BPCL ਹੋ ਜਾਏਗੀ ਪ੍ਰਾਈਵੇਟ, ਕਾਮਿਆਂ ਨੂੰ ਵੀ. ਆਰ. ਐੱਸ. ਦੀ ਪੇਸ਼ਕਸ਼
Sunday, Jul 26, 2020 - 02:06 PM (IST)
ਨਵੀਂ ਦਿੱਲੀ— ਸਰਕਾਰ ਦੇਸ਼ ਦੀ ਤੀਜੀ ਸਭ ਤੋਂ ਵੱਡੀ ਤੇਲ ਰਿਫਾਇਨਰੀ ਅਤੇ ਦੂਜੀ ਸਭ ਤੋਂ ਵੱਡੀ ਪੈਟਰੋਲੀਅਮ ਮਾਰਕੀਟਿੰਗ ਕੰਪਨੀ ਦਾ ਨਿੱਜੀਕਰਨ ਕਰਨ ਜਾ ਰਹੀ ਹੈ। ਸਰਕਾਰ ਬੀ. ਪੀ. ਸੀ. ਐੱਲ. 'ਚ ਆਪਣੀ ਪੂਰੀ 52.98 ਫੀਸਦੀ ਹਿੱਸੇਦਾਰੀ ਵੇਚ ਰਹੀ ਹੈ।
ਨਿੱਜੀਕਰਨ ਤੋਂ ਪਹਿਲਾਂ ਜਨਤਕ ਖੇਤਰ ਦੀ ਕੰਪਨੀ ਭਾਰਤ ਪੈਟਰੋਲੀਅਮ ਕਾਰਪੋਰੇਸ਼ਨ ਲਿਮਟਿਡ (ਬੀ. ਪੀ. ਸੀ. ਐੱਲ.) ਨੇ ਆਪਣੇ ਕਰਮਚਾਰੀਆਂ ਲਈ ਸਵੈ-ਇੱਛੁਕ ਸੇਵਾਮੁਕਤੀ ਯੋਜਨਾ (ਵੀ. ਆਰ. ਐੱਸ.) ਪੇਸ਼ ਕੀਤੀ ਹੈ।
ਕਰਮਚਾਰੀਆਂ ਨੂੰ ਭੇਜੇ ਗਏ ਇਕ ਅੰਦਰੂਨੀ ਨੋਟਿਸ 'ਚ ਬੀ. ਪੀ. ਸੀ. ਐੱਲ. ਨੇ ਕਿਹਾ, ''ਕੰਪਨੀ ਨੇ ਵੀ. ਆਰ. ਐੱਸ. ਦੀ ਪੇਸ਼ਕਸ਼ ਕਰਨ ਦਾ ਫੈਸਲਾ ਕੀਤਾ ਹੈ। ਇਹ ਯੋਜਨਾ ਉਨ੍ਹਾਂ ਲਈ ਹੈ ਜੋ ਵੱਖ-ਵੱਖ ਨਿੱਜੀ ਕਾਰਨਾਂ ਕਰਕੇ ਕੰਪਨੀ 'ਚ ਸੇਵਾਵਾਂ ਜਾਰੀ ਰੱਖਣ ਦੀ ਸਥਿਤੀ 'ਚ ਨਹੀਂ ਹਨ। ਉਹ ਕਰਮਚਾਰੀ ਵੀ. ਆਰ. ਐੱਸ. ਲਈ ਅਰਜ਼ੀ ਦੇ ਸਕਦੇ ਹਨ।'' ਭਾਰਤ ਪੈਟਰੋਲੀਅਮ ਵੀ. ਆਰ. ਐੱਸ. ਸਕੀਮ-2020 (ਬੀ. ਪੀ. ਵੀ. ਆਰ. ਐੱਸ.-2020) 23 ਜੁਲਾਈ ਤੋਂ ਖੁੱਲ੍ਹੀ ਹੈ, ਜੋ 13 ਅਗਸਤ ਨੂੰ ਬੰਦ ਹੋਵੇਗੀ।
ਕੰਪਨੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਵੀ. ਆਰ. ਐੱਸ. ਸਕੀਮ ਉਨ੍ਹਾਂ ਕਰਮਚਾਰੀਆਂ ਨੂੰ ਕੰਪਨੀ ਤੋਂ ਬਾਹਰ ਨਿਕਲਣ ਦਾ ਬਦਲ ਦੇਣ ਲਈ ਲਿਆਂਦੀ ਗਈ ਹੈ ਜੋ ਨਿੱਜੀ ਪ੍ਰਬੰਧਨ ਅਧੀਨ ਕੰਮ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਕੁਝ ਕਰਮਚਾਰੀ ਮਹਿਸੂਸ ਕਰਦੇ ਹਨ ਕਿ ਬੀ. ਪੀ. ਸੀ. ਐੱਲ. ਦੇ ਨਿੱਜੀਕਰਨ ਤੋਂ ਬਾਅਦ ਉਨ੍ਹਾਂ ਦੀ ਭੂਮਿਕਾ, ਸਥਿਤੀ ਜਾਂ ਸਥਾਨ ਬਦਲ ਸਕਦਾ ਹੈ। ਇਹ ਯੋਜਨਾ ਉਨ੍ਹਾਂ ਨੂੰ ਬਾਹਰ ਜਾਣ ਦਾ ਬਦਲ ਦਿੰਦੀ ਹੈ। ਕੰਪਨੀ ਦੇ 20,000 ਕਰਮਚਾਰੀ ਹਨ। ਅਧਿਕਾਰੀ ਨੇ ਕਿਹਾ ਕਿ ਪੰਜ ਤੋਂ ਦਸ ਫੀਸਦੀ ਕਰਮਚਾਰੀ ਵੀ. ਆਰ. ਐੱਸ. ਦੀ ਚੋਣ ਕਰ ਸਕਦੇ ਹਨ। ਵੀ. ਆਰ. ਐੱਸ. ਤਹਿਤ ਕਈ ਫਾਇਦੇ ਦਿੱਤੇ ਜਾ ਰਹੇ ਹਨ।