ਭਾਰਤੀ ਰੁਪਏ ''ਚ ਕਾਰੋਬਾਰੀ ਲੈਣ-ਦੇਣ ਨਾਲ ਭਾਰਤ-ਬੰਗਲਾਦੇਸ਼ ਦੇ ਦੋਪੱਖੀ ਵਪਾਰ ਨੂੰ ਉਤਸ਼ਾਹ ਮਿਲੇਗਾ : CII
Monday, Aug 07, 2023 - 10:54 AM (IST)
ਨਵੀਂ ਦਿੱਲੀ (ਭਾਸ਼ਾ)– ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਭਾਰਤੀ ਰੁਪਏ ’ਚ ਕਾਰੋਬਾਰੀ ਲੈਣ-ਦੇਣ ਨੂੰ ਉਤਸ਼ਾਹ ਦੇਣ ਨਾਲ ਲਾਗਤ ਘੱਟ ਹੋਵੇਗੀ ਅਤੇ ਇਸ ਨਾਲ ਦੋਪੱਖੀ ਵਪਾਰ ਨੂੰ ਉਤਸ਼ਾਹ ਮਿਲੇਗਾ। ਐਕਸਪੋਰਟ-ਇੰਪੋਰਟ ਬੈਂਕ (ਐਕਜ਼ਿਮ) ਉੱਤੇ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੀ ਰਾਸ਼ਟਰੀ ਕਮੇਟੀ ਦੇ ਮੈਂਬਰ ਸੰਜੇ ਬੁਧੀਆ ਨੇ ਇਹ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਸ ਵਿਵਸਥਾ ਦੇ ਤਹਿਤ ਸਾਰੇ ਐਕਸਪੋਰਟ ਅਤੇ ਇੰਪੋਰਟ ਅਤੇ ਕਾਰੋਬਾਰੀ ਲੈਣ-ਦੇਣ ਨੂੰ ਭਾਰਤੀ ਰੁਪਏ ਵਿੱਚ ਕੀਤਾ ਜਾ ਸਕਦਾ ਹੈ।
ਇਸ ਨਾਲ ਅਮਰੀਕੀ ਡਾਲਰ ’ਤੇ ਨਿਰਭਰਤਾ ਘੱਟ ਹੋਵੇਗੀ ਅਤੇ ਖੇਤਰੀ ਮੁਦਰਾ ਅਤੇ ਵਪਾਰ ਨੂੰ ਮਜ਼ਬੂਤ ਕਰਨ ਤੋਂ ਇਲਾਵਾ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਵਰਗੀਆਂ ਸਥਿਤੀਆਂ ਦਾ ਹੱਲ ਹੋਵੇਗਾ। ਬੰਗਲਾਦੇਸ਼ ਅਤੇ ਭਾਰਤ ਨੇ ਜੁਲਾਈ ਵਿੱਚ ਅਮਰੀਕੀ ਡਾਲਰ ’ਤੇ ਨਿਰਭਰਤਾ ਘੱਟ ਕਰਨ, ਖੇਤਰੀ ਮੁਦਰਾ ਅਤੇ ਵਪਾਰ ਨੂੰ ਮਜ਼ਬੂਤ ਕਰਨ ਦੇ ਮਕਸਦ ਨਾਲ ਰੁਪਏ ਵਿੱਚ ਵਪਾਰ ਸਬੰਧੀ ਲੈਣ-ਦੇਣ ਸ਼ੁਰੂ ਕੀਤਾ ਸੀ। ਇਹ ਪਹਿਲਾ ਮੌਕਾ ਹੈ, ਜਦੋਂ ਬੰਗਲਾਦੇਸ਼ ਅਮਰੀਕੀ ਡਾਲਰ ਤੋਂ ਇਲਾਵਾ ਵਿਦੇਸ਼ੀ ਮੁਦਰਾ ਵਿੱਚ ਦੋਪੱਖੀ ਵਪਾਰ ਕਰ ਰਿਹਾ ਹੈ।
ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ’ਚ ਮਦਦ ਮਿਲੇਗੀ
ਬੁਧੀਆ ਨੇ ਕਿਹਾ ਕਿ ਇਹ ਨਿਸ਼ਚਿਤ ਤੌਰ ’ਤੇ ਦੇਸ਼ਾਂ ਵਿਚਾਲੇ ਵਪਾਰ ਦੇ ਵਾਧੇ ਨੂੰ ਉਤਸ਼ਾਹ ਦੇਵੇਗਾ। ਇਹ ਗਲੋਬਲ ਵਪਾਰਕ ਭਾਈਚਾਰੇ ਦਰਮਿਆਨ ਭਾਰਤੀ ਕਰੰਸੀ ਦੀ ਵਧਦੀ ਰੁਚੀ ਦਾ ਸਮਰਥਨ ਕਰੇਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮਝੌਤੇ ਨਾਲ ਦੇਸ਼ਾਂ ਦਰਮਿਆਨ ਵਪਾਰ ਦੌਰਾਨ ਲੈਣ-ਦੇਣ ਦੀ ਲਾਗਤ ਘੱਟ ਹੋਵੇਗੀ, ਜਿਸ ਨਾਲ ਬੰਗਲਾਦੇਸ਼ ਵਿਚ ਭਾਰਤੀ ਐਕਸਪੋਰਟ ਨੂੰ ਉਤਸ਼ਾਹ ਮਿਲੇਗਾ।
ਬੁਧੀਆ ਨੇ ਕਿਹਾ ਕਿ ਬੰਗਲਾਦੇਸ਼ ਮੌਜੂਦਾ ਸਮੇਂ ਵਿੱਚ ਵਿਦੇਸ਼ੀ ਮੁਦਰਾ ਭੰਡਾਰ ਦੀ ਕਮੀ ਦਾ ਸਾਹਮਣਾ ਕਰ ਰਿਹਾ ਹੈ ਅਤੇ ਭਾਰਤੀ ਮੁਦਰਾ (ਆਈ. ਐੱਨ. ਆਰ.) ਵਿੱਚ ਵਪਾਰਕ ਲੈਣ-ਦੇਣ ਦੇ ਵਿਵਸਥਾ ਨਾਲ ਇਸ ਸਥਿਤੀ ਨਾਲ ਨਜਿੱਠਣ ਵਿੱਚ ਉਸ ਨੂੰ ਕਾਫ਼ੀ ਮਦਦ ਮਿਲੇਗੀ, ਜਿਸ ਦੇ ਨਤੀਜੇ ਵਜੋਂ ਭਾਰਤ ਤੋਂ ਇੰਪੋਰਟ ਦੀ ਮੰਗ ਵਧੇਗੀ। ਉਨ੍ਹਾਂ ਨੇ ਕਿਹਾ ਕਿ ਸਰਹੱਦ ਪਾਰ ਲੈਣ-ਦੇਣ ਦੇ ਮਾਧਿਅਮ ਰਾਹੀਂ ਭਾਰਤ ਅਤੇ ਬੰਗਲਾਦੇਸ਼ ਦਰਮਿਆਨ ਪਹਿਲਾਂ ਤੋਂ ਹੀ ਅਹਿਮ ਆਰਥਿਕ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਵਿਚ ਮਦਦ ਮਿਲੇਗੀ।