ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਗੌਤਮ ਅਡਾਨੀ  ਬਣੇ ਏਸ਼ੀਆ ਦੇ ਅਮੀਰਾਂ ਦੇ ਸਰਤਾਜ

Tuesday, Feb 08, 2022 - 06:27 PM (IST)

ਮੁੰਬਈ - ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਏਸ਼ੀਆ ਦੇ ਸਭ ਤੋਂ ਵੱਡੇ ਅਮੀਰ ਬਣ ਗਏ ਹਨ। ਉਨ੍ਹਾਂ ਨੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਪਛਾੜ ਕੇ ਇਹ ਮੁਕਾਮ ਹਾਸਲ ਕੀਤਾ ਹੈ। ਬਲੂਮਬਰਗ ਬਿਲੀਨੇਅਰਸ ਇੰਡੈਕਸ ਦੇ ਅਨੁਸਾਰ, 59 ਸਾਲਾ ਅਡਾਨੀ ਦੀ ਕੁੱਲ ਜਾਇਦਾਦ  88.5 ਅਰਬ ਡਾਲਰ ਤੱਕ ਪਹੁੰਚ ਗਈ ਹੈ ਜਦੋਂ ਕਿ ਅੰਬਾਨੀ ਦੀ ਕੁੱਲ ਜਾਇਦਾਦ 87.9 ਅਰਬ ਡਾਲਰ ਹੈ। ਫੋਰਬਸ ਦੀ ਸੂਚੀ 'ਚ ਅਡਾਨੀ ਨੇ ਅੰਬਾਨੀ ਨੂੰ ਪਹਿਲਾਂ ਹੀ ਪਛਾੜ ਦਿੱਤਾ ਸੀ।

ਬਲੂਮਬਰਗ ਅਰਬਪਤੀਆਂ ਦੀ ਸੂਚੀ ਵਿਚ ਅਡਾਨੀ ਦੁਨੀਆ ਦੇ ਅਮੀਰਾਂ ਦੀ ਸੂਚੀ ਵਿਚ ਦਸਵੇਂ ਨੰਬਰ 'ਤੇ ਆ ਗਏ ਹਨ। ਉਨ੍ਹਾਂ ਨੇ ਪਹਿਲੀ ਵਾਰ ਇਹ ਉਪਲਬਧੀ ਹਾਸਲ ਕੀਤੀ ਹੈ। ਇਸ ਦੇ ਨਾਲ ਹੀ ਇਸ ਸੂਚੀ 'ਚ ਅੰਬਾਨੀ 11ਵੇਂ ਨੰਬਰ 'ਤੇ ਹਨ। ਇਸ ਸਾਲ ਕਮਾਈ ਦੇ ਮਾਮਲੇ 'ਚ ਅਡਾਨੀ ਨੇ ਸਾਰਿਆਂ ਨੂੰ ਪਛਾੜ ਦਿੱਤਾ ਹੈ। ਉਨ੍ਹਾਂ ਦੀ ਸੰਪਤੀ ਵਿੱਚ 12 ਅਰਬ ਡਾਲਰ ਦਾ ਵਾਧਾ ਹੋਇਆ ਹੈ ਜਦੋਂ ਕਿ ਅੰਬਾਨੀ ਦੀ ਸੰਪਤੀ ਵਿੱਚ 2.07 ਅਰਬ ਡਾਲਰ ਦੀ ਗਿਰਾਵਟ ਆਈ ਹੈ।

ਇਹ ਵੀ ਪੜ੍ਹੋ : ਸਾਵਧਾਨ! ਹੁਣ ਦਰਾਮਦ-ਬਰਾਮਦ ਦੇ ਅੰਕੜੇ ਪ੍ਰਕਾਸ਼ਿਤ ਕਰਨ ਉੱਤੇ ਹੋਵੇਗਾ ਜੁਰਮਾਨਾ ਅਤੇ ਜੇਲ੍ਹ

ਅਡਾਨੀ ਨੇ ਵਸਤੂਆਂ(ਕਮੋਡਿਟੀ) ਦੇ ਵਪਾਰ ਦੇ ਕਾਰੋਬਾਰ ਤੋਂ ਵਪਾਰ ਦੀ ਦੁਨੀਆ ਵਿੱਚ ਪ੍ਰਵੇਸ਼ ਕੀਤਾ ਸੀ ਅਤੇ ਅੱਜ ਉਸਦਾ ਕਾਰੋਬਾਰ ਬੰਦਰਗਾਹਾਂ, ਖਾਣਾਂ, ਗ੍ਰੀਨ ਐਨਰਜੀ ਸਮੇਤ ਕਈ ਖੇਤਰਾਂ ਵਿੱਚ ਫੈਲਿਆ ਹੋਇਆ ਹੈ। ਉਸ ਦੀਆਂ ਕੁਝ ਕੰਪਨੀਆਂ ਦੇ ਸ਼ੇਅਰ ਪਿਛਲੇ ਦੋ ਸਾਲਾਂ ਵਿੱਚ 600 ਪ੍ਰਤੀਸ਼ਤ ਤੋਂ ਵੱਧ ਛਾਲ ਮਾਰ ਚੁੱਕੇ ਹਨ। ਪਿਛਲੇ ਤਿੰਨ ਸਾਲਾਂ ਵਿੱਚ ਦੇਸ਼ ਦੇ ਸੱਤ ਹਵਾਈ ਅੱਡਿਆਂ ਦਾ ਸੰਚਾਲਨ ਉਸ ਦੇ ਹੱਥਾਂ ਵਿੱਚ ਆ ਚੁੱਕਾ ਹੈ। ਉਸਦਾ ਸਮੂਹ ਦੇਸ਼ ਦਾ ਸਭ ਤੋਂ ਵੱਡਾ ਨਿੱਜੀ ਖੇਤਰ ਦਾ ਏਅਰਪੋਰਟ ਆਪਰੇਟਰ, ਪਾਵਰ ਜਨਰੇਟਰ ਅਤੇ ਸਿਟੀ ਗੈਸ ਰਿਟੇਲਰ ਹੈ।

ਇਹ ਵੀ ਪੜ੍ਹੋ : NGT ਨੇ ਹਿੰਦੁਸਤਾਨ ਜ਼ਿੰਕ 'ਤੇ 25 ਕਰੋੜ ਰੁਪਏ ਦਾ ਲਗਾਇਆ ਜੁਰਮਾਨਾ

2020 ਦੀ ਸ਼ੁਰੂਆਤ ਤੋਂ ਅਡਾਨੀ ਗ੍ਰੀਨ ਅਤੇ ਅਡਾਨੀ ਟੋਟਲ ਗੈਸ ਦੇ ਸ਼ੇਅਰਾਂ ਵਿੱਚ 1000 ਪ੍ਰਤੀਸ਼ਤ ਤੋਂ ਵੱਧ ਦਾ ਵਾਧਾ ਹੋਇਆ ਹੈ। ਇਸ ਮਿਆਦ ਦੇ ਦੌਰਾਨ, ਅਡਾਨੀ ਇੰਟਰਪ੍ਰਾਈਜਿਜ਼ ਲਿਮਟਿਡ 730 ਪ੍ਰਤੀਸ਼ਤ, ਅਡਾਨੀ ਟ੍ਰਾਂਸਮਿਸ਼ਨ 500 ਪ੍ਰਤੀਸ਼ਤ ਅਤੇ ਅਡਾਨੀ ਪੋਰਟਸ 95 ਪ੍ਰਤੀਸ਼ਤ ਤੋਂ ਵੱਧ ਵਧੀ। ਬੈਂਚਮਾਰਕ ਬੀਐਸਈ ਸੂਚਕਾਂਕ ਇਸ ਸਮੇਂ ਦੌਰਾਨ 40 ਫੀਸਦੀ ਵਧਿਆ ਹੈ। ਸੋਮਵਾਰ ਨੂੰ ਵੀ ਅਡਾਨੀ ਗ੍ਰੀਨ ਅਤੇ ਅਡਾਨੀ ਟੋਟਲ ਗੈਸ ਦੇ ਸ਼ੇਅਰ ਭਾਰੀ ਗਿਰਾਵਟ ਦੇ ਬਾਵਜੂਦ ਵਧੇ।

ਇਸ ਦੌਰਾਨ, ਫੇਸਬੁੱਕ (ਹੁਣ ਮੈਟਾ ਪਲੇਟਫਾਰਮ) ਦੇ ਸੀਈਓ ਮਾਰਕ ਜ਼ੁਕਰਬਰਗ ਦੁਨੀਆ ਦੇ ਅਮੀਰਾਂ ਦੀ ਸੂਚੀ ਵਿੱਚ 13ਵੇਂ ਸਥਾਨ 'ਤੇ ਖਿਸਕ ਗਏ ਹਨ। ਸੋਮਵਾਰ ਨੂੰ ਉਸ ਦੀ ਕੁੱਲ ਜਾਇਦਾਦ 4.37 ਬਿਲੀਅਨ ਡਾਲਰ ਘਟ ਕੇ 85.0 ਅਰਬ ਡਾਲਰ ਰਹਿ ਗਈ। ਇਸ ਸਾਲ ਉਸਦੀ ਕੁੱਲ ਜਾਇਦਾਦ  40.5 ਅਰਬ ਡਾਲਰ ਘੱਟ ਗਈ ਹੈ। ਇਸ ਸੂਚੀ ਵਿੱਚ, ਟੇਸਲਾ ਦੇ ਸੀਈਓ ਐਲੋਨ ਮਸਕ 235 ਅਰਬ ਡਾਲਰ ਦੀ ਸੰਪਤੀ ਦੇ ਨਾਲ ਪਹਿਲੇ ਨੰਬਰ 'ਤੇ ਬਣੇ ਹੋਏ ਹਨ। ਐਮਾਜ਼ੋਨ ਦੇ ਜੈਫ ਬੇਜੋਸ ਦੂਜੇ, ਫਰਾਂਸੀਸੀ ਕਾਰੋਬਾਰੀ ਬਰਨਾਰਡ ਅਰਨੌਲਟ ਤੀਜੇ ਅਤੇ ਮਾਈਕ੍ਰੋਸਾਫਟ ਦੇ ਬਿਲ ਗੇਟਸ ਚੌਥੇ ਸਥਾਨ 'ਤੇ ਹਨ।

ਇਹ ਵੀ ਪੜ੍ਹੋ : ਭਾਰਤ ਨੂੰ ਜਲਦ ਮਿਲੇਗਾ ਆਪਣਾ ‘ਡਿਜੀਟਲ ਰੁਪਇਆ’, ਮਿਲ ਸਕਦੀਆਂ ਹਨ ਇਹ ਸਹੂਲਤਾਂ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News