ਬਜਟ 2021: ਡਿਜੀਟਲ ਬਜਟ 'ਚ ਕਿਸਾਨਾਂ ਲਈ ਹੋ ਸਕਦੇ ਨੇ ਵੱਡੇ ਐਲਾਨ
Monday, Feb 01, 2021 - 10:45 AM (IST)
ਨਵੀਂ ਦਿੱਲੀ- ਇਸ ਵਾਰ ਬਜਟ ਪੂਰੀ ਤਰ੍ਹਾਂ ਪੇਪਰਲੈੱਸ ਹੋਵੇਗਾ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਭਾਰਤ ਟੈਬਲੇਟ ਜ਼ਰੀਏ ਡਿਜੀਟਲੀ ਬਜਟ ਪੇਸ਼ ਕਰਨਗੇ। ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲਿਆਂ ਦੀ ਮੰਤਰੀ ਨਿਰਮਲਾ ਸੀਤਾਰਮਨ ਕਿਸਾਨਾਂ ਲਈ ਬਜਟ 2021-22 ਵਿਚ ਵੱਡੇ ਐਲਾਨ ਕਰ ਸਕਦੇ ਹਨ।
ਕਿਸਾਨੀ ਅੰਦਲੋਨ ਨੂੰ ਮੁੱਖ ਰੱਖਦੇ ਹੋਏ ਖੇਤੀਬਾੜੀ ਅਤੇ ਕਿਸਾਨਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਸਕਦਾ ਹੈ। ਪੀ. ਐੱਮ. ਕਿਸਾਨ ਯਾਨੀ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਯੋਜਨਾ ਤਹਿਤ ਹਰ ਸਾਲ 6,000 ਰੁਪਏ ਮਿਲਦੇ ਹਨ। ਇਹ ਰਾਸ਼ੀ 2 ਹਜ਼ਾਰ ਰੁਪਏ ਵੱਧ ਸਕਦੀ ਹੈ।
ਉੱਥੇ ਹੀ, ਖੇਤੀ ਕਰਜ਼ੇ ਲਈ 19 ਲੱਖ ਕਰੋੜ ਰੁਪਏ ਦਾ ਨਵਾਂ ਟੀਚਾ ਨਿਰਧਾਰਤ ਕੀਤਾ ਜਾ ਸਕਦਾ ਹੈ। ਪਿਛਲੇ ਸਾਲ ਇਹ 15 ਲੱਖ ਕਰੋੜ ਰੁਪਏ ਸੀ। ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਮੁਫ਼ਤ ਸਮਾਰਟ ਫੋਨ ਅਤੇ ਟੈਬਲੇਟ ਦੇਣ ਦੀ ਯੋਜਨਾ ਸ਼ੁਰੂ ਕਰਨ ਦੀ ਘੋਸ਼ਣਾ ਕੀਤੀ ਜਾ ਸਕਦੀ ਹੈ। ਇਸ ਦਾ ਕਾਰਨ ਹੈ ਕਿ ਕੋਰੋਨਾ ਕਾਰਨ ਲਗਭਗ ਇਕ ਸਾਲ ਤੋਂ ਆਨਲਾਈਨ ਪੜ੍ਹਾਈ 'ਤੇ ਜ਼ੋਰ ਦਿੱਤਾ ਗਿਆ ਹੈ। ਸਰਵੇਖਣ ਅਨੁਸਾਰ, ਦੋ ਸਾਲ ਪਹਿਲਾਂ 36.5 ਫ਼ੀਸਦੀ ਪੇਂਡੂ ਵਿਦਿਆਰਥੀਆਂ ਕੋਲ ਸਮਾਰਟ ਫੋਨ, ਲੈਪਟਾਪ ਜਾਂ ਕੰਪਿਊਟਰ ਸਨ, ਜੋ ਹੁਣ 61.8 ਫ਼ੀਸਦੀ ਕੋਲ ਹਨ। ਇਸ ਨੂੰ ਹੋਰ ਵਧਾਉਣ ਲਈ ਪਿੰਡਾਂ ਦੇ ਵਿਦਿਆਰਥੀਆਂ ਨੂੰ ਸਮਾਰਟ ਫੋਨ ਅਤੇ ਟੈਬਲੇਟ ਮੁਫ਼ਤ ਦੇਣ ਦੀ ਯੋਜਨਾ ਲਿਆਂਦੀ ਜਾ ਸਕਦੀ ਹੈ।