ਪਾਕਿਸਤਾਨ 'ਚ ਬਾਸਮਤੀ ਚੌਲਾਂ ਦੀ ਫ਼ਸਲ ਹੋਈ ਬਰਬਾਦ, ਪੰਜਾਬ ਦੇ ਕਿਸਾਨਾਂ ਲਈ ਚੰਗਾ ਮੌਕਾ
Thursday, Sep 22, 2022 - 05:27 PM (IST)
ਨਵੀਂ ਦਿੱਲੀ - ਦੁਨੀਆ ਭਰ 'ਚ ਬਾਸਮਤੀ ਦੇ ਵੱਡੇ ਨਿਰਯਾਤਕ ਵਜੋਂ ਜਾਣੇ ਜਾਂਦੇ ਪਾਕਿਸਤਾਨ ਦੇ ਲੋਕ ਇਸ ਵੇਲੇ ਹੜ੍ਹਾਂ ਕਾਰਨ ਭਾਰੀ ਨੁਕਸਾਨ ਦੀ ਮਾਰ ਛੱਲ ਰਹੇ ਹਨ। ਪਾਕਿਸਤਾਨ ਦੀ 40 ਫੀਸਦੀ ਬਾਸਮਤੀ ਚੌਲਾਂ ਦੀ ਫਸਲ ਬਰਬਾਦ ਹੋ ਗਈ ਹੈ। ਚੌਲਾਂ ਦੇ ਵਪਾਰੀਆਂ ਦਾ ਕਹਿਣਾ ਹੈ ਕਿ ਪਿਛਲੇ ਦੋ ਮਹੀਨਿਆਂ ਤੋਂ ਬਾਸਮਤੀ ਦੀ ਕੀਮਤ ਵਿਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੀ ਅੰਮ੍ਰਿਤਸਰ ਪੱਟੀ ਤੋਂ ਆਉਣ ਵਾਲੇ ਬਾਸਮਤੀ ਝੋਨੇ ਦਾ ਭਾਅ ਪਿਛਲੇ ਸਾਲ ਨਾਲੋਂ 1000 ਰੁਪਏ ਪ੍ਰਤੀ ਕੁਇੰਟਲ ਵੱਧ ਮਿਲ ਰਿਹਾ ਹੈ। ਇਸ ਵਾਰ ਦੁਨੀਆਂ ਭਰ ਵਿੱਚ ਬਾਸਮਤੀ ਚੌਲਾਂ ਦੀ ਮੰਗ ਵਿੱਚ 20 ਫੀਸਦੀ ਦਾ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਕਾਰਨ ਪੰਜਾਬ ਦੇ ਵਪਾਰੀਆਂ ਅਤੇ ਕਿਸਾਨਾਂ ਨੂੰ ਇਸ ਦਾ ਲਾਭ ਮਿਲਣ ਦੀ ਸੰਭਾਵਨਾ ਹੈ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 40 ਫੀਸਦੀ ਵੱਧ ਯਾਨੀ ਕਰੀਬ 6500 ਕਰੋੜ ਰੁਪਏ ਮਿਲਣ ਦੀ ਸੰਭਾਵਨਾ ਹੈ।
ਇਹ ਵੀ ਪੜ੍ਹੋ : ਮੂੰਧੇ ਮੂੰਹ ਡਿੱਗਾ ਰੁਪਇਆ! ਭਾਰਤੀ ਕਰੰਸੀ ਆਪਣੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ 'ਤੇ
ਪੰਜਾਬ ਵਿੱਚ ਆਉਣ ਵਾਲੀ ਪਹਿਲੀ ਬਾਸਮਤੀ ਕਿਸਮ 'ਪੂਸਾ 1509' ਦਾ ਭਾਅ ਇਸ ਵੇਲੇ 3400 ਤੋਂ 3700 ਰੁਪਏ ਪ੍ਰਤੀ ਕੁਇੰਟਲ ਮਿਲ ਰਿਹਾ ਹੈ, ਜਦੋਂ ਕਿ ਪਿਛਲੇ ਸਾਲ ਇਹ 2300-2900 ਰੁਪਏ ਪ੍ਰਤੀ ਕੁਇੰਟਲ ਸੀ। ਪੰਜਾਬ ਨੇ ਪਿਛਲੇ ਸਾਲ 48 ਲੱਖ ਟਨ ਬਾਸਮਤੀ ਦਾ ਉਤਪਾਦਨ ਕੀਤਾ ਸੀ। ਇਸ ਸਾਲ 5 ਮਿਲੀਅਨ ਟਨ ਬਾਸਮਤੀ ਦੀ ਉਮੀਦ ਹੈ।
ਅੰਤਰਰਾਸ਼ਟਰੀ ਮੰਡੀ ਵਿੱਚ ਬਾਸਮਤੀ ਦੇ ਭਾਅ ਵਧੇ
ਭਾਰਤ ਨੇ 2021-22 ਵਿੱਚ 39.48 ਲੱਖ ਟਨ ਬਾਸਮਤੀ ਚੌਲਾਂ ਦਾ ਨਿਰਯਾਤ ਕੀਤਾ, ਜਿਸ ਵਿੱਚੋਂ 40 ਫੀਸਦੀ ਭਾਵ 1.6 ਮਿਲੀਅਨ ਟਨ ਇਕੱਲੇ ਪੰਜਾਬ ਤੋਂ ਸੀ। ਬਾਸਮਤੀ ਚੌਲਾਂ ਦਾ ਨਿਰਯਾਤ 2022-23 ਦੇ ਪਹਿਲੇ ਚਾਰ ਮਹੀਨਿਆਂ ਵਿੱਚ 1.82 ਮਿਲੀਅਨ ਟਨ ਤੱਕ ਪਹੁੰਚ ਗਿਆ ਹੈ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ 7 ਫੀਸਦੀ ਵੱਧ ਹੈ। ਅੰਤਰਰਾਸ਼ਟਰੀ ਬਾਜ਼ਾਰ 'ਚ ਇਸ ਸਾਲ ਮਈ 'ਚ ਭਾਰਤੀ ਬਾਸਮਤੀ 1,350 ਡਾਲਰ (1.07 ਲੱਖ ਰੁਪਏ) ਪ੍ਰਤੀ ਟਨ ਦੇ ਹਿਸਾਬ ਨਾਲ ਵਿਕ ਰਹੀ ਸੀ, ਜੋ ਅਗਸਤ-ਸਤੰਬਰ 'ਚ 1550 ਡਾਲਰ (1.24 ਲੱਖ ਰੁਪਏ) ਪ੍ਰਤੀ ਟਨ ਤੋਂ ਉੱਪਰ ਪਹੁੰਚ ਗਈ ਹੈ।
ਇਹ ਵੀ ਪੜ੍ਹੋ : ਸਫੈਦ ਰੰਗ ਦੀ ਹੁੰਦੀ ਹੈ ਭਾਰਤ ’ਚ ਹਰ ਚੌਥੀ ਕਾਰ, ਜਾਣੋ ਇਸ ਰੰਗ ਨੂੰ ਕਿਉਂ ਵਧੇਰੇ ਤਰਜੀਹ ਦਿੰਦੇ ਹਨ ਲੋਕ
ਪਾਕਿਸਤਾਨ ਵਿਚ ਹੜ੍ਹਾਂ ਕਾਰਨ 5 ਲੱਖ ਟਨ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਤਬਾਹ
ਪਾਕਿਸਤਾਨ ਵਿੱਚ ਹਰ ਸਾਲ ਲਗਭਗ 6 ਮਿਲੀਅਨ ਟਨ ਬਾਸਮਤੀ ਦਾ ਉਤਪਾਦਨ ਹੁੰਦਾ ਹੈ। ਸਾਲ 2021-22 ਵਿੱਚ ਪਾਕਿਸਤਾਨ ਤੋਂ 49 ਲੱਖ ਟਨ ਬਾਸਮਤੀ ਦੀ ਬਰਾਮਦ ਕੀਤੀ ਗਈ ਹੈ। ਇਸ ਸਾਲ ਹੜ੍ਹਾਂ ਕਾਰਨ 5 ਲੱਖ ਟਨ ਬਾਸਮਤੀ ਦੀ ਫਸਲ ਪੂਰੀ ਤਰ੍ਹਾਂ ਤਬਾਹ ਹੋ ਗਈ ਹੈ, ਜਦਕਿ 15 ਲੱਖ ਟਨ ਫਸਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ।
ਪਾਕਿਸਤਾਨ ਤੋਂ ਬਾਸਮਤੀ ਦੀ ਬਰਾਮਦ 3 ਹਫ਼ਤਿਆਂ ਤੋਂ ਰੁਕੀ
ਹੜ੍ਹਾਂ ਕਾਰਨ ਪਾਕਿਸਤਾਨ ਤੋਂ ਬਾਸਮਤੀ ਦੀ ਬਰਾਮਦ 3 ਹਫ਼ਤਿਆਂ ਤੋਂ ਠੱਪ ਪਈ ਹੈ। ਇਸ ਵਾਰ ਕੌਮਾਂਤਰੀ ਮੰਡੀ ਵਿੱਚ ਬਾਸਮਤੀ ਦੀ ਮੰਗ ਪਿਛਲੇ ਸਾਲ ਨਾਲੋਂ ਕਰੀਬ 20 ਫੀਸਦੀ ਵੱਧ ਹੈ। ਇਹ ਸਮਾਂ ਪੰਜਾਬ ਲਈ ਚੰਗਾ ਮੌਕਾ ਹੈ।
ਇਹ ਵੀ ਪੜ੍ਹੋ : ਅੱਧੀ ਰਹਿ ਗਈ Mark Zuckerberg ਦੀ ਜਾਇਦਾਦ, ਅਰਬਪਤੀਆਂ ਦੀ ਸੂਚੀ 'ਚ 20ਵੇਂ ਸਥਾਨ 'ਤੇ ਪਹੁੰਚੇ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।