ਇੰਡੀਗੋ ਲਈ ਵੱਡੀ ਰਾਹਤ, ਹੋਇਆ 129.8 ਕਰੋੜ ਦਾ ਮੁਨਾਫਾ
Saturday, Feb 05, 2022 - 10:30 AM (IST)
ਨਵੀਂ ਦਿੱਲੀ (ਯੂ. ਐੱਨ. ਆਈ.) – ਨਿੱਜੀ ਏਅਰਲਾਈਨ ਕੰਪਨੀ ਇੰਟਰਗਲੋਬ ਏਵੀਏਸ਼ਨ ਲਿਮਟਿਡ (ਇੰਡੀਗੋ) ਨੂੰ ਚਾਲੂ ਵਿੱਤੀ ਸਾਲ ਦੀ ਤੀਜੀ ਤਿਮਾਹੀ ’ਚ 129.8 ਕਰੋੜ ਰੁਪਏ ਦਾ ਮੁਨਾਫਾ ਹੋਇਆ ਜਦ ਕਿ ਇਸ ਤੋਂ ਪਿਛਲੇ ਵਿੱਤੀ ਸਾਲ ਦੀ ਇਸੇ ਤਿਮਾਹੀ ’ਚ ਉਸ ਨੂੰ 620.1 ਕਰੋੜ ਰੁਪਏ ਦਾ ਨੁਕਸਾਨ ਹੋਇਆ ਸੀ। ਕੰਪਨੀ ਨੇ ਦੱਸਿਆ ਕਿ ਇਸ ਮਿਆਦ ’ਚ ਉਸ ਦੀ ਕੁੱਲ ਆਮਦਨ 514.28 ਕਰੋੜ ਰੁਪਏ ਦੇ ਮੁਕਾਬਲੇ 84.3 ਫੀਸਦੀ ਵਧ ਕੇ 948.01 ਕਰੋੜ ਰੁਪਏ ’ਤੇ ਪਹੁੰਚ ਗਈ। ਉਸ ਨੇ ਦੱਸਿਆ ਕਿ ਸਮੀਖਿਆ ਅਧੀਨ ਮਿਆਦ ’ਚ ਕੰਪਨੀ ਦਾ ਯਾਤਰੀ ਟਿਕਟ ਮਾਲੀਆ 98.4 ਫੀਸਦੀ ਉਛਲ ਕੇ 807.31 ਕਰੋੜ ਰੁਪਏ ਹੋ ਗਿਆ। ਨਾਲ ਹੀ ਸਹਾਇਕ ਮਾਲੀਆ 41.3 ਫੀਸਦੀ ਵਧ ਕੇ 114.17 ਕਰੋੜ ਰੁਪਏ ਹੋ ਗਿਆ। ਕੰਪਨੀ ਨੇ ਦੱਸਿਆ ਕਿ 31 ਦਸੰਬਰ 2021 ਤੱਕ ਉਸ ਦੇ ਬੇੜੇ ’ਚ 283 ਜਹਾਜ਼ ਸਨ, ਜਿਨ੍ਹਾਂ ’ਚ 56 ਏ320 ਸੀ. ਈ. ਓ., 140 ਏ320 ਐੱਨ. ਈ. ਓ., 52 ਏ321 ਐੱਨ. ਈ. ਓ. ਅਤੇ 35 ਏ. ਟੀ. ਆਰ. ਸ਼ਾਮਲ ਸਨ। ਤੀਜੀ ਤਿਮਾਹੀ ਦੌਰਾਨ ਕੰਪਨੀ ਦੇ ਬੇੜੇ ’ਚ ਚਾਰ ਜਹਾਜ਼ ਸ਼ਾਮਲ ਕੀਤੇ ਗਏ ਸਨ। ਤਿਮਾਹੀ ਦੌਰਾਨ ਗੈਰ-ਅਨੁਸੂਚਿਤ ਉਡਾਣਾਂ ਸਮੇਤ ਰੋਜ਼ਾਨਾ ਵੱਧ ਤੋਂ ਵੱਧ 1574 ਉਡਾਣਾਂ ਸੰਚਾਲਿਤ ਕੀਤੀਆਂ ਗਈਆਂ ਸਨ।
ਇਹ ਵੀ ਪੜ੍ਹੋ : ਹੁਣ ਜ਼ਮੀਨ ਦਾ ਵੀ ਹੋਵੇਗਾ ‘ਰਜਿਸਟ੍ਰੇਸ਼ਨ’ ਨੰਬਰ, PM ਕਿਸਾਨ ਯੋਜਨਾ ’ਚ ਵੀ ਆਵੇਗਾ ਕੰਮ
ਇੰਡੀਗੋ ਦੇ ਮੈਨੇਜਿੰਗ ਡਾਇਰੈਕਟਰ ਬਣੇ ਰਾਹੁਲ ਭਾਟੀਆ
ਇੰਡੀਗੋ ਨੇ ਆਪਣੇ ਸਹਿ-ਸੰਸਥਾਪਕ ਅਤੇ ਪ੍ਰਮੋਟਰ ਰਾਹੁਲ ਭਾਟੀਆ ਨੂੰ ਮੈਨੇਜਿੰਗ ਡਾਇਰੈਕਟਰ ਨਿਯੁਕਤ ਕੀਤਾ ਹੈ। ਕੰਪਨੀ ਨੇ ਦੱਸਿਆ ਕਿ ਇੰਡੀਆ ਦੇ ਬੋਰਡ ਆਫ ਡਾਇਰੈਕਟਰਜ਼ ਨੇ ਅੱਜ ਆਪਣੀ ਬੈਠਕ ’ਚ ਸਰਵਸੰਮਤੀ ਨਾਲ ਇਸ ਦੇ ਸਹਿ-ਸੰਸਥਾਪਕ ਅਤੇ ਪ੍ਰਮੋਟਰ ਰਾਹੁਲ ਭਾਟੀਆ ਨੂੰ ਤੁਰੰਤ ਪ੍ਰਭਾਵ ਨਾਲ ਕੰਪਨੀ ਦਾ ਮੈਨੇਜਿੰਗ ਡਾਇਰੈਕਟਰ ਨਿਯੁਕਤ ਕਰਨ ਨੂੰ ਮਨਜ਼ੂਰੀ ਦੇ ਦਿੱਤੀ। ਇੰਡੀਗੋ ਦੇ ਮੁਖੀ ਮੇਲੇਵੀਟਿਲ ਦਾਮੋਦਰਨ ਨੇ ਕਿਹਾ ਕਿ ਇਹ ਆਉਣ ਵਾਲੇ ਸਾਲਾਂ ’ਚ ਕੰਪਨੀ ਨੂੰ ਹੋਰ ਮਜ਼ਬੂਤ ਕਰੇਗਾ।
ਇਹ ਵੀ ਪੜ੍ਹੋ : RBI ਨੇ ਰੱਦ ਕੀਤਾ ਇਸ ਬੈਂਕ ਦਾ ਲਾਇਸੈਂਸ, ਜਾਣੋ ਹੁਣ ਖ਼ਾਤਾਧਾਰਕਾਂ ਦੇ ਪੈਸਿਆਂ ਦਾ ਕੀ ਹੋਵੇਗਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।