ਇਸ ਸਰਕਾਰੀ ਬੈਂਕ ਨੇ ਫਿਰ ਵਧਾਏ ਲੋਨ ਰੇਟ, ਮਹਿੰਗਾ ਮਿਲੇਗਾ ਕਰਜ਼ਾ

07/05/2018 4:25:16 PM

ਨਵੀਂ ਦਿੱਲੀ— ਬੈਂਕ ਆਫ ਬੜੌਦਾ ਨੇ ਇਕ ਵਾਰ ਫਿਰ ਕਰਜ਼ਾ ਮਹਿੰਗਾ ਕਰ ਦਿੱਤਾ ਹੈ। ਇਸ ਨਾਲ ਹੋਮ ਲੋਨ, ਕਾਰ ਲੋਨ, ਪਰਸਨਲ ਲੋਨ ਅਤੇ ਬਿਜ਼ਨਸ ਲੋਨ ਵਾਲੇ ਗਾਹਕਾਂ ਦੀ ਈ. ਐੱਮ. ਆਈ. ਵਧ ਜਾਵੇਗੀ ਅਤੇ ਨਾਲ ਹੀ ਨਵਾਂ ਕਰਜ਼ਾ ਵੀ ਪਹਿਲਾਂ ਨਾਲੋਂ ਮਹਿੰਗਾ ਮਿਲੇਗਾ। ਬੈਂਕ ਆਫ ਬੜੌਦਾ ਨੇ ਇਕ ਦਿਨ ਤੋਂ ਲੈ ਕੇ ਇਕ ਸਾਲ ਦੇ ਐੱਮ. ਸੀ. ਐੱਲ. ਆਰ. 'ਚ 0.05 ਫੀਸਦੀ ਦਾ ਵਾਧਾ ਕੀਤਾ ਹੈ। ਇਸ ਤੋਂ ਪਹਿਲਾਂ ਜੂਨ 'ਚ ਵੀ ਬੈਂਕ ਆਫ ਬੜੌਦਾ ਨੇ ਐੱਮ. ਸੀ. ਐੱਲ. ਆਰ. ਦਰਾਂ 'ਚ ਇੰਨਾ ਹੀ ਵਾਧਾ ਕੀਤਾ ਸੀ। ਬੈਂਕ ਨੇ ਇਕ ਸਾਲ ਦਾ ਐੱਮ. ਸੀ. ਐੱਲ. ਆਰ. 0.05 ਫੀਸਦੀ ਵਧਾ ਕੇ 8.50 ਫੀਸਦੀ ਕਰ ਦਿੱਤਾ ਹੈ। ਜੂਨ 'ਚ ਬੈਂਕ ਨੇ ਇਸ ਨੂੰ 8.40 ਫੀਸਦੀ ਤੋਂ ਵਧਾ ਕੇ 8.45 ਫੀਸਦੀ ਕੀਤਾ ਸੀ।

ਬੈਂਕ ਨੇ 6 ਮਹੀਨੇ ਦਾ ਐੱਮ. ਸੀ. ਐੱਲ. ਆਰ. 8.30 ਫੀਸਦੀ ਤੋਂ ਵਧਾ ਕੇ 8.35 ਫੀਸਦੀ ਕਰ ਦਿੱਤਾ ਹੈ। ਇਸੇ ਤਰ੍ਹਾਂ ਬੈਂਕ ਨੇ ਤਿੰਨ ਮਹੀਨਿਆਂ ਲਈ ਕਰਜ਼ਾ ਲੈਣਾ ਵੀ ਮਹਿੰਗਾ ਕਰ ਦਿੱਤਾ ਹੈ। ਤਿੰਨ ਮਹੀਨੇ ਦੇ ਐੱਮ. ਸੀ. ਐੱਲ. ਆਰ. ਨੂੰ 8.10 ਫੀਸਦੀ ਤੋਂ ਵਧਾ ਕੇ 8.15 ਫੀਸਦੀ ਕੀਤਾ ਗਿਆ ਹੈ। ਇਸ ਦੇ ਇਲਾਵਾ ਇਕ ਮਹੀਨੇ ਅਤੇ ਇਕ ਦਿਨ ਦਾ ਐੱਮ. ਸੀ. ਐੱਲ. ਆਰ. ਵੀ. ਕ੍ਰਮਵਾਰ 8 ਫੀਸਦੀ ਅਤੇ 8.05 ਫੀਸਦੀ ਹੋ ਗਿਆ ਹੈ। ਬੈਂਕ ਵੱਲੋਂ ਦਰਾਂ 'ਚ ਕੀਤਾ ਵਾਧਾ 7 ਜੁਲਾਈ 2018 ਤੋਂ ਲਾਗੂ ਹੋਵੇਗਾ
ਜ਼ਿਕਰਯੋਗ ਹੈ ਕਿ ਬੈਂਕ ਐੱਮ. ਸੀ. ਐੱਲ. ਆਰ. ਦਰਾਂ ਦੀ ਸਮੀਖਿਆ ਹਰ ਮਹੀਨੇ ਕਰਦੇ ਹਨ ਅਤੇ ਆਪਣੇ ਫੰਡ ਦੀ ਲਾਗਤ ਦੇ ਆਧਾਰ 'ਤੇ ਐੱਮ. ਸੀ. ਐੱਲ. ਆਰ. ਘਟਾਉਂਦੇ ਜਾਂ ਵਧਾਉਂਦੇ ਹਨ। ਰਿਜ਼ਰਵ ਬੈਂਕ ਨੇ ਅਪ੍ਰੈਲ 2016 ਤੋਂ ਐੱਮ. ਸੀ. ਐੱਲ. ਆਰ. ਸਿਸਟਮ ਲਾਗੂ ਕੀਤਾ ਸੀ, ਜਦੋਂ ਕਿ ਅਪ੍ਰੈਲ 2016 ਤੋਂ ਪਹਿਲਾਂ ਬੇਸ ਰੇਟ ਦੇ ਆਧਾਰ 'ਤੇ ਕਰਜ਼ੇ ਦਿੱਤੇ ਜਾਂਦੇ ਸਨ।


Related News