ਨਿੱਜੀਕਰਨ ਦੀ ਰਾਹ ''ਤੇ ਖੜੀ BPCL ਨੂੰ ਲੈ ਕੇ ਸਰਕਾਰ ਦਾ ਵੱਡਾ ਫ਼ੈਸਲਾ
Tuesday, Sep 01, 2020 - 09:32 PM (IST)
ਨਵੀਂ ਦਿੱਲੀ— ਨਿੱਜੀਕਰਨ ਦੀ ਰਾਹ 'ਤੇ ਅੱਗੇ ਵੱਧ ਰਹੀ ਜਨਤਕ ਖੇਤਰ ਦੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) 'ਚ ਮੰਗਲਵਾਰ ਨੂੰ ਉਸ ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਦੇ ਅਹੁਦੇ ਸਮੇਤ ਦੋ ਅਹਿਮ ਅਹੁਦੇ ਖ਼ਾਲੀ ਹੋ ਗਏ ਹਨ। ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਕੰਪਨੀ ਦਾ ਨਵਾਂ ਮਾਲਕ ਹੀ ਹੁਣ ਇਨ੍ਹਾਂ ਅਹੁਦਿਆਂ 'ਤੇ ਨਿਯੁਕਤੀ ਕਰੇਗਾ।
ਬੀ. ਪੀ. ਸੀ. ਐੱਲ. ਦੇ ਚੇਅਰਮੈਨ ਤੇ ਪ੍ਰਬੰਧਕ ਨਿਰਦੇਸ਼ਕ ਡੀ. ਰਾਜਕੁਮਾਰ ਅਤੇ ਨਿਰਦੇਸ਼ਕ (ਰਿਫਾਇਨਰੀ) ਆਰ. ਰਾਮਚੰਦਰਨ 60 ਸਾਲ ਦੀ ਉਮਰ ਪੂਰੀ ਹੋਣ 'ਤੇ 31 ਅਗਸਤ ਨੂੰ ਸੇਵਾਮੁਕਤ ਹੋਏ ਹਨ। ਕੰਪਨੀ ਦੇ ਇਕ ਉੱਚ ਸੂਤਰ ਨੇ ਕਿਹਾ ਕਿ ਬੀ. ਪੀ. ਸੀ. ਐੱਲ. ਦੇ ਬਾਕੀ ਬਚੇ ਨਿਰਦੇਸ਼ਕ ਹੀ ਇਨ੍ਹਾਂ ਅਹੁਦਿਆਂ ਦਾ ਵਾਧੂ ਕੰਮਕਾਰ ਦੇਖਣਗੇ।
ਸੂਤਰ ਨੇ ਦੱਸਿਆ ਕਿ ਮਨੁੱਖੀ ਸਰੋਤ ਦੇ ਨਿਰਦੇਸ਼ਖ ਪਦਮਾਕਰ ਨੂੰ ਕੰਪਨੀ ਦੇ ਚੇਅਰਮੈਨ ਤੇ ਪ੍ਰਬੰਧ ਨਿਰਦੇਸ਼ਕ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਸਰਕਾਰ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਵੇਚ ਰਹੀ ਹੈ। ਇਸ ਲਈ ਇਰਾਦਾ ਪੱਤਰ ਦਾਖ਼ਲ ਕਰਨ ਦੀ ਅੰਤਿਮ ਤਾਰੀਖ਼ 30 ਸਤੰਬਰ ਨਿਰਧਾਰਤ ਕੀਤੀ ਗਈ ਹੈ।