BSNL ਦੇ 78,000 ਤੋਂ ਵੱਧ ਕਰਮਚਾਰੀ ਵੀ. ਆਰ. ਐੱਸ. ਤਹਿਤ ਹੋਏ ਰਿਟਾਇਰਡ

Thursday, Aug 05, 2021 - 05:58 PM (IST)

ਨਵੀਂ ਦਿੱਲੀ- ਸਰਕਾਰ ਨੇ ਵੀਰਵਾਰ ਨੂੰ ਕਿਹਾ ਕਿ ਭਾਰਤ ਸੰਚਾਰ ਨਿਗਮ ਲਿਮਟਿਡ (ਬੀ. ਐੱਸ. ਐੱਨ. ਐੱਲ.) ਵਿਚ ਕੁੱਲ 1,49,577 ਕਰਮਚਾਰੀ ਸਨ, ਜਿਨ੍ਹਾਂ ਵਿਚੋਂ 78,323 ਲੋਕ ਸਵੈ-ਇੱਛਕ ਸੇਵਾ ਮੁਕਤੀ ਯੋਜਨਾ (ਵੀ. ਆਰ. ਐੱਸ.) ਅਧੀਨ ਸੇਵਾਮੁਕਤ ਹੋਏ ਹਨ। ਸੰਚਾਰ ਰਾਜ ਮੰਤਰੀ ਦੇਵਸਿੰਘ ਚੌਹਾਨ ਨੇ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ। 


ਉਨ੍ਹਾਂ ਕਿਹਾ ਕਿ 1 ਜਨਵਰੀ, 2020 ਤੱਕ ਬੀ. ਐੱਸ. ਐੱਨ. ਐੱਲ. ਕਰਮਚਾਰੀਆਂ ਦੀ ਕੁੱਲ ਗਿਣਤੀ 1,49,577 ਸੀ। ਇਸ ਤੋਂ ਬਾਅਦ ਵੀ. ਆਰ. ਐੱਸ. ਤਹਿਤ 78,323 ਕਰਮਚਾਰੀ ਆਪਣੀ ਮਰਜ਼ੀ ਨਾਲ ਸੇਵਾਮੁਕਤ ਹੋਏ ਹਨ। ਚੌਹਾਨ ਨੇ ਕਿਹਾ ਕਿ ਵੀ. ਆਰ. ਐੱਸ. ਲੈਣ ਵਾਲੇ ਕਰਮਚਾਰੀਆਂ ਦੇ ਸਬੰਧ ਵਿਚ ਵਿਭਾਗ ਵੱਲੋਂ ਬੀ. ਐੱਸ. ਐੱਨ. ਐੱਲ. ਨੂੰ ਕੀਤੇ ਜਾਣ ਵਾਲੇ ਭੁਗਤਾਨ ਦੀ ਕੋਈ ਰਾਸ਼ੀ ਬਕਾਇਆ ਨਹੀਂ ਹੈ। ਵਿਭਾਗ ਨੇ ਵੀ. ਆਰ. ਐੱਸ. ਲੈਣ ਵਾਲੇ ਕਰਮਚਾਰੀਆਂ ਲਈ ਬੀ. ਐੱਸ. ਐੱਨ. ਐੱਲ. ਨੂੰ ਐਕਸ-ਗ੍ਰੇਸ਼ੀਆ ਦੇ ਰੂਪ ਵਿਚ 13,542.05 ਕਰੋੜ ਰੁਪਏ ਦੀ ਰਾਸ਼ੀ ਦਾ ਭੁਗਤਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਬੀ. ਐੱਸ. ਐੱਨ. ਐੱਲ. ਨੇ ਦੱਸਿਆ ਕਿ ਕੁਝ ਕਰਮਚਾਰੀਆਂ ਦੀ ਤਸਦੀਕ ਲੰਬਿਤ ਹੈ ਸਿਰਫ ਉਨ੍ਹਾਂ ਕੁਝ ਕਰਮਚਾਰੀਆਂ ਨੂੰ ਹੀ ਐਕਸ-ਗ੍ਰੇਸ਼ੀਆ ਰਾਸ਼ੀ ਦਾ ਭੁਗਤਾਨ ਨਹੀਂ ਕੀਤਾ ਗਿਆ ਹੈ।।

ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਦੱਸਿਆ ਕਿ 5ਜੀ ਤਕਨੀਕ ਅਜੇ ਤੱਕ ਸ਼ੁਰੂ ਨਹੀਂ ਕੀਤੀ ਗਈ ਹੈ। ਹਾਲਾਂਕਿ, ਦੂਰਸੰਚਾਰ ਵਿਭਾਗ ਨੇ ਛੇ ਮਹੀਨਿਆਂ ਦੀ ਵੈਲਡਿਟੀ ਨਾਲ 5ਜੀ ਪ੍ਰੀਖਣਾਂ ਲਈ ਭਾਰਤੀ ਏਅਰਟੈੱਲ, ਰਿਲਾਇੰਸ ਕਮਿਊਨੀਕੇਸ਼ਨਸ, ਵੋਡਾਫੋਨ ਆਈਡੀਆ ਨੂੰ 27 ਮਈ 2021 ਅਤੇ ਮਹਾਨਗਰ ਟੈਲੀਫੋਨ ਨਿਗਮ ਨੂੰ 23 ਜੂਨ 2021 ਤੋਂ ਇਸ ਲਈ ਮਨਜ਼ੂਰੀ ਦਿੱਤੀ ਹੈ। ਚੌਹਾਨ ਨੇ ਲੈਂਡਲਾਈਨ ਫੋਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ 31 ਮਾਰਚ  ਦੀ ਸਥਿਤੀ ਅਨੁਸਾਰ 2019 ਵਿਚ ਦੇਸ਼ ਦੇ ਵੱਖ-ਵੱਖ ਰਾਜਾਂ ਵਿਚ 2.17 ਕਰੋੜ ਕੁਨੈਕਸ਼ਨ ਸਨ, ਜੋ 2020 ਵਿਚ ਘੱਟ ਕੇ 1.91 ਕਰੋੜ ਰਹਿ ਗਏ। ਹਾਲਾਂਕਿ, 2021 ਵਿਚ ਇਸ ਵਿਚ ਵਾਧਾ ਹੋਇਆ ਅਤੇ ਇਹ ਵੱਧ ਕੇ 2.02 ਕਰੋੜ ਹੋ ਗਏ। ਉਨ੍ਹਾਂ ਕਿਹਾ ਕਿ 31 ਮਈ 2021 ਦੀ ਸਥਿਤੀ ਅਨੁਸਾਰ, ਲੈਂਡਲਾਈਨਫੋਨ ਕੁਨੈਕਸ਼ਨ ਵੱਧ ਕੇ 2.16 ਕਰੋੜ ਹੋ ਗਏ।
 


Sanjeev

Content Editor

Related News