ਬਜਟ 2018 : ਲੋਕਾਂ ਨੂੰ ਮਿਲੇਗੀ ਰਾਹਤ, ਹੋ ਸਕਦੇ ਹਨ ਇਹ ਵੱਡੇ ਐਲਾਨ

01/29/2018 11:27:40 AM

ਨਵੀਂ ਦਿੱਲੀ— ਪਹਿਲੀ ਫਰਵਰੀ ਨੂੰ ਪੇਸ਼ ਹੋਣ ਵਾਲੇ ਆਮ ਬਜਟ ਤੋਂ ਇਸ ਸਾਲ ਜਨਤਾ ਨੇ ਕੁਝ ਜ਼ਿਆਦਾ ਹੀ ਉਮੀਦਾਂ ਲਾ ਰੱਖੀਆਂ ਹਨ।ਮੋਦੀ ਸਰਕਾਰ ਦਾ ਇਹ ਆਖਰੀ ਪੂਰਾ ਬਜਟ ਹੋਵੇਗਾ। ਅਜਿਹੇ 'ਚ ਸੰਭਾਵਨਾ ਹੈ ਕਿ ਇਸ ਵਾਰ ਸਰਕਾਰ ਬਜਟ 'ਚ ਮੱਧ ਵਰਗ ਨੂੰ ਖੁਸ਼ ਕਰਨ ਦੇ ਨਾਲ ਆਮ ਜਨਤਾ ਲਈ ਕਈ ਐਲਾਨ ਕਰ ਸਕਦੀ ਹੈ।ਇਸ ਵਾਰ ਦੇ ਬਜਟ 'ਚ ਜੋ ਸਭ ਤੋਂ ਵੱਡੀਆਂ ਉਮੀਦਾਂ ਹਨ ਉਹ ਇਸ ਤਰ੍ਹਾਂ ਹਨ...
ਇਨਕਮ ਟੈਕਸ 'ਤੇ ਛੋਟ
ਹਰ ਬਜਟ ਦੀ ਤਰ੍ਹਾਂ ਇਸ ਵਾਰ ਵੀ ਆਮ ਬਜਟ 'ਚ ਇਨਕਮ ਟੈਕਸ (ਆਮਦਨ ਕਰ) ਨੂੰ ਲੈ ਕੇ ਹੋਣ ਵਾਲੇ ਐਲਾਨਾਂ 'ਤੇ ਸਭ ਤੋਂ ਜ਼ਿਆਦਾ ਨਜ਼ਰ ਹੈ। ਕਈ ਲੋਕ ਮੰਨ ਰਹੇ ਹਨ ਕਿ ਇਸ ਵਾਰ ਸਰਕਾਰ 3 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ ਨੂੰ ਆਮਦਨ ਕਰ ਦੇ ਦਾਇਰੇ 'ਚੋਂ ਬਾਹਰ ਰੱਖਣ ਦਾ ਐਲਾਨ ਕਰ ਸਕਦੀ ਹੈ। ਦੇਸ਼ ਦੇ ਸਭ ਤੋਂ ਵੱਡੇ ਸਰਕਾਰੀ ਬੈਂਕ ਭਾਰਤੀ ਸਟੇਟ ਬੈਂਕ ਨੇ ਵੀ ਆਪਣੀ ਰਿਪੋਰਟ 'ਚ ਸਰਕਾਰ ਨੂੰ ਆਮਦਨ ਕਰ ਛੋਟ 3 ਲੱਖ ਰੁਪਏ ਤਕ ਵਧਾਉਣ ਦੀ ਮੰਗ ਕੀਤੀ ਹੈ। ਹੁਣ ਤਕ 2.5 ਲੱਖ ਰੁਪਏ ਤੋਂ 5 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ 'ਤੇ 5 ਫੀਸਦੀ, 5 ਲੱਖ ਰੁਪਏ ਤੋਂ ਉਪਰ ਅਤੇ 10 ਲੱਖ ਰੁਪਏ ਤਕ ਦੀ ਸਾਲਾਨਾ ਕਮਾਈ 'ਤੇ 20 ਫੀਸਦੀ ਅਤੇ 10 ਲੱਖ ਰੁਪਏ ਤੋਂ ਉਪਰ ਦੀ ਸਾਲਾਨਾ ਕਮਾਈ 'ਤੇ 30 ਫੀਸਦੀ ਆਮਦਨ ਕਰ ਦੀ ਵਿਵਸਥਾ ਹੈ।
 

ਪੈਟਰੋਲ-ਡੀਜ਼ਲ 'ਤੇ ਮਿਲ ਸਕਦੀ ਹੈ ਰਾਹਤ
ਦੇਸ਼ 'ਚ ਡੀਜ਼ਲ ਦੀਆਂ ਕੀਮਤਾਂ ਰਿਕਾਰਡ ਪੱਧਰ 'ਤੇ ਹਨ ਅਤੇ ਪੈਟਰੋਲ ਦੀਆਂ ਕੀਮਤਾਂ ਵੀ ਉਚਾਈ 'ਤੇ ਹਨ। ਅਜਿਹੇ 'ਚ ਅਗਾਮੀ ਬਜਟ ਦੌਰਾਨ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ 'ਤੇ ਲੱਗਣ ਵਾਲੀ ਐਕਸਾਈਜ਼ ਡਿਊਟੀ 'ਚ ਕਟੌਤੀ ਦੀ ਉਮੀਦ ਜਤਾਈ ਜਾ ਰਹੀ ਹੈ। ਹੋ ਸਕਦਾ ਹੈ ਕਿ ਮੱਧ ਵਰਗ ਨੂੰ ਖੁਸ਼ ਕਰਨ ਲਈ ਸਰਕਾਰ ਇਸ ਨੂੰ ਲੈ ਕੇ ਐਲਾਨ ਕਰ ਦੇਵੇ।
 

ਡਿਜੀਟਲ ਲੈਣ-ਦੇਣ ਹੋ ਸਕਦੈ ਸਸਤਾ
ਲੰਬੇ ਸਮੇਂ ਤੋਂ ਕੇਂਦਰ ਸਰਕਾਰ ਦੇਸ਼ 'ਚ ਡਿਜੀਟਲ ਲੈਣ-ਦੇਣ ਨੂੰ ਵਾਧਾ ਦੇ ਰਹੀ ਹੈ ਅਤੇ ਅਗਾਮੀ ਬਜਟ 'ਚ ਇਸ ਨੂੰ ਲੈ ਕੇ ਕਈ ਯੋਜਨਾਵਾਂ ਦੀ ਸ਼ੁਰੂਆਤ ਹੋ ਸਕਦੀ ਹੈ। ਭੀਮ ਐਪ ਜ਼ਰੀਏ ਲੈਣ-ਦੇਣ ਨੂੰ ਉਤਸ਼ਾਹਤ ਕਰਨ ਲਈ ਆਫਰ ਦਿੱਤੇ ਜਾ ਸਕਦੇ ਹਨ। ਇਸ ਦੇ ਇਲਾਵਾ ਪੈਟਰੋਲ-ਡੀਜ਼ਲ ਅਤੇ ਰੋਜ਼ਾਨਾ ਇਸਤੇਮਾਲ ਦੇ ਦੂਜੇ ਸਾਮਾਨਾਂ ਦੀ ਖਰੀਦ ਲਈ ਡਿਜੀਟਲ ਪੇਮੈਂਟ ਨੂੰ ਵਾਧਾ ਦੇਣ ਲਈ ਵੀ ਐਲਾਨ ਹੋ ਸਕਦੇ ਹਨ।
 

ਰੁਜ਼ਗਾਰ ਵਧਾਉਣ 'ਤੇ ਹੋਵੇਗਾ ਜ਼ੋਰ
ਦੇਸ਼ 'ਚ ਜ਼ਿਆਦਾ ਤੋਂ ਜ਼ਿਆਦਾ ਉੱਦਮੀ ਤਿਆਰ ਕਰਕੇ ਰੁਜ਼ਗਾਰ ਨੂੰ ਵਾਧਾ ਦੇਣ ਲਈ ਸਰਕਾਰ ਨੇ ਮੁਦਰਾ ਯੋਜਨਾ ਸ਼ੁਰੂ ਕਰ ਰੱਖੀ ਹੈ। ਅਜਿਹੀ ਉਮੀਦ ਹੈ ਕਿ ਬਜਟ 'ਚ ਮੁਦਰਾ ਯੋਜਨਾ ਨੂੰ ਹੋਰ ਸਰਲ ਬਣਾਉਣ ਅਤੇ ਜ਼ਿਆਦਾ ਲੋਨ ਦੇਣ ਨੂੰ ਲੈ ਕੇ ਵੀ ਸਰਕਾਰ ਕੋਈ ਐਲਾਨ ਕਰ ਸਕਦੀ ਹੈ। ਇਸ ਦੇ ਇਲਾਵਾ ਇੰਫ੍ਰਾਸਟ੍ਰਕਚਰ, ਸਰਵਿਸ, ਨਿਰਮਾਣ, ਖੇਤੀਬਾੜੀ, ਰਿਟੇਲ ਅਤੇ ਹੋਰ ਕਈ ਸੈਕਟਰ ਜੋ ਜ਼ਿਆਦਾ ਤੋਂ ਜ਼ਿਆਦਾ ਰੁਜ਼ਗਾਰ ਪੈਦਾ ਕਰ ਸਕਦੇ ਹਨ, ਉਨ੍ਹਾਂ ਨੂੰ ਉਤਸ਼ਾਹਤ ਕਰਨ ਲਈ ਐਲਾਨ ਹੋ ਸਕਦੇ ਹਨ।


Related News