ਵਾਹਨ ਖਰੀਦਣ ਲਈ ਕਰਜ਼ਾ ਦੇਣ ਨੂੰ ਤਿਆਰ ਹਨ ਬੈਂਕ : ਉਦੈ ਕੋਟਕ
Saturday, Sep 05, 2020 - 02:11 AM (IST)
ਮੁੰਬਈ (ਇੰਟ.)–ਮਸ਼ਹੂਰ ਬੈਂਕਰ ਅਤੇ ਉੱਦਮੀ ਉਦੈ ਕੋਟਕ ਨੇ ਕਿਹਾ ਕਿ ਵਾਹਨਾਂ ਦੀ ਖਰੀਦ ਲਈ ਕਰਜ਼ਾ ਦੇਣ ਨੂੰ ਬੈਂਕ ਤਿਆਰ ਹਨ ਅਤੇ ਇਸ ਨੂੰ ਲੈ ਕੇ ਪੈਸੇ ਦੀ ਕਮੀ ਦਾ ਕੋਈ ਮੁੱਦਾ ਨਹੀਂ ਹੈ। ਕੋਟਕ ਮਹਿੰਦਰਾ ਬੈਂਕ ਦੇ ਮੈਨੇਜਿੰਗ ਡਾਇਰੈਕਟਰ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਅਤੇ ਉਦਯੋਗ ਅਤੇ ਵਣਜ ਸੰਗਠਨ ਭਾਰਤੀ ਉਦਯੋਗ ਸੰਘ (ਸੀ. ਆਈ. ਆਈ.) ਦੇ ਮੌਜੂਦਾ ਪ੍ਰਧਾਨ ਉਦੈ ਕੋਟਕ ਨੇ ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਵਾਹਨ ਉਦਯੋਗ ਦੇ ਸਾਹਮਣੇ ਆ ਰਹੀਆਂ ਸਪਲਾਈ ਸਬੰਧੀ ਦਿੱਕਤਾਂ ਨੂੰ ਦੂਰ ਕਰਨ ਦੀ ਸਰਕਾਰ ਨੂੰ ਬੇਨਤੀ ਵੀ ਕੀਤੀ।
ਵਾਹਨ ਨਿਰਮਾਤਾ ਕੰਪਨੀਆਂ ਦੇ ਸੰਗਠਨ ਸੋਸਾਇਟੀ ਆਫ ਇੰਡੀਅਨ ਆਟੋਮੋਬਾਈਲ ਮੈਨੁਫੈਕਚਰਰਸ (ਸਿਆਮ) ਦੇ 60ਵੇਂ ਸਾਲਾਨਾ ਸਮਾਰੋਹ ਦੇ ਵਿਸ਼ੇਸ਼ ਪੂਰਣ ਸੈਸ਼ਨ ‘ਚ ਕੋਟਕ ਨੇ ਕਿਹਾ ਕਿ ਸਰਕਾਰ ਅਤੇ ਉਦਯੋਗ ਦਰਮਿਆਨ ਸਾਂਝੇਦਾਰੀ ‘ਮੌਜੂਦਾ ਅਨਿਸ਼ਚਿਤ ਸਮੇਂ ਤੋਂ ਬਾਹਰ ਆਉਣ ਦੀ ਕੂੰਜੀ‘ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਮੈਨੂੰ ਪੈਸੇ ਦੀ ਉਪਲਬਧਤਾ ਦਾ ਕੋਈ ਮੁੱਦਾ ਦਿਖਾਈ ਨਹੀਂ ਦੇ ਰਿਹਾ ਹੈ, ਜੋ ਕਿ ਲੋੜੀਦੀਂ ਮਾਤਰਾ ‘ਚ ਉਪਲਬਧ ਹੈ। ਜੇ ਮੰਗ ਹੈ ਤਾਂ ਬੈਂਕ ਵਾਹਨਾਂ ਲਈ ਕਰਜ਼ਾ ਦੇਣ ਨੂੰ ਤਿਆਰ ਹਨ।
ਉਨ੍ਹਾਂ ਨੇ ਕਿਹਾ ਕਿ ਰਿਜ਼ਰਵ ਬੈਂਕ ਵਲੋਂ ਵਿਆਜ਼ ਦਰ ‘ਚ ਵੱਡੀ ਗਿਰਾਵਟ ਕਰਨਾ ਹਾਂਪੱਖੀ ਹੈ ਅਤੇ ਫੰਡ ਦੀ ਸੀਮਾਂਤ ਲਾਗਤ ਆਧਾਰਿਤ ਵਿਆਜ਼ ਦਰ (ਐੱਮ. ਸੀ. ਐੱਲ. ਆਰ.) ਲਗਾਤਾਰ ਹੇਠਾਂ ਆ ਰਹੀ ਹੈ। ਕੋਟਕ ਨੇ ਕਿਹਾ ਕਿ ਇਸ ਦੇ ਨਾਲ-ਨਾਲ ਬਾਂਡ ਬਾਜ਼ਾਰ ਅਤੇ ਧਨ ਬਾਜ਼ਾਰ ਦੀਆਂ ਦਰਾਂ ਵੀ ਠੀਕ-ਠਾਕ ਹੇਠਾਂ ਆਈਆਂ ਹਨ। ਮੁਦਰਾ ਨੀਤੀ ਦੇ ਮਾਮਲੇ ‘ਚ ਪਹਿਲਾਂ ਹੀ ਬਹੁਤ ਸਾਰਾ ਕੰਮ ਕੀਤਾ ਜਾ ਚੁੱਕਾ ਹੈ। ਉਨ੍ਹਾਂ ਨੇ ਕਿਹਾ ਕਿ ਚੁਣੌਤੀ ਇਹ ਹੈ ਕਿ ਅਸੀਂ ਸਪਲਾਈ ਅਤੇ ਮੰਗ ਨੂੰ ਕਿਵੇਂ ਤੇਜ਼ ਕਰਦੇ ਹਾਂ।