BSNL ਕਰੇਗਾ ਆਪਣੇ 70 ਤੋਂ 80 ਹਜ਼ਾਰ ਕਰਮਚਾਰੀਆਂ ਨੂੰ ਰਿਟਾਇਰ

Thursday, Sep 05, 2019 - 10:17 AM (IST)

BSNL ਕਰੇਗਾ ਆਪਣੇ 70 ਤੋਂ 80 ਹਜ਼ਾਰ ਕਰਮਚਾਰੀਆਂ ਨੂੰ ਰਿਟਾਇਰ

ਨਵੀਂ ਦਿੱਲੀ — ਭਾਰੀ ਘਾਟੇ ਦਾ ਸਾਹਮਣਾ ਕਰ ਰਹੀ ਸਰਕਾਰੀ ਟੈਲੀਕਾਮ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਇਕ ਪਾਸੇ ਜ਼ਮੀਨ ਕਿਰਾਏ ’ਤੇ ਦੇ ਕੇ ਪੈਸੇ ਜੁਟਾ ਰਹੀ ਹੈ ਤਾਂ ਦੂਜੇ ਪਾਸੇ ਖਰਚ ’ਚ ਕਟੌਤੀ ਲਈ ਆਪਣੇ ਅੱਧੇ ਕਰਮਚਾਰੀਆਂ ਨੂੰ ਵਾਲੰਟੀਅਰ ਰਿਟਾਇਰਮੈਂਟ ਦੇਣ ਨੂੰ ਤਿਆਰ ਹੈ। ਸਰਕਾਰ ਵੱਲੋਂ ਮਨਜ਼ੂਰੀ ਮਿਲਦੇ ਹੀ ਇਨ੍ਹਾਂ ਕਰਮਚਾਰੀਆਂ ਨੂੰ ਇਕ ਆਕਰਸ਼ਕ ਪੈਕੇਜ ਦੇ ਕੇ ਰਿਟਾਇਰ ਕਰ ਦਿੱਤਾ ਜਾਵੇਗਾ। ਬੀ. ਐੱਸ. ਐੱਨ. ਐੱਲ. ਦੇ ਚੇਅਰਮੈਨ ਪ੍ਰਵੀਣ ਕੁਮਾਰ ਪੁਰਵਾਰ ਨੇ ਇਹ ਗੱਲ ਕਹੀ ਹੈ।

ਪੁਰਵਾਰ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ,‘‘ਅਸੀਂ ਵਾਲੰਟੀਅਰ ਰਿਟਾਇਰਮੈਂਟ ਸਕੀਮ (ਵੀ. ਆਰ. ਐੱਸ.) ਪ੍ਰਸਤਾਵ ’ਤੇ ਵਿਚਾਰ ਕਰ ਰਹੇ ਹਾਂ। ਅਸੀਂ 70 ਤੋਂ 80 ਹਜ਼ਾਰ ਕਰਮਚਾਰੀਆਂ ਨੂੰ ਵੀ. ਆਰ. ਐੱਸ. ਦੇਣਾ ਚਾਹੁੰਦੇ ਹਾਂ। ਇਸ ਨੂੰ ਆਕਰਸ਼ਕ ਬਣਾਇਆ ਜਾਵੇਗਾ ਤਾਂ ਕਿ ਉਨ੍ਹਾਂ ਨੂੰ ਇਹ ਪਸੰਦ ਆਵੇ।’’

ਰੈਵੇਨਿਊ ਹੈ ਪਹਿਲੀ ਪਹਿਲ, ਆਪ੍ਰੇਸ਼ਨਲ ਖਰਚ ਦਾ ਪ੍ਰਬੰਧਨ ਦੂਜੇ ਨੰਬਰ ’ਤੇ

ਪੁਰਵਾਰ ਨੇ ਕਿਹਾ ਕਿ ਦੂਜੀਆਂ ਟੈਲੀਕਾਮ ਕੰਪਨੀਆਂ ਦੀ ਤਰ੍ਹਾਂ ਬੀ. ਐੱਸ. ਐੱਨ. ਐੱਲ. ਨੂੰ ਵੀ ਵਿੱਤੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੁਰਵਾਰ ਨੇ ਆਪਣੀ ਪਹਿਲਾਂ ਨੂੰ ਗਿਣਾਉਂਦੇ ਹੋਏ ਕਿਹਾ ਕਿ ਰੈਵੇਨਿਊ ਸਾਡੀ ਪਹਿਲੀ ਪਹਿਲ ਹੈ। ਆਪ੍ਰੇਸ਼ਨਲ ਖਰਚ ਦਾ ਪ੍ਰਬੰਧਨ ਦੂਜੇ ਨੰਬਰ ’ਤੇ ਹੈ। ਕਈ ਅਜਿਹੇ ਖਰਚ ਹਨ, ਜਿਨ੍ਹਾਂ ’ਤੇ ਅਸੀਂ ਦੁਬਾਰਾ ਵਿਚਾਰ ਕਰ ਸਕਦੇ ਹਾਂ ਅਤੇ ਕੁੱਝ ਪਹਿਲਾਂ ਜ਼ਰੀਏ ਇਨ੍ਹਾਂ ਨੂੰ ਕੰਟਰੋਲ ਕਰ ਸਕਦੇ ਹਾਂ। ਆਊਟਸੋਰਸਿੰਗ ’ਚ ਕਮੀ ਲਿਆਂਦੀ ਜਾ ਸਕਦੀ ਹੈ, ਅਸੀਂ ਇਨ-ਹਾਊਸ ਟੈਲੇਂਟ ਦੀ ਵਧੀਆ ਵਰਤੋਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਊਰਜਾ ’ਤੇ 2700 ਕਰੋਡ਼ ਰੁਪਏ ਦਾ ਖਰਚ ਆਉਂਦਾ ਹੈ, ਅਸੀਂ ਊਰਜਾ ਖਪਤ ’ਚ 15 ਫੀਸਦੀ ਕਮੀ ਲਿਆਉਣ ਦੀ ਕੋਸ਼ਿਸ਼ ਕਰਾਂਗੇ।’’ ਲੈਂਡ ਏਸੈੱਸਟ ਤੋਂ ਰੈਵੇਨਿਊ ਜੁਟਾਉਣ ਦੀ ਕੋਸ਼ਿਸ਼ ਦੇ ਬਾਰੇ ਚੇਅਰਮੈਨ ਨੇ ਦੱਸਿਆ ਕਿ ਅਸੀਂ ਜ਼ਮੀਨ ਲੀਜ਼ ਅਤੇ ਰੈਂਟ ’ਤੇ ਦੇ ਕੇ ਵਾਧੂ ਕਮਾਈ ਕਰ ਰਹੇ ਹਾਂ। ਅਜੇ ਅਸੀਂ 200 ਕਰੋਡ਼ ਰੁਪਏ ਦੇ ਮਾਲੀਆ ਦੀ ਉਮੀਦ ਕਰ ਰਹੇ ਹਾਂ।

ਇੰਨੇ ਕਰਮਚਾਰੀਆਂ ਨੂੰ ਰਿਟਾਇਰ ਕਰ ਦਿੱਤੇ ਜਾਣ ਤੋਂ ਬਾਅਦ ਕੰਮ ਕਿਵੇਂ ਚੱਲੇਗਾ? ਇਸ ਦੇ ਜਵਾਬ ’ਚ ਉਨ੍ਹਾਂ ਕਿਹਾ ਕਿ ਲੋਕਾਂ ਨੂੰ ਮਹੀਨਾਵਾਰ ਕੰਟਰੈਕਟ ਦੇ ਆਧਾਰ ’ਤੇ ਰੱਖਣ ਦਾ ਵੀ ਬਦਲ ਹੋਵੇਗਾ। ਅਜੇ ਵੀ ਬੀ. ਐੱਸ. ਐੱਨ. ਐੱਲ. ’ਚ ਬਹੁਤ ਕਰਮਚਾਰੀ ਹਨ। ਜੇਕਰ 60 ਤੋਂ 70 ਹਜ਼ਾਰ ਵੀ ਵੀ. ਆਰ. ਐੱਸ. ਲੈਂਦੇ ਹਨ ਤਾਂ 1 ਲੱਖ ਕਰਮਚਾਰੀ ਬਚਣਗੇ।


Related News