'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...

Wednesday, May 27, 2026 - 10:16 AM (IST)

'ਪੈਟਰੋਲ-ਡੀਜ਼ਲ ਤੇ ਸੋਨੇ ਦੇ ਭਾਅ ਵਧਣ ਦਾ ਅਸਰ, ਜੂਨ 'ਚ...

ਨਵੀਂ ਦਿੱਲੀ (ਏਜੰਸੀ) - ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ’ਚ ਲਗਾਤਾਰ ਵਾਧੇ ਅਤੇ ਸੋਨੇ-ਚਾਂਦੀ ਉੱਤੇ ਕਸਟਮ ਡਿਊਟੀ ਵਧਾਏ ਜਾਣ ਤੋਂ ਬਾਅਦ ਜੂਨ ’ਚ ਪ੍ਰਚੂਨ ਮਹਿੰਗਾਈ ਕਰੀਬ 5 ਫੀਸਦੀ ਤੱਕ ਪਹੁੰਚ ਸਕਦੀ ਹੈ। ਅਰਥਸ਼ਾਸਤਰੀਆਂ ਦਾ ਮੰਨਣਾ ਹੈ ਕਿ ਵਧਦੀ ਲਾਗਤ ਦਾ ਅਸਰ ਟਰਾਂਸਪੋਰਟ, ਸਟੋਰੇਜ਼ ਅਤੇ ਬਿਜਲੀ ਵਰਗੇ ਖੇਤਰਾਂ ਉੱਤੇ ਪਵੇਗਾ, ਜਿਸ ਨਾਲ ਆਮ ਖਪਤਕਾਰਾਂ ਉੱਤੇ ਮਹਿੰਗਾਈ ਦਾ ਦਬਾਅ ਵਧੇਗਾ।

15 ਮਈ ਤੋਂ ਸ਼ੁਰੂ ਹੋਈ 11 ਦਿਨਾਂ ਦੀ ਮਿਆਦ ’ਚ ਪੈਟਰੋਲ 7.38 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 7.48 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਚੁੱਕਾ ਹੈ। ਵਿਸ਼ਲੇਸ਼ਕਾਂ ਦੇ ਅਨੁਸਾਰ ਈਂਧਨ ਦੀਆਂ ਕੀਮਤਾਂ ’ਚ ਇਹ ਉਛਾਲ ਵਸਤੂਆਂ ਅਤੇ ਸੇਵਾਵਾਂ ਦੀ ਲਾਗਤ ਵਧਾ ਕੇ ਪ੍ਰਚੂਨ ਮਹਿੰਗਾਈ ਨੂੰ ਪ੍ਰਭਾਵਿਤ ਕਰੇਗਾ। ਸਰਕਾਰ ਨੇ 13 ਮਈ ਨੂੰ ਸੋਨੇ ਅਤੇ ਚਾਂਦੀ ਉੱਤੇ ਕਸਟਮ ਡਿਊਟੀ ਵਧਾ ਕੇ 15 ਫੀਸਦੀ ਕਰ ਦਿੱਤੀ ਸੀ।

ਈਵਾਈ ਇੰਡੀਆ ਦੇ ਮੁੱਖ ਨੀਤੀ ਸਲਾਹਕਾਰ ਡੀ. ਕੇ. ਸ਼੍ਰੀਵਾਸਤਵ ਨੇ ਕਿਹਾ ਕਿ ਈਂਧਨ ਕੀਮਤਾਂ ’ਚ ਔਸਤਨ 7.5 ਰੁਪਇਆ ਪ੍ਰਤੀ ਲੀਟਰ ਦੇ ਵਾਧੇ ਨਾਲ ਪ੍ਰਚੂਨ ਮਹਿੰਗਾਈ ’ਚ ਲੱਗਭਗ 0.75 ਫੀਸਦੀ ਦਾ ਵਾਧਾ ਹੋ ਸਕਦਾ ਹੈ। ਉਨ੍ਹਾਂ ਨੇ ਅਨੁਮਾਨ ਜਤਾਇਆ ਕਿ ਮਈ ’ਚ ਮੁਦਰਾਸਫੀਤੀ 4-4.5 ਫੀਸਦੀ ਅਤੇ ਜੂਨ ’ਚ 4.5-5 ਫੀਸਦੀ ਦੇ ਦਾਇਰੇ ’ਚ ਰਹਿ ਸਕਦੀ ਹੈ।

5 ਜੂਨ ਦੀ ਐੱਮ. ਪੀ. ਸੀ. ਮੀਟਿੰਗ ’ਤੇ ਬਾਜ਼ਾਰ ਦੀ ਨਜ਼ਰ
ਅਰਥਸ਼ਾਸਤਰੀਆਂ ਦੇ ਅਨੁਸਾਰ, ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ (ਐੱਮ. ਪੀ. ਸੀ.) 5 ਜੂਨ ਦੀ ਮੀਟਿੰਗ ’ਚ ਪ੍ਰਮੁੱਖ ਨੀਤੀਗਤ ਦਰਾਂ ਵਿਚ ਫਿਲਹਾਲ ਕੋਈ ਬਦਲਾਅ ਨਹੀਂ ਕਰੇਗੀ। ਹਾਲਾਂਕਿ, ਜੇਕਰ ਮਹਿੰਗਾਈ ਲਗਾਤਾਰ 5 ਫੀਸਦੀ ਤੋਂ ਉੱਪਰ ਬਣੀ ਰਹਿੰਦੀ ਹੈ, ਤਾਂ ਦੂਜੀ ਛਿਮਾਹੀ ’ਚ ਵਿਆਜ ਦਰਾਂ ’ਚ ਵਾਧਾ ਸੰਭਾਵੀ ਹੈ।

ਥੋਕ ਮਹਿੰਗਾਈ 42 ਮਹੀਨਿਆਂ ਦੇ ਉੱਚ ਪੱਧਰ ’ਤੇ ਪਹੁੰਚੀ
ਅਪ੍ਰੈਲ ’ਚ ਥੋਕ ਮੁੱਲ ਸੂਚਕ ਅੰਕ ਆਧਾਰਿਤ ਮੁਦਰਾਸਫੀਤੀ 8.3 ਫੀਸਦੀ ਉੱਤੇ ਪਹੁੰਚ ਗਈ, ਜੋ 42 ਮਹੀਨਿਆਂ ਦਾ ਉੱਚਤਮ ਪੱਧਰ ਹੈ। ਉੱਥੇ ਹੀ ਪ੍ਰਚੂਨ ਮੁਦਰਾਸਫੀਤੀ 3.48 ਫੀਸਦੀ ਦਰਜ ਕੀਤੀ ਗਈ। ਮਾਹਰਾਂ ਦਾ ਕਹਿਣਾ ਹੈ ਕਿ ਟਰਾਂਸਪੋਰਟ ਲਾਗਤ ਅਤੇ ਕੱਚੇ ਮਾਲ ਦੀ ਮਹਿੰਗਾਈ ਆਉਣ ਵਾਲੇ ਮਹੀਨਿਆਂ ’ਚ ਆਰਥਿਕ ਦਬਾਅ ਹੋਰ ਵਧਾ ਸਕਦੀ ਹੈ।

ਕ੍ਰਿਸਿਲ ਦੀ ਮੁੱਖ ਅਰਥਸ਼ਾਸਤਰੀ ਦੀਪਤੀ ਦੇਸ਼ਪਾਂਡੇ ਨੇ ਕਿਹਾ ਕਿ ਚਾਲੂ ਮਾਲੀ ਸਾਲ ’ਚ ਔਸਤ ਮਹਿੰਗਾਈ 5.1 ਫੀਸਦੀ ਰਹਿਣ ਦਾ ਅਨੁਮਾਨ ਹੈ। ਇਕਰਾ ਰੇਟਿੰਗਸ ਦੀ ਮੁੱਖ ਅਰਥਸ਼ਾਸਤਰੀ ਅਦਿਤੀ ਨਾਇਰ ਨੇ ਕਿਹਾ ਕਿ ਜੂਨ ’ਚ ਮਹਿੰਗਾਈ ’ਤੇ ਈਂਧਨ ਮੁੱਲ ਵਾਧੇ ਦਾ ਵਿਆਪਕ ਅਸਰ ਦਿਖੇਗਾ ਅਤੇ ਦਰਾਂ ’ਚ ਸੰਭਾਵੀ ਵਾਧਾ ਮਾਲੀ ਸਾਲ ਦੀ ਦੂਜੀ ਛਿਮਾਹੀ ’ਚ ਹੋ ਸਕਦਾ ਹੈ।

 


author

SATPAL

Content Editor

Related News