ਭਾਰਤ ਬਾਇਓਟੈੱਕ ਨੇ ਰੇਬੀਜ਼ ਦੇ ਟੀਕੇ ਮੰਗਵਾਏ ਵਾਪਸ

Tuesday, Jan 24, 2023 - 04:09 PM (IST)

ਭਾਰਤ ਬਾਇਓਟੈੱਕ ਨੇ ਰੇਬੀਜ਼ ਦੇ ਟੀਕੇ ਮੰਗਵਾਏ ਵਾਪਸ

ਬਿਜ਼ਨੈੱਸ ਡੈਸਕ- ਹੈਦਰਾਬਾਦ ਦੀ ਟੀਕਾ ਨਿਰਮਾਤਾ ਭਾਰਤ ਬਾਇਓਟੈੱਕ ਨੇ ਸੋਮਵਾਰ ਨੂੰ ਕਿਹਾ ਕਿ ਉਸ ਨੇ ਆਪਣੇ ਐਂਟੀ-ਰੇਬੀਜ਼ ਵੈਕਸੀਨ ਚਿਰੋਰਾਬ ਦੇ ਬੈਚ ਨੂੰ ਸਵੈਇੱਛਤ ਤੌਰ 'ਤੇ ਵਾਪਸ ਲੈਣਾ ਸ਼ੁਰੂ ਕੀਤਾ ਹੈ। ਕੰਪਨੀ ਨੇ ਇੱਕ ਬਿਆਨ 'ਚ ਕਿਹਾ, "ਅਸੀਂ ਆਪਣੀ ਮਰਜ਼ੀ ਨਾਲ ਚਿਰੋਰਾਬ ਦੇ ਬੈਚ ਨੰਬਰ 4188 ਨੂੰ ਵਾਪਸ ਬੁਲਾਉਣ ਦਾ ਫ਼ੈਸਲਾ ਕੀਤਾ ਹੈ। ਇਹ ਕਦਮ ਕਰਨਾਟਕ 'ਚ ਇੱਕ ਸ਼ਿਪਿੰਗ ਸਰਵਿਸ ਪ੍ਰਦਾਤਾ ਤੋਂ ਚਿਰੋਰਾਬ ਦੀ ਚੋਰੀ ਹੋਣ ਕਾਰਨ ਚੁੱਕਿਆ ਗਿਆ ਹੈ।
ਬਿਆਨ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਬੈਚ 4188 ਜਾਂਚ ਤੋਂ ਬਾਅਦ ਹੀ ਜਾਰੀ ਕੀਤਾ ਸੀ ਪਰ ਕੁਝ ਖੇਪਾਂ ਦੀ ਚੋਰੀ ਹੋ ਗਈ ਸੀ, ਜਿਸ ਕਾਰਨ ਕੋਲਡ ਚੇਨ ਸਟੋਰੇਜ ਦੀ ਹਾਲਤ ਖਸਤਾ ਹੋਣ ਦਾ ਖਦਸ਼ਾ ਹੋਰ ਡੂੰਘਾ ਹੋ ਗਿਆ ਹੈ। ਵੈਕਸੀਨ ਦੇ ਪੂਰੇ ਬੈਚ ਨੂੰ ਵਾਪਸ ਬੁਲਾਉਣ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ।
ਕੰਪਨੀ ਨੇ ਕਿਹਾ ਹੈ, 'ਅਸੀਂ ਇਹ ਸਵੈਇੱਛਤ ਕਦਮ 'ਬਹੁਤ ਜ਼ਿਆਦਾ ਸਾਵਧਾਨੀ ਦੇ ਸਿਧਾਂਤ' ਦੇ ਅਨੁਸਾਰ ਅਤੇ ਮਰੀਜ਼ਾਂ ਦੀ ਸੁਰੱਖਿਆ ਅਤੇ ਲੋਕਾਂ ਦੇ ਹਿੱਤਾਂ ਨੂੰ ਧਿਆਨ 'ਚ ਰੱਖਦੇ ਹੋਏ ਚੁੱਕ ਰਹੇ ਹਾਂ।'
ਬਿਆਨ 'ਚ ਕਿਹਾ ਗਿਆ ਹੈ ਕਿ ਕੰਪਨੀ ਨੇ ਬੇਨਤੀ ਕੀਤੀ ਹੈ ਕਿ ਨਾ ਵਿਕੇ ਹੋਏ ਬੈਚ 4188 ਨੂੰ ਕੰਪਨੀ ਨੂੰ ਵਾਪਸ ਕੀਤਾ ਜਾਵੇ। ਹੈਲਥਕੇਅਰ ਪ੍ਰਦਾਤਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਬੈਚ 4188 ਵਾਲੀ ਚਿਰੋਰਾਬ ਵੈਕਸੀਨ ਦੀ ਵਰਤੋਂ ਨਾ ਕਰਨ। ਵੈਕਸੀਨ ਵਾਪਸ ਮੰਗਵਾਉਣ ਦੀ ਸ਼ੁਰੂਆਤ ਚਿਰੋਨ ਬੇਹਰਿੰਗ ਵੈਕਸੀਨ ਦੁਆਰਾ ਕੀਤੀ ਗਈ ਹੈ। ਚਿਰੋਨ ਬੇਹਰਿੰਗ ਵੈਕਸੀਨ ਨੂੰ ਭਾਰਤ ਬਾਇਓਟੈਕ ਦੁਆਰਾ ਮਾਰਚ 2019 'ਚ ਜੀ.ਐੱਸ.ਕੇ ਤੋਂ ਖਰੀਦਿਆ ਗਿਆ ਸੀ। ਨਵੰਬਰ 2019 'ਚ, ਚਿਰੋਨ ਬੇਹਰਿੰਗ ਵੈਕਸੀਨਜ਼ ਨੇ ਰੇਬੀਜ਼ ਵੈਕਸੀਨ ਚਿਰੋਰਾਬ ਨੂੰ ਦੁਬਾਰਾ ਪੇਸ਼ ਕੀਤਾ, ਜੋ ਪਹਿਲਾਂ ਰਬੀਪੁਰ ਵਜੋਂ ਵੇਚਿਆ ਜਾਂਦਾ ਸੀ। ਇਸ ਟੀਕੇ ਦਾ ਨਿਰਮਾਣ ਗੁਜਰਾਤ ਦੇ ਅੰਕਲੇਸ਼ਵਰ 'ਚ ਡਬਲਿਊ.ਐੱਚ.ਓ. ਦੁਆਰਾ ਮਾਨਤਾ ਪ੍ਰਾਪਤ ਪਲਾਂਟ 'ਚ ਕੀਤਾ ਜਾ ਰਿਹਾ ਹੈ।


author

Aarti dhillon

Content Editor

Related News