ਸਰਕਾਰ ਦਾ ਅਰਥਵਿਵਥਾ ਨੂੰ ਬੂਸਟ, ਬਾਜ਼ਾਰ 'ਚ ਦਰਜ ਹੋ ਸਕਦੈ ਉਛਾਲ

Sunday, Sep 15, 2019 - 02:04 PM (IST)

ਸਰਕਾਰ ਦਾ ਅਰਥਵਿਵਥਾ ਨੂੰ ਬੂਸਟ, ਬਾਜ਼ਾਰ 'ਚ ਦਰਜ ਹੋ ਸਕਦੈ ਉਛਾਲ

ਨਵੀਂ ਦਿੱਲੀ— ਮਹਿੰਗਾਈ ਦਰ, ਗਲੋਬਲ ਬਾਜ਼ਾਰ ਦਾ ਰੁਖ਼ ਤੇ ਸਰਕਾਰ ਵੱਲੋਂ ਇਕਨੋਮੀ ਨੂੰ ਬੂਸਟ ਦੇਣ ਲਈ ਕੀਤੇ ਗਏ ਕਈ ਉਪਾਵਾਂ ਦਾ ਪ੍ਰਭਾਵ ਇਸ ਹਫਤੇ ਬਾਜ਼ਾਰ 'ਤੇ ਦੇਖਣ ਨੂੰ ਮਿਲੇਗਾ। ਬਾਜ਼ਾਰ ਮਾਹਰਾਂ ਮੁਤਾਬਕ, ਸਰਕਾਰ ਦੇ ਕਦਮਾਂ ਦਾ ਬਾਜ਼ਾਰ 'ਤੇ ਸਕਾਰਾਤਮਕ ਅਸਰ ਪੈਣ ਦੀ ਉਮੀਦ ਹੈ। ਵਿੱਤ ਮੰਤਰੀ ਸੀਤਾਰਮਨ ਨੇ ਹਾਊਸਿੰਗ ਖੇਤਰ ਤੇ ਬਰਾਮਦ ਖੇਤਰ ਲਈ 70 ਹਜ਼ਾਰ ਕਰੋੜ ਰੁਪਏ ਦੀ ਯੋਜਨਾ ਪੇਸ਼ ਕੀਤੀ ਹੈ।

 

ਇਸ ਤੋਂ ਸਪੱਸ਼ਟ ਸੰਦੇਸ਼ ਮਿਲਦਾ ਹੈ ਕਿ ਸਰਕਾਰ ਆਰਥਿਕ ਵਿਕਾਸ ਨੂੰ ਲੈ ਕੇ ਗੰਭੀਰ ਹੈ। ਹਾਊਸਿੰਗ ਤੇ ਬਰਾਮਦ ਖੇਤਰ ਨੂੰ ਰਫਤਾਰ ਦੇਣ ਨਾਲ ਰੋਜ਼ਗਾਰ ਸਿਰਜਣ 'ਚ ਤੇਜ਼ੀ ਆਵੇਗੀ। ਸਰਕਾਰ ਨੇ ਰੁਕੇ ਹੋਏ ਰਿਹਾਇਸ਼ੀ ਪ੍ਰਾਜੈਕਟਾਂ ਲਈ 10,000 ਕਰੋੜ ਰੁਪਏ ਦਾ ਫੰਡ ਬਣਾਉਣ ਦਾ ਫੈਸਲਾ ਕੀਤਾ ਹੈ, ਜੋ ਉਨ੍ਹਾਂ ਪ੍ਰਾਜੈਕਟਾਂ ਲਈ ਹੈ, ਜੋ ਐੱਨ. ਪੀ. ਏ. ਜਾਂ ਐੱਨ. ਸੀ. ਐੱਲ. ਟੀ. ਕੋਲ ਨਹੀਂ ਗਏ ਹਨ।

ਉੱਥੇ ਹੀ, ਸਾਊਦੀ ਤੇਲ ਪਲਾਂਟਾਂ 'ਤੇ ਡਰੋਨ ਹਮਲਾ ਹੋਣ ਨਾਲ ਭੂ-ਰਾਜਨੀਤਕ ਸੰਕਟ ਦਾ ਪ੍ਰਭਾਵ ਵੀ ਬਾਜ਼ਾਰ 'ਤੇ ਹੋ ਸਕਦਾ ਹੈ। ਸਾਊਦੀ 'ਚ ਡਰੋਨ ਹਮਲੇ ਨਾਲ ਯੂ. ਐੱਸ. ਤੇ ਈਰਾਨ ਵਿਚਕਾਰ ਤੱਲਖੀ ਵਧਣ ਦਾ ਖਦਸ਼ਾ ਹੈ। ਯਮਨ ਦੇ ਹੋਤੀ ਬਾਗੀਆਂ ਨੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਹੈ ਪਰ ਅਮਰੀਕਾ ਦੇ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਇਨ੍ਹਾਂ ਹਮਲਿਆਂ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਇਸ ਹਮਲੇ ਕਾਰਨ ਸਾਊਦੀ ਦਾ ਅੱਧਾ ਤੇਲ ਉਤਪਾਦਨ ਪ੍ਰਭਾਵਿਤ ਹੋਇਆ ਹੈ, ਜਿਸ ਨਾਲ ਕੱਚੇ ਤੇਲ ਦੀਆਂ ਕੀਮਤਾਂ 'ਚ ਸੋਮਵਾਰ ਨੂੰ ਬਾਜ਼ਾਰ ਖੁੱਲ੍ਹਣ 'ਤੇ ਭਾਰੀ ਉਛਾਲ ਆਉਣ ਦਾ ਖਦਸ਼ਾ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਅਮਰੀਕੀ ਡਾਲਰ ਦੇ ਮੁਕਾਬਲੇ ਰੁਪਏ 'ਚ ਉਤਰਾਅ-ਚੜ੍ਹਾਅ ਅਤੇ ਵਿਦੇਸ਼ੀ ਪੂੰਜੀ ਪ੍ਰਵਾਹ ਦਾ ਵੀ ਕਾਰੋਬਾਰੀ ਧਾਰਨਾ 'ਤੇ ਅਸਰ ਪਵੇਗਾ, ਨਾਲ ਹੀ ਨਿਵੇਸ਼ਕਾਂ ਦੀ ਨਜ਼ਰ ਯੂ. ਐੱਸ. ਫੈਡਰਲ ਰਿਜ਼ਰਵ 'ਤੇ ਵੀ ਹੋਵੇਗੀ।


Related News