ਬੁਲੇਟ ਟਰੇਨ ਪ੍ਰਾਜੈਕਟ ਦੇ ਨਿਰਮਾਣ ਨਾਲ 90 ਹਜ਼ਾਰ ਲੋਕਾਂ ਨੂੰ ਮਿਲੇਗਾ ਰੁਜ਼ਗਾਰ

09/17/2020 9:53:36 PM

ਅਹਿਮਦਾਬਾਦ- ਇਕ ਲੱਖ ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੀ ਮੁੰਬਈ-ਅਹਿਮਦਾਬਾਦ ਬੁਲੇਟ ਟਰੇਨ ਪ੍ਰਾਜੈਕਟ ਨੂੰ ਚਲਾਉਣ ਵਾਲੇ ਨੈਸ਼ਨਲ ਹਾਈ ਸਪੀਡ ਰੇਲ ਕਾਰਪੋਰੇਸ਼ਨ (ਐੱਨ. ਐੱਚ. ਐੱਸ. ਆਰ. ਸੀ. ਐੱਲ) ਨੇ ਅੱਜ ਕਿਹਾ ਕਿ ਇਸ ਦੇ ਨਿਰਮਾਣ ਦੌਰਾਨ ਹੀ ਪ੍ਰਤੱਖ ਤੇ ਅਪ੍ਰਤੱਖ ਦੋਹਾਂ ਨੂੰ ਮਿਲਾ ਕੇ 90 ਹਜ਼ਾਰ ਤੋਂ ਜ਼ਿਆਦਾ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ। 

ਕਾਰਪੋਰੇਸ਼ਨ ਦੀ ਬੁਲਾਰਾ ਸੁਸ਼ਮਾ ਗੌਰ ਨੇ ਕਿਹਾ ਕਿ ਨਿਰਮਾਣ ਸਬੰਧੀ ਕੰਮ ਲਈ 51 ਹਜ਼ਾਰ ਤੋਂ ਵੱਧ ਟੈਕਨੀਸ਼ੀਅਨ ਅਤੇ ਹੁਨਰਮੰਦ ਤੇ ਘੱਟ ਹੁਨਰਮੰਦ  ਕਾਮਿਆਂ ਦੀ ਜ਼ਰੂਰਤ ਹੋਵੇਗੀ। ਕਾਰਪੋਰੇਸ਼ਨ ਅਜਿਹੇ ਲੋਕਾਂ ਨੂੰ ਵੱਖ-ਵੱਖ ਸਬੰਧਤ ਕੰਮਾਂ ਲਈ ਸਿਖਲਾਈ ਦੇਵੇਗਾ। ਪਟੜੀ ਵਿਛਾਉਣ ਲਈ ਕਾਰਪੋਰੇਸ਼ਨ ਠੇਕੇਦਾਰਾਂ ਤੇ ਕਰਮਚਾਰੀਆਂ ਲਈ ਵਿਸ਼ੇਸ਼ ਸਿਖਲਾਈ ਦਾ ਪ੍ਰਬੰਧ ਕੀਤਾ ਜਾਵੇਗਾ। 

ਉਨ੍ਹਾਂ ਕਿਹਾ ਨਿਰਮਾਣ ਦੌਰਾਨ 34 ਹਜ਼ਾਰ ਤੋਂ ਵੱਧ ਅਪ੍ਰਤੱਖ ਰੋਜ਼ਗਾਰ ਦੇ ਮੌਕੇ ਵੀ ਪੈਦਾ ਹੋਣਗੇ। 480 ਕਿਲੋਮੀਟਰ ਤੋਂ ਵੱਧ ਲੰਬੀ ਇਸ ਪਟੜੀ ਵਿਚ 460 ਕਿਲੋਮੀਟਰ ਲੰਬਾ ਜ਼ਮੀਨ ਉੱਤੇ ਪੁਲ਼  ਵਰਗਾ ਢਾਂਚਾ ਹੋਵੇਗਾ ਅਤੇ ਸਮੁੰਦਰ ਦੇ ਹੇਠ 7 ਕਿਲੋਮੀਟਰ ਸਣੇ ਕੁੱਲ 26 ਕਿਲੋਮੀਟਰ ਲੰਬੀਆਂ ਸੁਰੰਗਾਂ, 27 ਲੋਹੇ ਦੇ ਪੁਲ਼, 12 ਸਟੇਸ਼ਨ ਤੇ ਕਈ ਹੋਰ ਸਹਾਇਕ ਸੁਪਰ ਢਾਂਚੇ ਹੋਣਗੇ। ਇਸ ਦੇ ਨਿਰਮਾਣ ਦੌਰਾਨ 75 ਲੱਖ ਟਨ ਸੀਮੈਂਟ, 21 ਲੱਖ ਟਨ ਸਟੀਲ ਦੀ ਵਰਤੋਂ ਹੋਣ ਦਾ ਅਨੁਮਾਨ ਹੈ। 

ਇਸ ਪ੍ਰਾਜੈਕਟ ਵਿਚ ਹੁਣ ਤੱਕ ਜ਼ਰੂਰਤ ਦੀ 64 ਫੀਸਦੀ ਜ਼ਮੀਨ ਲਈ ਪ੍ਰਾਪਤ ਹੋ ਚੁੱਕੀ ਹੈ, ਜਿਸ ਵਿਚੋਂ 82 ਫੀਸਦੀ ਗੁਜਰਾਤ ਤੇ ਕੇਂਦਰ ਸ਼ਾਸਤ ਖੇਤਰ ਦਾਦਰਾ ਤੇ ਨਾਗਰ ਹਵੇਲੀ ਵਿਚ ਤੇ ਤਕਰੀਬਨ 23 ਫੀਸਦੀ ਮਹਾਰਾਸ਼ਟਰ ਵਿਚ ਹੈ। 
ਜਾਪਾਨ ਦੀ ਸਹਾਇਤਾ ਵਾਲੇ ਇਸ ਪ੍ਰਾਜੈਕਟ ਦਾ ਰਸਮੀ ਉਦਘਾਟਨ ਪੀ. ਐੱਮ. ਮੋਦੀ ਨੇ ਜਾਪਾਨ ਦੇ ਤਤਕਾਲੀਨ ਪ੍ਰਧਾਨ ਮੰਤਰੀ ਸ਼ਿੰਜੋ ਆਬੇ ਦੀ ਮੌਜੂਦਗੀ ਵਿਚ ਸਤੰਬਰ 2017 'ਚ ਅਹਿਮਦਾਬਾਦ ਵਿਚ ਕੀਤਾ ਸੀ। 


Sanjeev

Content Editor

Related News