ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਦੁਨੀਆ ਭਰ ’ਚ ਠੱਪ, ਕਈ ਘੰਟਿਆਂ ਤੱਕ ਏਅਰਪੋਰਟ ’ਤੇ ਫਸੇ ਰਹੇ ਮੁਸਾਫਰ

Wednesday, Dec 21, 2022 - 11:44 AM (IST)

ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਦੁਨੀਆ ਭਰ ’ਚ ਠੱਪ, ਕਈ ਘੰਟਿਆਂ ਤੱਕ ਏਅਰਪੋਰਟ ’ਤੇ ਫਸੇ ਰਹੇ ਮੁਸਾਫਰ

ਨਵੀਂ ਦਿੱਲੀ–ਬ੍ਰਿਟਿਸ਼ ਏਅਰਵੇਜ਼ ਦੀਆਂ ਉਡਾਣਾਂ ਇਕ ਤਕਨੀਕੀ ਖਾਮੀ ਕਾਰਨ ਯੂ. ਐੱਸ. ਦੇ ਜਾਨ ਐੱਫ. ਕੈਨੇਡੀ ਇੰਟਰਨੈਸ਼ਨਲ ਏਅਰਪੋਰਟ ’ਤੇ ਕਈ ਘੰਟਿਆਂ ਤੱਕ ਖੜ੍ਹੀਆਂ ਹਨ। ਟਵਿਟਰ ’ਤੇ ਲੋਕਾਂ ਨੇ ਇਸ ’ਤੇ ਰੋਸ ਪ੍ਰਗਟਾਉਂਦੇ ਹੋਏ ਦੱਸਿਆ ਕਿ ਜਹਾਜ਼ ਰਨਵੇਅ ’ਤੇ ਘੰਟਿਆਂ ਬੱਧੀ ਖੜੇ ਰਹੇ ਅਤੇ ਫਿਰ ਉਨ੍ਹਾਂ ਲੋਕਾਂ ਨੂੰ ਉੱਥੋਂ ਉਤਾਰ ਕੇ ਵਾਪਸ ਏਅਰਪੋਰਟ ਦੇ ਅੰਦਰ ਭੇਜ ਦਿੱਤਾ ਗਿਆ। ਬ੍ਰਿਟਿਸ਼ ਏਅਰਵੇਜ਼ ਨੇ ਇਸ ਮਾਮਲੇ ਨੂੰ ਲੈ ਕੇ ਮੁਸਾਫਰਾਂ ਤੋਂ ਮਾਫੀ ਮੰਗੀ ਹੈ ਅਤੇ ਕਿਹਾ ਹੈ ਕਿ ਇਕ ਥਰਡ ਪਾਰਟੀ ਫਲਾਈਟ ਪਲਾਨਿੰਗ ਸਪਲਾਇਰ ਵਲੋਂ ਹੋਈ ਤਕਨੀਕੀ ਗੜਬੜੀ ਕਾਰਨ ਅਜਿਹਾ ਹੋਇਆ ਹੈ।

ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਉਹ ਇਸ ਮਾਮਲੇ ਦੀ ਤੁਰੰਤ ਪ੍ਰਭਾਵ ਨਾਲ ਜਾਂਚ ਕਰ ਰਹੀ ਹੈ। ਬ੍ਰਿਟਿਸ਼ ਏਅਰਵੇਜ਼ ਨੇ ਕਿਹਾ ਕਿ ਇਸ ਪ੍ਰੇਸ਼ਾਨੀ ਕਾਰਨ ਮੁਸਾਫਰਾਂ ਦੇ ਕੰਮ ’ਚ ਆਈ ਕਿਸੇ ਵੀ ਤਰ੍ਹਾਂ ਦੀ ਰੁਕਾਵਟ ਲਈ ਅਸੀਂ ਮੁਆਫੀ ਚਾਹੁੰਦੇ ਹਾਂ। ਅਸੀਂ ਛੇਤੀ ਤੋਂ ਛੇਤੀ ਇਨ੍ਹਾਂ ਉਡਾਣਾਂ ਨੂੰ ਉੱਥੋਂ ਰਵਾਨਾ ਕਰਨ ਦਾ ਯਤਨ ਕਰ ਰਹੇ ਹਾਂ।

ਦੁਨੀਆ ਭਰ ’ਚ ਰੁਕੀਆਂ ਬ੍ਰਿਟਿਸ਼ ਏਅਰਵੇਜ਼ ਦੀਆਂ ਫਲਾਈਟਸ

ਟਵਿਟਰ ’ਤੇ ਲੋਕਾਂ ਦਾ ਦਾਅਵਾ ਹੈ ਕਿ ਬ੍ਰਿਟਿਸ਼ ਏਅਰਵੇਜ਼ ਦਾ ਕੰਪਿਊਟਰ ਸਿਸਟਮ ਠੱਪ ਹੋਣ ਕਾਰਨ ਉਨ੍ਹਾਂ ਦੀ ਫਲਾਈਟਸ ਦਾ ਸੰਚਾਲਨ ਰੁਕ ਗਿਆ ਹੈ। ਇਕ ਟਵਿਟਰ ਯੂਜ਼ਰ ਨੇ ਵਿਅੰਗਮਈ ਢੰਗ ਨਾਲ ਲਿਖਿਆ ਕਿ ਬਾਸਟਨ ਏਅਰਪੋਰਟ ’ਤੇ ਬ੍ਰਿਟਿਸ਼ ਏਅਰਵੇਜ਼ ਦੀ ਕ੍ਰਿਸਮਸ ਪਾਰਟੀ ’ਚ ਬਹੁਤ ਮਜ਼ਾ ਆਇਆ। ਦੁੱਖ ਦੀ ਗੱਲ ਇਹ ਹੈ ਕਿ ਇਨ੍ਹਾਂ ਨੇ ਆਪਣੇ ਟੈਕਨੀਕਲ ਸਪੋਰਟ ਦਾ ਭੁਗਤਾਨ ਨਹੀਂ ਕੀਤਾ ਹੈ, ਜਿਸ ਕਾਰਨ ਦੁਨੀਆ ਭਰ ’ਚ ਇਨ੍ਹਾਂ ਦੀਆਂ ਫਲਾਈਟਸ ਏਅਰਪੋਰਟਸ ’ਤੇ ਖੜ੍ਹੀਆਂ ਹਨ। ਚੰਗੀ ਗੱਲ ਇਹ ਹੈ ਕਿ ਸਾਨੂੰ ਸਾਰਿਆਂ ਨੂੰ ਏਅਰਪੋਰਟ ’ਤੇ ਉਸ ਤੋਂ ਵੱਧ ਸਮਾਂ ਬਿਤਾਉਣ ਦਾ ਮੌਕਾ ਮਿਲਿਆ, ਜਿੰਨਾ ਅਸੀਂ ਸੋਚਿਆ ਸੀ। ਉਨ੍ਹਾਂ ਨੇ ਅੱਗੇ ਲਿਖਿਆ ਕਿ ਮੈਨੂੰ ਸਵੇਰ ਦੇ 1 ਵਜੇ ਇੱਥੇ ਏਅਰਪੋਰਟ ਹੋਟਸ ਰੂਮਜ਼ ਲੱਭਣ ’ਚ ਬਹੁਤ ਮਜ਼ਾ ਆ ਰਿਹਾ ਹੈ।


author

Aarti dhillon

Content Editor

Related News