ਬਾਸਮਤੀ ਕੀਮਤਾਂ ਵਿਚ ਭਾਰੀ ਗਿਰਾਵਟ, ਵਾਇਰਸ ਨੇ ਲਾਈ ਵੱਡੀ ਢਾਹ
Monday, Mar 02, 2020 - 03:48 PM (IST)
ਨਵੀਂ ਦਿੱਲੀ— ਕੋਰੋਨਾਵਾਇਰਸ ਕਾਰਨ ਵਿਦੇਸ਼ਾਂ ਨੂੰ ਸਪਲਾਈ ਵਿਚ ਮੰਦਾ ਲੱਗਣ ਨਾਲ ਬਾਸਮਤੀ ਚੌਲ, ਕਪਾਹ ਤੇ ਸੋਇਆਬੀਨ ਦੀਆਂ ਕੀਮਤਾਂ ਵਿਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਪਿਛਲੇ ਇਕ ਮਹੀਨੇ ਵਿਚ ਇਨ੍ਹਾਂ ਦੀ ਕੀਮਤ 10 ਫੀਸਦੀ ਤੱਕ ਡਿੱਗ ਗਈ ਹੈ।
ਸਪਲਾਈ ਵਿਚ ਵਿਘਨ ਕਾਰਨ ਸਟਾਕ ਵਿਚ ਵਾਧਾ ਹੋਇਆ ਹੈ। ਫਰਵਰੀ ਦੇ ਸ਼ੁਰੂ ਤੋਂ ਲੈ ਕੇ ਥੋਕ ਬਾਜ਼ਾਰ ਵਿਚ ਕਪਾਹ ਤੇ ਸੂਤ ਦੀਆਂ ਕੀਮਤਾਂ ਵਿਚ 7 ਫੀਸਦੀ ਦੀ ਗਿਰਾਵਟ ਆਈ ਹੈ, ਜਦੋਂ ਕਿ ਬਾਸਮਤੀ ਦੀ ਕੀਮਤ 10 ਫੀਸਦੀ ਤੇ ਸੋਇਆਬੀਨ ਦੀ ਕੀਮਤ 5 ਫੀਸਦੀ ਤੱਕ ਘੱਟ ਗਈ ਹੈ।
ਬਾਸਮਤੀ ਤੇ ਸੋਇਆਬੀਨ ਬਰਾਮਦਕਾਰਾਂ ਨੇ ਕਿਹਾ ਕਿ ਵਿਕਰੀ ਵਿਚ ਅਜਿਹੇ ਸਮੇਂ ਗਿਰਾਵਟ ਆਈ ਹੈ ਜਦੋਂ 20 ਮਾਰਚ ਤੋਂ ਈਰਾਨ ਵਿਚ ਨਵੇਂ ਸਾਲ ਦੇ ਪ੍ਰਤੀਕ ਨੂਰੂਜ਼ ਤਿਉਹਾਰ ਸ਼ੁਰੂ ਹੋਣ ਤੋਂ ਪਹਿਲਾਂ ਬਰਾਮਦ ਵਧਣ ਦਾ ਅਨੁਮਾਨ ਲਗਾਇਆ ਗਿਆ ਸੀ। ਈਰਾਨ ਨੂੰ ਬਾਸਮਤੀ ਦੀ ਬਰਾਮਦ ਲਗਭਗ ਰੁਕ ਗਈ ਹੈ ਕਿਉਂਕਿ ਵਾਇਰਸ ਫੈਲਣ ਦੀਆਂ ਚਿੰਤਾਵਾਂ ਕਾਰਨ ਬੰਦਰਗਾਹਾਂ 'ਤੇ ਮਾਲ ਦਾ ਪ੍ਰਬੰਧਨ ਸੀਮਤ ਹੈ। ਈਰਾਨ ਹਾਲ ਹੀ ਦੇ ਸਾਲਾਂ ਵਿਚ ਭਾਰਤ ਤੋਂ ਬਾਸਮਤੀ ਖਰੀਦਣ ਵਾਲਾ ਸਭ ਤੋਂ ਵੱਡਾ ਦਰਾਮਦੀਦ ਦੇਸ਼ ਰਿਹਾ ਹੈ।
ਹੁਣ ਤੱਕ ਕੁੱਲ ਬਾਸਮਤੀ ਬਰਾਮਦ ਦਾ 30 ਫੀਸਦੀ ਤੋਂ ਜ਼ਿਆਦਾ ਈਰਾਨ ਨੂੰ ਜਾਂਦਾ ਰਿਹਾ ਹੈ। ਬਰਾਮਦਕਾਰਾਂ ਦਾ ਕਹਿਣਾ ਹੈ ਕਿ ਫਿਲਹਾਲ ਬਰਾਮਦ ਲਈ 60,000 ਟਨ ਤੋਂ ਵੱਧ ਬਾਸਮਤੀ ਬੰਦਰਗਾਹਾਂ 'ਤੇ ਰੁਕੀ ਪਈ ਹੈ। ਈਰਾਨੀ ਖਰੀਦਦਾਰ ਅਗਲੇ ਸੌਦੇ ਲਈ ਗੱਲਬਾਤ ਨਹੀਂ ਕਰ ਰਹੇ ਹਨ। ਜ਼ਿਕਰਯੋਗ ਹੈ ਕਿ ਕੋਰੋਨਾਵਾਇਰਸ ਕਾਰਨ ਈਰਾਨ ਵਿਚ ਹੁਣ ਤੱਕ 54 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 978 ਲੋਕ ਇਸ ਦੀ ਲਪੇਟ ਵਿਚ ਆ ਚੁੱਕੇ ਹਨ। ਜਿਵੇਂ ਕਿ ਇਹ ਵਾਇਰਸ ਹੁਣ ਇਟਲੀ, ਦੱਖਣੀ ਕੋਰੀਆ ਅਤੇ ਈਰਾਨ ਵਿਚ ਪੈਰ ਪਸਾਰ ਚੁੱਕਾ ਹੈ, ਵਿਸ਼ਵ ਭਰ ਦੀਆਂ ਹਵਾਈ ਜਹਾਜ਼ ਕੰਪਨੀਆਂ ਇਨ੍ਹਾਂ ਦੇਸ਼ਾਂ ਦੀਆਂ ਪ੍ਰਮੁੱਖ ਥਾਵਾਂ ਲਈ ਫਲਾਈਟਸ ਨੂੰ ਘਟਾਉਣਾ ਸ਼ੁਰੂ ਕਰ ਰਹੇ ਹਨ।