ਬੈਂਕ ਮੁਫਤ ਦੇ ਰਹੇ ਹਨ ਇਹ ਕਾਰਡ, ਮਿਲੇਗਾ 2 ਲੱਖ ਤਕ ਦਾ ਫਾਇਦਾ!
Saturday, Aug 05, 2017 - 12:14 PM (IST)
ਨਵੀਂ ਦਿੱਲੀ— ਜੇਕਰ ਤੁਸੀਂ ਮੁਫਤ 'ਚ 2 ਲੱਖ ਰੁਪਏ ਤਕ ਦਾ ਦੁਰਘਟਨਾ ਬੀਮਾ ਚਾਹੁੰਦੇ ਹੋ ਤਾਂ ਇਸ ਲਈ ਤੁਹਾਨੂੰ ਕੁਝ ਖਰਚ ਕਰਨ ਦੀ ਜ਼ਰੂਰਤ ਨਹੀਂ ਹੈ। ਦੇਸ਼ ਦੇ ਪ੍ਰਮੁੱਖ ਬੈਂਕ ਭਾਰਤ 'ਚ ਬਣੇ ਰੁਪੈ ਕਾਰਡ 'ਤੇ ਮੁਫਤ ਦੁਰਘਟਨਾ ਬੀਮੇ ਦੀ ਸੁਵਿਧਾ ਦੇ ਰਹੇ ਹਨ। ਯਾਨੀ ਜੇਕਰ ਤੁਹਾਨੂੰ ਬੈਂਕ ਖਾਤੇ ਖੁੱਲ੍ਹਾਉਂਦੇ ਸਮੇਂ ਰੁਪੈ ਕਾਰਡ ਮਿਲਦਾ ਹੈ ਤਾਂ ਉਸ 'ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਫੀਸ ਨਹੀਂ ਦੇਣ ਦੇ ਇਲਾਵਾ ਬੀਮੇ ਦੀ ਸੁਵਿਧਾ ਵੀ ਪੂਰੀ ਤਰ੍ਹਾਂ ਮੁਫਤ ਮਿਲੇਗੀ। ਹਾਲ ਹੀ, 'ਚ ਵਿੱਤ ਰਾਜ ਮੰਤਰੀ ਸੰਤੋਸ਼ ਕੁਮਾਰ ਗੰਗਵਾਰ ਨੇ ਦੱਸਿਆ ਕਿ ਰੁਪੈ ਕਾਰਡ ਧਾਰਕ ਨੂੰ 1 ਲੱਖ ਤੋਂ ਲੈ ਕੇ 2 ਲੱਖ ਰੁਪਏ ਤਕ ਦਾ ਮੁਫਤ ਬੀਮਾ ਮਿਲਦਾ ਹੈ। ਅਜੇ ਲੋਕਾਂ 'ਚ ਇਸ ਕਾਰਡ ਨੂੰ ਲੈ ਕੇ ਜਾਣਕਾਰੀ ਦੀ ਕਮੀ ਹੈ ਪਰ ਫਿਰ ਵੀ 2016-17 'ਚ 872 ਕਾਰਡ ਧਾਰਕਾਂ ਨੇ ਬੀਮਾ ਕਲੇਮ ਕੀਤਾ ਹੈ।
ਹੋਰ ਕਾਰਡਾਂ ਅਤੇ ਇਸ 'ਚ ਕੀ ਹੈ ਫਰਕ?
ਕੰਮ ਕਰਨ ਦੇ ਮਾਮਲੇ 'ਚ ਇਸ 'ਚ ਅਤੇ ਹੋਰ ਬਾਕੀ ਏ. ਟੀ. ਐੱਮ. ਡੈਬਿਟ ਕਾਰਡਾਂ 'ਚ ਕੋਈ ਫਰਕ ਨਹੀਂ ਹੈ। ਇਸ ਕਾਰਡ ਦੀ ਵਰਤੋਂ ਤੁਸੀਂ 1.45 ਲੱਖ ਏ. ਟੀ. ਐੱਮ., 8.75 ਲੱਖ ਪੀ. ਓ. ਐੱਸ. ਮਸ਼ੀਨ ਅਤੇ 10 ਹਜ਼ਾਰ ਤੋਂ ਵਧ ਈ-ਕਾਮਰਸ ਵੈੱਬਸਾਈਟ 'ਤੇ ਕਰ ਸਕਦੇ ਹੋ। ਦੂਜੇ ਕਾਰਡ ਦੇ ਮੁਕਾਬਲੇ ਇਸ ਦੀ ਪ੍ਰਕਿਰਿਆ ਫੀਸ ਘੱਟ ਹੁੰਦੀ ਹੈ ਕਿਉਂਕਿ ਇਹ ਸਵਦੇਸ਼ੀ ਹੈ।
ਕੀ ਹੈ ਰੁਪੈ ਕਾਰਡ?
ਇਹ ਦੋ ਸ਼ਬਦਾਂ ਤੋਂ ਮਿਲ ਕੇ ਬਣਿਆ ਹੈ ਰੁਪਏ ਅਤੇ ਪੇਅ। ਅਜੇ ਜੋ ਵੀਜ਼ਾ ਜਾਂ ਮਾਸਟਰ ਡੈਬਿਟ ਕਾਰਡ ਅਸੀਂ ਵਰਤਦੇ ਹਾਂ ਉਨ੍ਹਾਂ ਦਾ ਪੇਮੈਂਟ ਸਿਸਟਮ ਵਿਦੇਸ਼ੀ ਹੈ। ਇਸ ਲਈ ਸਾਨੂੰ ਫੀਸ ਦੇਣੀ ਪੈਂਦੀ ਹੈ, ਜਦੋਂ ਕਿ ਇਹ ਕਾਰਡ ਉਨ੍ਹਾਂ ਦੇ ਮੁਕਾਬਲੇ ਸਸਤਾ ਹੈ। ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ ਨੇ ਇਸ ਦੀ ਪਹਿਲ ਕੀਤੀ ਹੈ। ਬੀਮੇ ਦੀ ਰਕਮ ਵੀ ਓਹੀ ਦਿੰਦਾ ਹੈ। ਐੱਸ. ਬੀ. ਆਈ. ਅਤੇ ਪੀ. ਐੱਨ. ਬੀ. ਸਮੇਤ ਸਾਰੇ ਪ੍ਰਮੁੱਖ ਸਰਕਾਰੀ ਬੈਂਕ ਇਹ ਕਾਰਡ ਜਾਰੀ ਕਰਦੇ ਹਨ। ਇਹ ਕਾਰਡ ਦੋ ਤਰ੍ਹਾਂ ਦਾ ਹੁੰਦਾ ਹੈ- ਕਲਾਸਿਕ ਅਤੇ ਪ੍ਰੀਮੀਅਮ। ਕਲਾਸਿਕ ਕਾਰਡ 'ਤੇ ਇਕ ਲੱਖ ਰੁਪਏ ਦਾ ਬੀਮਾ ਕਵਰ ਹੈ ਅਤੇ ਪ੍ਰੀਮੀਅਮ 'ਤੇ 2 ਲੱਖ ਦਾ ਕਵਰ ਮਿਲਦਾ ਹੈ।
