ਵੋਡਾ-Idea, ਜਿਓ ਤੇ Airtel ਨੂੰ ਟੱਕਰ ਦੇਣ ਲਈ ਸਰਕਾਰ ਵੱਲੋਂ BSNL ਨੂੰ ਬਿਗ ਬੂਸਟ

Sunday, Dec 29, 2019 - 11:12 AM (IST)

ਨਵੀਂ ਦਿੱਲੀ— ਬਾਜ਼ਾਰ 'ਚ ਜਲਦ ਹੀ ਬੀ. ਐੱਸ. ਐੱਨ. ਐੱਲ. ਵੀ ਰਿਲਾਇੰਸ ਜਿਓ, ਵੋਡਾ ਆਈਡੀਆ ਤੇ ਏਅਰਟੈੱਲ ਨੂੰ ਟੱਕਰ ਦਿੰਦੀ ਦਿਸ ਸਕਦੀ ਹੈ। ਹਾਲ ਹੀ 'ਚ ਸਰਕਾਰ ਨੇ ਬੀ. ਐੱਸ. ਐੱਨ. ਐੱਲ. ਤੇ ਐੱਮ. ਟੀ. ਐੱਨ. ਐੱਲ. ਦੋਹਾਂ ਟੈਲੀਕਾਮ ਕੰਪਨੀਆਂ ਦੇ ਪੁਨਰ ਸੁਰਜੀਤੀ ਲਈ 69,000 ਕਰੋੜ ਰੁਪਏ ਦੀ ਯੋਜਨਾ ਦਾ ਐਲਾਨ ਕੀਤਾ ਸੀ। ਹੁਣ ਇਸ ਯੋਜਨਾ ਨੂੰ ਲਾਗੂ ਕਰਨ ਅਤੇ ਨਿਗਰਾਨੀ ਲਈ ਸੱਤ ਮੈਂਬਰੀ ਮੰਤਰੀ ਸਮੂਹ ਬਣਾਇਆ ਗਿਆ ਹੈ।

 

ਸੂਤਰਾਂ ਮੁਤਾਬਕ, ਇਸ ਮੰਤਰੀ ਸਮੂਹ 'ਚ ਰੱਖਿਆ ਮੰਤਰੀ ਰਾਜਨਾਥ ਸਿੰਘ, ਸੂਚਨਾ ਤਕਨਾਲੋਜੀ ਤੇ ਦੂਰਸੰਚਾਰ ਮੰਤਰੀ ਰਵੀ ਸ਼ੰਕਰ ਪ੍ਰਸਾਦ, ਗ੍ਰਹਿ ਮੰਤਰੀ ਅਮਿਤ ਸ਼ਾਹ, ਵਿੱਤ ਮੰਤਰੀ ਨਿਰਮਲਾ ਸੀਤਾਰਮਨ, ਵਣਜ ਮੰਤਰੀ ਪੀਯੂਸ਼ ਗੋਇਲ ਤੇ ਪੈਟਰੋਲੀਅਮ ਮੰਤਰੀ ਧਰਮਿੰਦਰ ਪ੍ਰਧਾਨ ਸ਼ਾਮਲ ਹਨ।

ਸਰਕਾਰ ਨੇ ਬੀ. ਐੱਸ. ਐੱਨ. ਐੱਲ. ਤੇ ਐੱਮ. ਟੀ. ਐੱਨ. ਐੱਲ. ਦੀ ਮੁੜ ਸੁਰਜੀਤੀ ਲਈ ਇਸ ਸਾਲ ਅਕਤੂਬਰ 'ਚ 69 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਨੂੰ ਮਨਜ਼ੂਰੀ ਦਿੱਤੀ ਸੀ। ਐੱਮ. ਟੀ. ਐੱਨ. ਐੱਲ. ਦਿੱਲੀ ਤੇ ਮੁੰਬਈ 'ਚ ਸੇਵਾਵਾਂ ਪ੍ਰਦਾਨ ਕਰਦੀ ਹੈ, ਜਦੋਂ ਕਿ ਬੀ. ਐੱਸ. ਐੱਨ. ਐੱਲ. ਇਨ੍ਹਾਂ ਦੋਹਾਂ ਸ਼ਹਿਰਾਂ ਨੂੰ ਛੱਡ ਕੇ ਸਾਰੇ ਦੇਸ਼ 'ਚ ਸੰਚਾਰ ਸੇਵਾਵਾਂ ਪ੍ਰਦਾਨ ਕਰਦੀ ਹੈ। ਪੁਨਰ ਸੁਰਜੀਤ ਯੋਜਨਾ ਤਹਿਤ ਇਨ੍ਹਾਂ ਦੋਹਾਂ ਕੰਪਨੀਆਂ ਦੇ ਲਗਭਗ 92,700 ਕਰਮਚਾਰੀਆਂ ਨੇ ਵੀ. ਆਰ. ਐੱਸ. ਸਕੀਮ ਤਹਿਤ ਅਰਜ਼ੀ ਦਿੱਤੀ ਹੈ। ਇਸ ਨਾਲ ਕੰਪਨੀਆਂ ਦੇ ਤਨਖਾਹ ਬਿੱਲ 'ਚ 8,800 ਕਰੋੜ ਰੁਪਏ ਸਾਲਾਨਾ ਦੀ ਬਚਤ ਹੋਏਗੀ, ਜੋ ਕਿ ਇਸ ਦੇ ਮੁੜ ਉਭਰਨ 'ਚ ਮਦਦਗਾਰ ਸਾਬਤ ਹੋਵੇਗੀ। ਦੋਵੇਂ ਕੰਪਨੀਆਂ ਪਿਛਲੇ ਅੱਠ-ਨੌਂ ਸਾਲਾਂ ਤੋਂ ਘਾਟੇ ਦਾ ਸਾਹਮਣਾ ਕਰ ਰਹੀਆਂ ਹਨ। ਇਸ ਤੋਂ ਇਲਾਵਾ ਇਨ੍ਹਾਂ ਨੇ ਅਗਲੇ ਤਿੰਨ ਸਾਲਾਂ 'ਚ ਆਪਣੀ ਜਾਇਦਾਦ ਦੀ ਵਿਕਰੀ ਤੋਂ 37,500 ਕਰੋੜ ਰੁਪਏ ਪ੍ਰਾਪਤ ਕਰਨ ਦੀ ਵੀ ਯੋਜਨਾ ਬਣਾਈ ਹੈ। ਸਰਕਾਰ ਵੱਲੋਂ ਨਵੀਂ ਸਪੈਕਟ੍ਰਮ ਨਿਲਾਮੀ 'ਚ ਬੀ. ਐੱਸ. ਐੱਨ. ਐੱਲ. ਨੂੰ 4-ਜੀ ਸਪੈਕਟ੍ਰਮ ਵੀ ਦਿੱਤਾ ਜਾਵੇਗਾ। ਇਸ ਨਾਲ ਸਰਕਾਰੀ ਦੂਰਸੰਚਾਰ ਕੰਪਨੀ ਨੂੰ ਬਾਜ਼ਾਰ 'ਚ ਮੁਕਾਬਲਾ ਕਰਨ ਦੀ ਤਾਕਤ ਮਿਲੇਗੀ।


Related News