ਬੈਂਕਾਂ, ਵਿੱਤੀ ਸੰਸਥਾਵਾਂ ਨੇ ਭਾਰਤ ਦੇ ਵਿਕਾਸ ਦਰ ਦੇ ਅਨੁਮਾਨਾਂ ''ਚ ਕੀਤੀ ਕਟੌਤੀ

Friday, Sep 02, 2022 - 01:35 PM (IST)

ਬੈਂਕਾਂ, ਵਿੱਤੀ ਸੰਸਥਾਵਾਂ ਨੇ ਭਾਰਤ ਦੇ ਵਿਕਾਸ ਦਰ ਦੇ ਅਨੁਮਾਨਾਂ ''ਚ ਕੀਤੀ ਕਟੌਤੀ

ਨਵੀਂ ਦਿੱਲੀ - ਚਾਲੂ ਵਿੱਤੀ ਸਾਲ ਦੀ ਪਹਿਲੀ ਤਿਮਾਹੀ (ਅਪ੍ਰੈਲ-ਜੂਨ) ਦੇ ਕੁੱਲ ਘਰੇਲੂ ਉਤਪਾਦ (ਜੀ.ਡੀ.ਪੀ.) ਦੇ ਅੰਕੜੇ ਜਾਰੀ ਹੋਣ ਤੋਂ ਇਕ ਦਿਨ ਬਾਅਦ, ਕਈ ਬੈਂਕਾਂ ਅਤੇ ਵਿੱਤੀ ਸੰਸਥਾਵਾਂ ਨੇ ਅੱਜ ਵਿੱਤੀ ਸਾਲ 2023 ਲਈ ਭਾਰਤ ਦੀ ਆਰਥਿਕ ਵਿਕਾਸ ਦਰ ਦੇ ਆਪਣੇ ਅਨੁਮਾਨਾਂ ਨੂੰ ਘਟਾ ਦਿੱਤਾ ਹੈ। ਇਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ, ਗੋਲਡਮੈਨ ਸਾਕਸ, ਸਿਟੀਗਰੁੱਪ ਅਤੇ ਰੇਟਿੰਗ ਏਜੰਸੀ ਮੂਡੀਜ਼ ਸ਼ਾਮਲ ਹਨ।

ਭਾਰਤੀ ਸਟੇਟ ਬੈਂਕ (ਐਸਬੀਆਈ) ਦੀ ਮੁੱਖ ਆਰਥਿਕ ਸਲਾਹਕਾਰ ਸੌਮਿਆ ਕਾਂਤੀ ਘੋਸ਼ ਨੇ ਇੱਕ ਰਿਪੋਰਟ ਵਿੱਚ ਕਿਹਾ, “ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ ਦੇ ਅੰਕੜੇ ਦੋਹਰੇ ਅੰਕ ਵਿੱਚ ਰਹੇ ਪਰ ਇਹ ਬਾਜ਼ਾਰ ਦੀ ਉਮੀਦ ਤੋਂ ਘੱਟ ਹੈ। ਨਿਰਮਾਣ ਖੇਤਰ 'ਚ ਵਿਕਾਸ ਦਰ 'ਚ ਆਈ ਸੁਸਤੀ ਦਾ ਅਸਰ ਵਿਕਾਸ ਦਰ 'ਤੇ ਪਿਆ ਹੈ। ਘੋਸ਼ ਨੇ ਵਿੱਤੀ ਸਾਲ 2023 ਲਈ ਜੀਡੀਪੀ ਵਿਕਾਸ ਦਰ ਦਾ ਅਨੁਮਾਨ 7.8 ਫੀਸਦੀ ਤੋਂ ਘਟਾ ਕੇ 6.8 ਫੀਸਦੀ ਕਰ ਦਿੱਤਾ ਹੈ।

ਸਿਟੀਗਰੁੱਪ ਨੇ ਵੀ ਵਿੱਤੀ ਸਾਲ 2023 ਲਈ ਆਪਣੀ ਵਿਕਾਸ ਦਰ ਦਾ ਅਨੁਮਾਨ ਪਹਿਲਾਂ 8 ਫੀਸਦੀ ਤੋਂ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ। ਗੋਲਡਮੈਨ ਸਾਕਸ ਨੇ ਵੀ ਵਿਕਾਸ ਦਰ 7.2 ਫੀਸਦੀ ਦੀ ਬਜਾਏ 7 ਫੀਸਦੀ ਰਹਿਣ ਦਾ ਅਨੁਮਾਨ ਲਗਾਇਆ ਹੈ। ਡਾਇਚੇ ਬੈਂਕ ਨੇ ਕਿਹਾ ਕਿ ਵਿਕਾਸ ਦਰ 'ਚ ਆਈ ਗਿਰਾਵਟ ਦੇ ਮੱਦੇਨਜ਼ਰ ਭਾਰਤੀ ਰਿਜ਼ਰਵ ਬੈਂਕ ਦਰਾਂ 'ਚ ਵਾਧੇ 'ਤੇ ਹੌਲੀ-ਹੌਲੀ ਅੱਗੇ ਵਧ ਸਕਦਾ ਹੈ।

ਗਲੋਬਲ ਰੇਟਿੰਗ ਏਜੰਸੀ ਮੂਡੀਜ਼ ਨੇ ਵੀ ਇਸ ਵਾਰ ਭਾਰਤ ਦੇ ਆਰਥਿਕ ਵਿਕਾਸ ਦੇ ਅਨੁਮਾਨ ਨੂੰ ਘਟਾ ਕੇ 7.7 ਫੀਸਦੀ ਕਰ ਦਿੱਤਾ ਹੈ।

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


author

Harinder Kaur

Content Editor

Related News