਾਰ ’ਤੇ ਜ਼ੋਰ ਦਿੱਤਾ। ਕੰਪਨੀ ਨੇ ਕਈ ਸਾਲ ਤੱਕ ਚੀਨ ਸਮੇਤ ਦੁਨੀਆ ਭਰ ਦੇ ਬਾ਼ਜ਼ਾਰਾਂ ਨੂੰ ਇਹ ਅਹਿਸਾਸ ਨਹੀਂ ਹੋਣ ਦਿੱਤਾ ਕਿ ਉਹ ਭਾਰੀ ਕਰਜ਼ੇ ’ਚ ਹਨ। ਪਿਛਲੇ ਸਾਲ 2020 ’ਚ ਜਦੋਂ ਚੀਨ ਦੀ ਸਰਕਾਰ ਨੇ ਨਿਯਮਾਂ ’ਚ ਬਦਲਾਅ ਕੀਤੇ ਉਦੋਂ ਦੇਸ਼ ਨੂੰ ਪਹਿਲੀ ਵਾਰ ਪਤਾ ਲੱਗਾ ਕਿ ਕੰਪਨੀ ਕਰਜ਼ੇ ’ਚ ਹੈ। ਚੀਨ ਦਾ ਵਿਸ਼ਾਲ ਰੀਅਲ ਅਸਟੇਟ ਖੇਤਰ ਜੋ ਦੇਸ਼ ਦੇ ਕੁੱਲ ਘਰੇਲੂ ਉਤਪਾਦ ’ਚ 29 ਫੀਸਦੀ ਦਾ ਯੋਗਦਾਨ ਦਿੰਦਾ ਹੈ, ਇਹ ਇੰਨਾ ਜ਼ਿਆਦਾ ਨਿਰਮਿਤ ਹੈ ਕਿ ਇਹ ਚੀਨੀ ਆਰਥਿਕ ਵਿਕਾਸ ਦੇ ਪ੍ਰਮੁੱਖ ਚਾਲਕ ਦੇ ਰੂਪ ’ਚ ਆਪਣੀ ਪੁਰਾਣੀ ਭੂਮਿਕਾ ਨੂੰ ਤਿਆਗਣ ਦੀ ਧਮਕੀ ਦਿੰਦਾ ਹੈ ਕਿਉਂਕਿ ਚੀਨ ਦੀ ਅਰਥਵਿਵਸਥਾ ’ਚ ਵੀ ਖਾਮੀਆਂ ਹਨ, ਇਸ ਲਈ ਸਰਕਾਰ ’ਤੇ ਵੀ ਇਕ ਦਬਾਅ ਬਣ ਜਾਂਦਾ ਹੈ।

ਇਹ ਵੀ ਪੜ੍ਹੋ : ਭਾਰਤੀ ਅਫ਼ਸਰਾਂ ਨੂੰ ਰਿਸ਼ਵਤ ਦੇਣ ਦੇ ਮਾਮਲੇ 'ਚ ਘਿਰੀ Amazon, ਕੰਪਨੀ ਨੇ ਦਿੱਤਾ ਵੱਡਾ ਬਿਆਨ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News