ਸਲਵਾਡੋਰ 'ਚ ਕਰੰਸੀ ਦਾ ਦਰਜਾ ਮਿਲਣ ਪਿਛੋਂ Bitcoin ਕੀਮਤਾਂ 'ਚ ਉਛਾਲ
Thursday, Jun 10, 2021 - 04:27 PM (IST)
ਵਾਸ਼ਿੰਗਟਨ- ਕ੍ਰਿਪਟੋਕਰੰਸੀਜ਼ ਨੂੰ ਲੈ ਕੇ ਵਿਸ਼ਵ ਭਰ ਵਿਚ ਬਹਿਸ ਛਿੜੀ ਹੋਈ ਹੈ। ਜਿੱਥੇ ਚੀਨ ਨੇ ਇਸ 'ਤੇ ਹਾਲ ਹੀ ਵਿਚ ਸਖ਼ਤੀ ਕੀਤੀ ਹੈ ਅਤੇ ਅਮਰੀਕਾ ਵੀ ਨਿਯਮ ਸਖ਼ਤ ਕਰ ਰਿਹਾ ਹੈ, ਉੱਥੇ ਹੀ ਇਸ ਵਿਚਕਾਰ ਸੈਂਟਰਲ ਅਮਰੀਕੀ ਮੁਲਕ ਅਲ ਸਲਵਾਡੋਰ ਵਿਚ ਬਿਟਕੁਆਇਨ ਨੂੰ ਕਾਨੂੰਨੀ ਕਰੰਸੀ ਦਾ ਦਰਜਾ ਮਿਲਣ ਮਗਰੋਂ ਇਸ ਦੀਆਂ ਕੀਮਤਾਂ ਵਿਚ 13 ਫ਼ੀਸਦੀ ਤੱਕ ਉਛਾਲ ਦੇਖਣ ਨੂੰ ਮਿਲਿਆ ਹੈ। ਕੁਆਇਨ ਡੈਸਕ ਡਾਟਾ ਮੁਤਾਬਕ, ਵੀਰਵਾਰ ਨੂੰ ਕਾਰੋਬਾਰ ਦੌਰਾਨ ਬਿਟਕੁਆਇਨ ਦੀ ਕੀਮਤ 13 ਫ਼ੀਸਦੀ ਤੋਂ ਜ਼ਿਆਦਾ ਤੇਜ਼ੀ ਨਾਲ 37,000 ਡਾਲਰ ਤੋਂ ਪਾਰ ਹੋ ਗਈ। ਹਾਲਾਂਕਿ, ਇਸ ਪਿੱਛੋਂ ਇਹ 36,435.96 ਡਾਲਰ 'ਤੇ ਕਾਰੋਬਰ ਕਰ ਰਿਹਾ ਸੀ।
ਬੁੱਧਵਾਰ ਨੂੰ ਸੈਂਟਰਲ ਅਮਰੀਕੀ ਦੇਸ਼ ਵਿਚ ਸੰਸਦ ਮੈਂਬਰਾਂ ਨੇ ਇਕ ਕਾਨੂੰਨ ਪਾਸ ਕੀਤਾ ਜਿਸ ਵਿਚ ਬਿਟਕੁਆਇਨ ਨੂੰ ਕਾਨੂੰਨੀ ਕਰੰਸੀ ਦਾ ਦਰਜਾ ਦੇ ਦਿੱਤਾ ਗਿਆ ਹੈ। ਇਸ ਦਾ ਅਰਥ ਹੈ ਕਿ ਸਲਵਾਡੋਰ ਵਿਚ ਡਾਲਰ ਵਿਚ ਕੀਤੇ ਜਾਣ ਵਾਲੇ ਭੁਗਤਾਨ ਅਤੇ ਟੈਕਸਾਂ ਦੀ ਅਦਾਇਗੀ ਵੀ ਇਸ ਡਿਜੀਟਲ ਕਰੰਸੀ ਨਾਲ ਕੀਤਾ ਜਾ ਸਕਦੀ ਹੈ।
ਸਲਵਾਡੋਰ ਨੇ ਬਿਟਕੁਆਇਨ ਤਕਨਾਲੋਜੀ ਦੀ ਵਰਤੋਂ ਨਾਲ ਦੇਸ਼ ਵਿਚ ਆਧੁਨਿਕ ਫਾਈਨੈਂਸ਼ਲ ਇੰਫਰਾਸਟ੍ਰਕਚਰ ਬਣਾਉਣ ਲਈ ਡਿਜੀਟਲ ਵਾਲਿਟ ਕੰਪਨੀ ਸਟ੍ਰਾਈਕ ਨਾਲ ਸਾਂਝੇਦਾਰੀ ਕੀਤੀ ਹੈ। ਹਾਲਾਂਕਿ, ਇਹ ਦੇਖਣਾ ਹੋਵੇਗਾ ਕਿ ਸਲਵਾਡੋਰ ਇਸ ਨੂੰ ਕਰੰਸੀ ਦੇ ਤੌਰ 'ਤੇ ਕਿੰਨੇ ਸਫ਼ਲ ਤਰੀਕੇ ਨਾਲ ਇਸਤੇਮਾਲ ਕਰ ਪਾਉਂਦਾ ਹੈ ਕਿਉਂਕਿ ਇਸ ਵਿਚ ਹੁਣ ਤੱਕ ਕਾਫ਼ੀ ਉਥਲ-ਪੁਥਲ ਰਹੀ ਹੈ। ਬਿਟਕੁਆਇਨ ਹੁਣ ਵੀ ਅਪ੍ਰੈਲ ਵਿਚ ਆਪਣੇ ਰਿਕਾਰਡ ਪੱਧਰ 64,829 ਡਾਲਰ ਤੋਂ ਕਾਫ਼ੀ ਥੱਲ੍ਹੇ ਚੱਲ ਰਿਹਾ ਹੈ। ਅਲ ਸਲਵਾਡੋਰ ਬਿਟਕੁਆਇਨ ਨੂੰ ਕਾਨੂੰਨੀ ਦਰਜਾ ਦੇਣ ਵਾਲਾ ਦੁਨੀਆ ਦਾ ਪਹਿਲਾ ਦੇਸ਼ ਹੈ। ਰਾਸ਼ਟਰਪਤੀ ਨਾਇਬ ਬੁਕੇਲੇ ਨੇ ਇਸ ਨੂੰ ਕਾਨੂੰਨੀ ਦਰਾਜ ਦਿੱਤੇ ਜਾਣ ਦੀ ਜਾਣਕਾਰੀ ਟਵੀਟ ਕਰਕੇ ਦਿੱਤੀ ਹੈ।