ਬਜਟ 2019 : ਪਾਣੀ ਸੰਕਟ ਨਾਲ ਨਜਿੱਠਣ ਲਈ 'ਜਲ ਮਿਸ਼ਨ' ਦਾ ਐਲਾਨ

07/05/2019 12:01:33 PM

ਨਵੀਂ ਦਿੱਲੀ— ਸਰਕਾਰ ਨੇ ਪਾਣੀ ਸੰਕਟ ਨਾਲ ਨਜਿੱਠਣ ਲਈ ਜਲ ਮਿਸ਼ਨ ਦਾ ਐਲਾਨ ਕੀਤਾ ਹੈ, ਜਿਸ ਦਾ ਮਕਸਦ ਹਰ ਘਰ ਪੀਣ ਯੋਗ ਪਾਣੀ ਪਹੁੰਚਾਉਣਾ ਹੈ। ਜ਼ਿਕਰਯੋਗ ਹੈ ਕਿ ਦੇਸ਼ 'ਚ ਤੇਜ਼ੀ ਨਾਲ ਮੁੱਕ ਰਹੇ ਜ਼ਮੀਨੀ ਪਾਣੀ ਕਾਰਨ ਦੇਸ਼ ਭਰ 'ਚ ਗੰਭੀਰ ਸਥਿਤੀ ਪੈਦਾ ਹੋ ਰਹੀ ਹੈ, ਖਾਸ ਕਰਕੇ ਤਾਮਿਲਨਾਡੂ 'ਚ ਪਾਣੀ ਦਾ ਸੰਕਟ ਕਾਫੀ ਗੰਭੀਰ ਬਣ ਚੁੱਕਾ ਹੈ।

 

ਨੀਤੀ ਆਯੋਗ ਵੱਲੋਂ ਹਾਲ ਹੀ 'ਚ ਜਾਰੀ ਕੀਤੇ ਅੰਕੜੇ ਪਾਣੀ ਸੰਕਟ ਦੀ ਗੰਭੀਰ ਸਥਿਤੀ ਦੱਸ ਰਹੇ ਹਨ। ਜਿਸ ਤੇਜ਼ੀ ਨਾਲ ਪਾਣੀ ਬਰਬਾਦ ਹੋ ਰਿਹਾ ਹੈ ਤੇ ਜ਼ਮੀਨ 'ਚੋਂ ਨਿਕਲ ਰਿਹਾ ਹੈ, ਉਸ ਹਿਸਾਬ ਨਾਲ ਸਾਲ 2020 ਤਕ ਜਿਨ੍ਹਾਂ 21 ਸ਼ਹਿਰਾਂ 'ਚੋਂ ਧਰਤੀ ਹੇਠਲਾ ਪਾਣੀ ਮੁੱਕ ਜਾਣ ਦੀ ਗੱਲ ਕਹੀ ਗਈ ਹੈ ਉਨ੍ਹਾਂ 'ਚੋਂ ਪੰਜ ਸ਼ਹਿਰ ਪੰਜਾਬ ਅੰਦਰ ਹਨ। ਇਸ ਕਾਰਨ 10 ਕਰੋੜ ਲੋਕ ਪ੍ਰਭਾਵਿਤ ਹੋਣਗੇ। ਉੱਥੇ ਹੀ, 2030 ਤਕ ਦੇਸ਼ ਦੀ 40 ਫੀਸਦੀ ਆਬਾਦੀ ਲਈ ਪੀਣ ਯੋਗ ਪਾਣੀ ਨਹੀਂ ਹੋਵੇਗਾ। ਇਨ੍ਹੀਂ ਦਿਨੀਂ ਪਾਣੀ ਸੰਕਟ ਨੂੰ ਲੈ ਕੇ ਸਭ ਤੋਂ ਵੱਧ ਚਰਚਾ 'ਚ ਤਾਮਿਲਨਾਡੂ ਦੀ ਰਾਜਧਾਨੀ ਚੇਨਈ ਹੈ, ਜਿੱਥੇ ਲੋਕਾਂ ਨੂੰ ਪੀਣ ਵਾਲਾ ਪਾਣੀ ਲੈਣ ਲਈ ਕਤਾਰਾਂ 'ਚ ਲੱਗਣਾ ਪੈ ਰਿਹਾ ਹੈ। ਇਸ ਸ਼ਹਿਰ ਦੀ 40 ਲੱਖ ਆਬਾਦੀ ਲਈ ਸਰਕਾਰੀ ਟੈਂਕਰ ਹੀ ਇਕੋ-ਇਕ ਆਸਰਾ ਹਨ। ਭਾਰਤ ਦੇ 6ਵੇਂ ਇਸ ਸਭ ਤੋਂ ਵੱਡੇ ਸ਼ਹਿਰ 'ਚ ਪਾਣੀ ਦੇ ਚਾਰ ਵੱਡੇ ਭੰਡਾਰ ਬਿਲਕੁਲ ਮੁੱਕਣ ਦੇ ਕੰਢੇ 'ਤੇ ਹਨ।


Related News