ਬੈਂਕ ਯੂਨੀਅਨਾਂ ਨੇ ਟਾਲ ਦਿੱਤੀ ਦੋ ਦਿਨਾਂ ਦੀ ਹੜਤਾਲ, ਲਗਾਤਾਰ ਚਾਰ ਦਿਨ ਬੰਦ ਰਹਿਣ ਵਾਲੇ ਸਨ ਬੈਂਕ
Saturday, Jan 28, 2023 - 03:49 PM (IST)
ਬਿਜ਼ਨੈੱਸ ਡੈਸਕ- ਯੂ.ਐੱਫ.ਬੀ.ਏ ਅਤੇ ਆਈ.ਬੀ.ਏ ਵਿਚਕਾਰ ਇਕ ਸਮਝੌਤਾ ਮੀਟਿੰਗ ਤੋਂ ਬਾਅਦ, ਭਾਰਤ ਦੇ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ ਨੇ ਸ਼ਨੀਵਾਰ ਨੂੰ ਪਹਿਲਾਂ ਤੋਂ ਯੋਜਨਾਬੱਧ ਦੋ ਦਿਨਾਂ ਦੀ ਦੇਸ਼ ਵਿਆਪੀ ਬੈਂਕ ਹੜਤਾਲ ਨੂੰ ਵਾਪਸ ਲੈ ਲਿਆ ਹੈ, ਜੋ ਕਿ 30 ਅਤੇ 31 ਜਨਵਰੀ ਨੂੰ ਹੋਣ ਵਾਲੀ ਸੀ। ਜੇਕਰ ਇਨ੍ਹਾਂ ਦੋਵਾਂ ਦਿਨਾਂ 'ਚ ਹੜਤਾਲ ਹੁੰਦੀ ਤਾਂ 28, 29, 30 ਅਤੇ 31 ਜਨਵਰੀ ਤੱਕ ਲਗਾਤਾਰ ਚਾਰ ਦਿਨ ਬੈਂਕ ਬੰਦ ਰਹਿਣੇ ਸਨ। ਹੁਣ ਅਜਿਹਾ ਨਹੀਂ ਹੋਵੇਗਾ ਅਤੇ ਆਮ ਲੋਕਾਂ ਨੂੰ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
31 ਜਨਵਰੀ ਨੂੰ ਹੋਵੇਗੀ ਆਈ.ਬੀ.ਏ ਦੇ ਨਾਲ ਮੀਟਿੰਗ
ਆਲ ਇੰਡੀਆ ਬੈਂਕ ਇੰਪਲਾਈਜ਼ ਯੂਨੀਅਨ ਦੇ ਜਨਰਲ ਸਕੱਤਰ ਸੀ.ਐੱਚ ਵੈਂਕਟਚਲਮ ਦੇ ਅਨੁਸਾਰ, ਆਈ.ਬੀ.ਏ ਨੇ ਕਥਿਤ ਤੌਰ 'ਤੇ 31 ਜਨਵਰੀ ਨੂੰ ਯੂਨੀਅਨਾਂ ਨਾਲ ਬੈਠਕ ਕਰਨ ਲਈ ਸਹਿਮਤ ਹੋ ਗਏ, ਜਿਸ 'ਚ ਉਨ੍ਹਾਂ ਦੀਆਂ ਮੰਗਾਂ 'ਤੇ ਚਰਚਾ ਕੀਤੀ ਗਈ- ਜਿਸ 'ਚ ਪੰਜ ਦਿਨਾਂ ਬੈਂਕਿੰਗ, ਪੈਨਸ਼ਨਾਂ ਨੂੰ ਅਪਡੇਟ ਕਰਨਾ ਅਤੇ ਪੁਰਾਣੀ ਪੈਨਸ਼ਨ ਯੋਜਨਾ ਦੀ ਬਹਾਲੀ ਸ਼ਾਮਲ ਹੈ। ਹੋਰ ਮੁੱਦੇ ਜਿਨ੍ਹਾਂ 'ਤੇ ਯੂ.ਐੱਫ.ਬੀ.ਯੂ ਜ਼ੋਰ ਦੇ ਰਿਹਾ ਹੈ, ਬਾਅਦ 'ਚ ਹੋਣ ਵਾਲੀ ਉਨ੍ਹਾਂ ਚਰਚਾਵਾਂ 'ਚ ਚਲਾ ਗਿਆ ਹੈ ਜੋ ਅਧਿਕਾਰੀਆਂ ਅਤੇ ਮਜ਼ਦੂਰ ਯੂਨੀਅਨਾਂ ਨਾਲ ਵੱਖਰੇ ਤੌਰ 'ਤੇ ਹੋਣੀਆਂ ਹਨ।
ਇਨ੍ਹਾਂ ਮੰਗਾਂ ਨੂੰ ਲੈ ਕੇ ਕੀਤਾ ਗਿਆ ਹੜਤਾਲ ਦਾ ਐਲਾਨ
ਦੋ ਦਿਨਾਂ ਹੜਤਾਲ ਹੇਠ ਲਿਖੀਆਂ ਮੰਗਾਂ ਨੂੰ ਦਬਾਉਣ ਲਈ ਬੁਲਾਈ ਗਈ ਸੀ: ਪੰਜ ਦਿਨਾਂ ਬੈਂਕਿੰਗ, ਪੈਨਸ਼ਨ ਨੂੰ ਅਪਡੇਟ ਕਰਨਾ, ਐੱਨ.ਪੀ.ਐੱਸ ਨੂੰ ਖਤਮ ਕਰਨਾ, ਤਨਖਾਹ ਸੋਧ ਦੀਆਂ ਮੰਗਾਂ ਦੇ ਚਾਰਟਰ 'ਤੇ ਤੁਰੰਤ ਗੱਲਬਾਤ ਸ਼ੁਰੂ ਕਰਨਾ, ਅਤੇ ਸਾਰੇ ਕਾਡਰਾਂ 'ਚ ਲੋੜੀਂਦੀ ਭਰਤੀ ਆਦਿ। ਇਨ੍ਹਾਂ ਮੰਗਾਂ ਨੂੰ ਲੈ ਕੇ ਬੈਂਕ ਯੂਨੀਅਨ ਕਾਫ਼ੀ ਸਮੇਂ ਤੋਂ ਆਵਾਜ਼ ਉਠਾ ਰਿਹਾ ਸੀ ਪਰ ਕੋਈ ਸੁਣਵਾਈ ਨਾ ਹੋਣ ਕਾਰਨ ਯੂਨੀਅਨ ਨੂੰ ਬੈਂਕ ਹੜਤਾਲ ਦਾ ਐਲਾਨ ਕਰਨਾ ਪਿਆ। ਆਈ.ਬੀ.ਏ ਨਾਲ ਬੈਠਕ ਹੋਣ ਤੋਂ ਬਾਅਦ ਯੂਨੀਅਨ ਨੇ ਹੜਤਾਲ ਵਾਪਸ ਲੈ ਲਈ।