ਕੌਮਾਂਤਰੀ ਵਾਧਾ ਯੋਜਨਾ ਦੇ ਲਿਹਾਜ਼ ਨਾਲ ਭਾਰਤ ਮਹੱਤਵਪੂਰਨ : ਬੋਇੰਗ

01/28/2020 10:03:24 PM

ਵਾਸ਼ਿੰਗਟਨ (ਭਾਸ਼ਾ)-ਅਮਰੀਕੀ ਜਹਾਜ਼ ਕੰਪਨੀ ਬੋਇੰਗ ਨੇ ਕੌਮਾਂਤਰੀ ਵਾਧਾ ਯੋਜਨਾ ਲਈ ਭਾਰਤ ਦੀ ਮਹੱਤਵਪੂਰਨ ਬਾਜ਼ਾਰ ਦੇ ਰੂਪ ’ਚ ਨਿਸ਼ਾਨਦੇਹੀ ਕੀਤੀ ਹੈ। ਕੰਪਨੀ ਦੀ ਨਜ਼ਰ ਭਾਰਤ ਵੱਲੋਂ ਅਰਬਾਂ ਡਾਲਰ ਮੁੱਲ ਦੇ ਲੜਾਕੂ ਜੈੱਟ ਜਹਾਜ਼ ਖਰੀਦ ਦਾ ਸੌਦਾ ਹਾਸਲ ਕਰਨ ’ਤੇ ਹੈ। ਬੋਇੰਗ ਗਲੋਬਲ ਸੇਲ ਐਂਡ ਮਾਰਕੀਟਿੰਗ ਦੇ ਉਪ ਪ੍ਰਧਾਨ (ਗਲੋਬਲ ਵਿਕਰੀ) ਡੇਨਿਸ ਸਵਾਨਸਨ ਨੇ ਇਹ ਗੱਲ ਆਪਣੀ ਭਾਰਤ ਯਾਤਰਾ ਤੋਂ ਪਹਿਲਾਂ ਕਹੀ ਹੈ। ਉਹ ਉੱਚ ਪੱਧਰੀ ਵਫਦ ਨਾਲ ਭਾਰਤ ’ਚ 5 ਤੋਂ 9 ਫਰਵਰੀ ਦਰਮਿਆਨ ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ’ਚ ਹੋਣ ਵਾਲੀ ਮੈਗਾ ਡਿਫੈਂਸ ਐਗ਼ਜ਼ੀਬਿਸ਼ਨ ’ਚ ਭਾਗ ਲੈਣ ਲਈ ਆ ਰਹੇ ਹਨ। ਇਸ ਸਾਲ ਅਪ੍ਰੈਲ ’ਚ ਭਾਰਤੀ ਹਵਾਈ ਫੌਜ ਨੇ 18 ਅਰਬ ਡਾਲਰ ਦੀ ਲਾਗਤ ’ਚ 114 ਜੈੱਟ ਖਰੀਦਣ ਨੂੰ ਲੈ ਕੇ ਸ਼ੁਰੂਆਤੀ ਟੈਂਡਰ ਜਾਰੀ ਕੀਤਾ। ਇਸ ਨੂੰ ਹਾਲ ਦੇ ਸਾਲਾਂ ’ਚ ਸਭ ਤੋਂ ਵੱਡੀ ਰੱਖਿਆ ਖਰੀਦ ਮੰਨਿਆ ਜਾ ਰਿਹਾ ਹੈ। ਸੌਦਾ ਹਾਸਲ ਕਰਨ ਨੂੰ ਲੈ ਕੇ ਲਾਕਹੀਡ ਦੇ ਐੱਫ-21, ਬੋਇੰਗ ਦੇ ਐੱਫ/ਏ-18, ਡਸਾਲਟ ਐਵੀਏਸ਼ਨ ਦੇ ਰਾਫੇਲ, ਯੂਰੋਫਾਈਟਰ ਟਾਇਫੂਨ, ਰੂਸੀ ਜਹਾਜ਼ ਮਿਗ 35 ਅਤੇ ਸਾਬ ਦੇ ਗ੍ਰਿਪੇਨ ਵਿਚਾਲੇ ਸਖਤ ਮੁਕਾਬਲੇਬਾਜ਼ੀ ਹੈ।

ਸਵਾਸਨ ਨੇ ਕਿਹਾ, ‘‘ਬੋਇੰਗ ਲਈ ਭਾਰਤ ਸਿਖਰ ਬਾਜ਼ਾਰਾਂ ’ਚੋਂ ਇਕ ਹੈ ਅਤੇ ਸਾਡੀ ਕੌਮਾਂਤਰੀ ਪੱਧਰ ’ਤੇ ਵਾਧਾ ਯੋਜਨਾ ਦੇ ਲਿਹਾਜ਼ ਨਾਲ ਕਾਫ਼ੀ ਮਹੱਤਵਪੂਰਨ ਹੈ। ਤੇਜ਼ ਵਾਧਾ ਦਰ ਵਾਲੀਆਂ ਅਰਥਵਿਵਸਥਾਵਾਂ ’ਚੋਂ ਇਕ ਭਾਰਤ ’ਚ ਵਾਧੇ ਦੇ ਮੌਕੇ ਹਨ। ਨਾਲ ਹੀ ਪ੍ਰਤਿਭਾ ਅਤੇ ਤਕਨੀਕੀ ਨਵ-ਪਰਿਵਰਤਨ ਦਾ ਵੀ ਲਾਭ ਹੈ।’’ ਉਨ੍ਹਾਂ ਕਿਹਾ ਕਿ ਬੋਇੰਗ ਨੇ ਭਾਰਤ ’ਚ ਵਿਨਿਰਮਾਣ, ਹੁਨਰ ਵਿਕਾਸ ਅਤੇ ਇੰਜੀਨੀਅਰਿੰਗ ਖੇਤਰ ’ਚ ਨਿਵੇਸ਼ ਕੀਤਾ ਹੈ ਅਤੇ ਏਅਰੋਸਪੇਸ ਅਤੇ ਰੱਖਿਆ ਮਾਹੌਲ ਦੇ ਵਿਕਾਸ ’ਚ ਯੋਗਦਾਨ ਕਰ ਰਿਹਾ ਹੈ। ਲਖਨਊ ’ਚ ਹੋਣ ਵਾਲੀ ਰੱਖਿਆ ਪ੍ਰਦਰਸ਼ਨੀ ’ਚ ਲਗਭਗ 70 ਦੇਸ਼ਾਂ ਦੀਆਂ 1000 ਤੋਂ ਜ਼ਿਆਦਾ ਕੰਪਨੀਆਂ ਦੇ ਭਾਗ ਲੈਣ ਦੀ ਉਮੀਦ ਹੈ।


Karan Kumar

Content Editor

Related News