Bharti Airtel ਦਾ ਸ਼ੇਅਰ ਆਲਟਾਈਮ ਹਾਈ 'ਤੇ, 3 ਹਫ਼ਤੇ 'ਚ ਇੰਨਾ ਉਛਾਲ
Tuesday, Aug 10, 2021 - 04:26 PM (IST)
ਮੁੰਬਈ- ਬੀ. ਐੱਸ. ਈ. 'ਤੇ ਮੰਗਲਵਾਰ ਨੂੰ ਕਾਰੋਬਾਰ ਦੌਰਾਨ ਦੂਰਸੰਚਾਰ ਕੰਪਨੀ ਭਾਰਤੀ ਏਅਰਟੈੱਲ ਦੇ ਸ਼ੇਅਰ 5 ਫੀਸਦੀ ਚੜ੍ਹ ਕੇ 627.95 ਰੁਪਏ 'ਤੇ ਪਹੁੰਚ ਗਏ, ਜੋ ਕਿ ਇਸ ਦਾ ਸਰਵਉੱਚ ਪੱਧਰ ਹੈ।
ਇਸ ਤੋਂ ਪਹਿਲਾਂ ਇਹ ਇਸ ਸਾਲ 4 ਫਰਵਰੀ ਨੂੰ 623 ਰੁਪਏ ਦੇ ਉੱਚਤਮ ਪੱਧਰ 'ਤੇ ਤੱਕ ਗਿਆ ਸੀ। ਪਿਛਲੇ ਤਿੰਨ ਹਫਤਿਆਂ ਵਿਚ ਇਸ ਵਿਚ 20 ਫ਼ੀਸਦੀ ਦਾ ਉਛਾਲ ਆਇਆ ਹੈ, ਜਦੋਂ ਕਿ ਬੀ. ਐੱਸ. ਈ. ਸੈਂਸੈਕਸ ਇਸ ਸਮੇਂ ਦੌਰਾਨ 4.9 ਫ਼ੀਸਦੀ ਵਧਿਆ ਹੈ।
ਮੰਗਲਵਾਰ ਨੂੰ ਕੰਪਨੀ ਦਾ ਸ਼ੇਅਰ 3.73 ਫ਼ੀਸਦੀ ਦੀ ਤੇਜ਼ੀ ਨਾਲ 621.60 ਰੁਪਏ 'ਤੇ ਬੰਦ ਹੋਇਆ। ਪਿਛਲੇ ਮਹੀਨੇ ਸੁਪਰੀਮ ਕੋਰਟ ਨੇ ਏ. ਜੀ. ਆਰ. ਵਿਚ ਸੁਧਾਰ ਲਈ ਦੂਰਸੰਚਾਰ ਕੰਪਨੀਆਂ ਦੀ ਪਟੀਸ਼ਨ ਖਾਰਜ ਕਰ ਦਿੱਤੀ ਸੀ ਪਰ ਉਸੇ ਸਮੇਂ ਭਾਰਤੀ ਏਅਰਟੈੱਲ ਨੇ ਆਪਣੇ ਪ੍ਰੀਪੇਡ ਅਤੇ ਪੋਸਟਪੇਡ ਪਲਾਨਸ ਨੂੰ ਅਪਗ੍ਰੇਡ ਕੀਤਾ ਸੀ।
ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਵੋਡਾਫੋਨ ਆਈਡੀਆ ਦੀ ਕਮਜ਼ੋਰ ਵਿੱਤੀ ਸਥਿਤੀ ਦੇ ਮੱਦੇਨਜ਼ਰ ਭਾਰਤੀ ਏਅਰਟੈੱਲ ਨੂੰ ਲਾਭ ਮਿਲੇਗਾ। ਕੰਪਨੀ ਪ੍ਰੀਪੇਡ ਅਤੇ ਪੋਸਟਪੇਡ ਵਿਚ ਉੱਚ ਗੁਣਵੱਤਾ ਵਾਲੇ ਗਾਹਕ ਪ੍ਰਾਪਤ ਕਰੇਗੀ। ਏਅਰਟੈੱਲ ਦੇ ਕੁੱਲ ਗਾਹਕਾਂ ਵਿਚ 4-ਜੀ ਗਾਹਕਾਂ ਦੀ ਗਿਣਤੀ 57 ਫ਼ੀਸਦੀ ਹੈ ਅਤੇ ਟੈਰਿਫ ਵਿਚ ਵਾਧੇ ਦਾ ਫਾਇਦਾ ਕੰਪਨੀ ਨੂੰ ਮਿਲੇਗਾ। ਅਪ੍ਰੈਲ-ਜੂਨ ਤਿਮਾਹੀ ਵਿਚ ਕੰਪਨੀ ਨੇ ਵਧੀਆ ਪ੍ਰਦਰਸ਼ਨ ਕੀਤਾ। ਇਸ ਮਿਆਦ ਦੌਰਾਨ ਏਅਰਟੈੱਲ ਦੇ 4 ਜੀ ਗਾਹਕਾਂ ਵਿਚ ਮਹੱਤਵਪੂਰਨ ਵਾਧਾ ਹੋਇਆ, ਮਾਲੀਆ ਵਿਚ ਸੁਧਾਰ ਹੋਇਆ ਅਤੇ ਹੋਮ ਬ੍ਰਾਡਬੈਂਡ ਗਾਹਕਾਂ ਵਿਚ ਰਿਕਾਰਡ ਇਜਾਫ਼ਾ ਹੋਇਆ।