ਬੈਂਕ ਖਾਤਾ ਧਾਰਕਾਂ ਨੂੰ ਹੁਣ ਮਿਲਣਗੇ ਇਲੈਕਟ੍ਰਾਨਿਕ ਕਾਰਡ , RBI ਨੇ ਦਿੱਤੀ ਮਨਜ਼ੂਰੀ
Saturday, Apr 25, 2020 - 02:02 PM (IST)
ਨਵੀਂ ਦਿੱਲੀ - ਜਲਦੀ ਹੀ ਬੈਂਕ ਖਾਤਾ ਧਾਰਕਾਂ ਨੂੰ ਵੱਡੀ ਖੁਸ਼ੀ ਮਿਲਣ ਵਾਲੀ ਹੈ। ਆਉਣ ਵਾਲੇ ਸਮੇਂ ਵਿਚ ਖਾਤਾ ਧਾਰਕਾਂ ਨੂੰ ਬੈਂਕਾਂ ਦੁਆਰਾ ਇਲੈਕਟ੍ਰਾਨਿਕ ਕਾਰਡ ਜਾਰੀ ਕੀਤੇ ਜਾਣਗੇ। ਕੇਂਦਰੀ ਬੈਂਕ ਆਰ.ਬੀ.ਆਈ. ਨੇ ਇਹ ਸਹੂਲਤ ਆਪਣੇ ਗਾਹਕਾਂ ਨੂੰ ਦੇਣ ਦੀ ਮਨਜ਼ੂਰੀ ਦੇ ਦਿੱਤੀ ਹੈ।
ਦਰਅਸਲ ਖਾਤਾ ਧਾਰਕਾਂ ਨੂੰ ਆਰ.ਬੀ.ਆਈ. ਵੱਲੋਂ ਇਲੈਕਟ੍ਰਾਨਿਕ ਕਾਰਡ ਜਾਰੀ ਕੀਤੇ ਜਾਣਗੇ। ਇਹ ਸਹੂਲਤ ਉਨ੍ਹਾਂ ਓਵਰ ਡਰਾਫਟ ਖਾਤਿਆਂ ਲਈ ਹੈ ਜਿਹੜੇ ਪਰਸਨਲ ਲੋਨ ਵਰਗੇ ਹਨ।
ਰਿਜ਼ਰਵ ਬੈਂਕ ਨੇ ਕਿਹਾ ਕਿ ਜੁਲਾਈ 2015 ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਬੈਂਕਾਂ ਨੂੰ ਬਚਤ ਖਾਤਾ / ਚਾਲੂ ਖਾਤੇ ਵਾਲੇ ਗਾਹਕਾਂ ਨੂੰ ਡੈਬਿਟ ਕਾਰਡ ਜਾਰੀ ਕਰਨ ਦੀ ਆਗਿਆ ਦਿੱਤੀ ਗਈ ਹੈ ਪਰ ਇਹ ਸਹੂਲਤ ਨਕਦ ਕ੍ਰੈਡਿਟ / ਕਰਜ਼ਾ ਖਾਤਾ ਧਾਰਕਾਂ ਨੂੰ ਨਹੀਂ ਦਿੱਤੀ ਗਈ ਸੀ। ਗਾਹਕ ਨਿਰਧਾਰਤ ਲਿਮਿਟ ਤੱਕ ਹੀ ਪੈਸਾ ਕਢਵਾ ਸਕਦਾ ਹੈ। ਕਿਸੇ ਗਾਹਕ ਨੂੰ ਕਿੰਨੀ ਓਵਰਡ੍ਰਾਫਟ ਲਿਮਟ ਮਿਲੇਗੀ ਇਸ ਦਾ ਫੈਸਲਾ ਅਕਾਊਂਟ ਹੀਸਟਰੀ, ਭੁਗਤਾਨ ਰਿਕਾਰਡ ਜਾਂ ਕ੍ਰੈਡਿਟ ਸਕੋਰ ਦੇ ਅਧਾਰ ਤੇ ਕੀਤਾ ਜਾਂਦਾ ਹੈ।
ਪਰ ਹੁਣ ਬੈਂਕ ਓਵਰਡ੍ਰਾਫਟ ਖਾਤਾ ਰੱਖਣ ਵਾਲੇ ਲੋਕਾਂ ਨੂੰ ਇਲੈਕਟ੍ਰਾਨਿਕ ਕਾਰਡ ਜਾਰੀ ਕਰ ਸਕਦੇ ਹਨ।
ਆਰ.ਬੀ.ਆਈ. ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਇਲੈਕਟ੍ਰਾਨਿਕ ਕਾਰਡ ਗਾਹਕਾਂ ਨੂੰ ਦਿੱਤੀ ਗਈ ਓਵਰਡ੍ਰਾਫਟ ਸਹੂਲਤ ਦੀ ਵੈਧਤਾ ਤੋਂ ਵਧ ਦੀ ਮਿਆਦ ਲਈ ਜਾਰੀ ਨਹੀਂ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਹ ਇਲੈਕਟ੍ਰਾਨਿਕ ਕਾਰਡ ਸਿਰਫ ਦੇਸ਼ ਵਿਚ ਲੈਣ-ਦੇਣ ਲਈ ਹੋਵੇਗਾ।
ਓਵਰਡਰਾਫਟ ਕੀ ਹੁੰਦਾ ਹੈ?
ਦਰਅਸਲ ਓਵਰਡ੍ਰਾਫਟ ਇੱਕ ਵਿੱਤੀ ਸਹੂਲਤ ਹੈ ਜੋ ਬੈਂਕਾਂ ਦੁਆਰਾ ਪ੍ਰਦਾਨ ਕੀਤੀ ਜਾਂਦੀ ਹੈ। ਜੇ ਤੁਹਾਡੇ ਬੈਂਕ ਖਾਤੇ ਵਿਚ ਬਕਾਇਆ ਨਹੀਂ ਹੈ, ਤਾਂ ਤੁਸੀਂ ਇਸ ਸਹੂਲਤ ਦੇ ਤਹਿਤ ਪੈਸੇ ਕਢਵਾ ਸਕਦੇ ਹੋ।
ਬੈਂਕ ਇਸ ਪੈਸੇ 'ਤੇ ਵਿਆਜ ਵੀ ਲੈਂਦਾ ਹੈ। ਜ਼ਿਕਰਯੋਗ ਹੈ ਕਿ ਹਰੇਕ ਗਾਹਕ ਲਈ ਇੱਕ ਓਵਰਡ੍ਰਾਫਟ ਲਿਮਟ ਤੈਅ ਕੀਤੀ ਜਾਂਦੀ ਹੈ। ਇਸ ਰਕਮ ਨੂੰ ਇੱਕ ਮਿਆਦ ਅੰਦਰ ਚੁਕਾ ਦੇਣਾ ਹੁੰਦਾ ਹੈ। ਇਸ ਸਹੂਲਤ ਲਈ ਬਹੁਤ ਘੱਟ ਦਸਤਾਵੇਜ਼ਾਂ ਦੀ ਜ਼ਰੂਰਤ ਹੁੰਦੀ ਹੈ। ਓਵਰਡਰਾਫਟ ਖਾਤਿਆਂ ਲਈ ਵੱਖ ਵੱਖ ਬੈਂਕਾਂ ਦੀਆਂ ਵੱਖੋ ਵੱਖਰੀਆਂ ਯੋਗਤਾਵਾਂ ਅਤੇ ਸ਼ਰਤਾਂ ਹਨ। ਅਜਿਹੀ ਸਥਿਤੀ ਵਿਚ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰਕੇ ਇਸ ਸਹੂਲਤ ਦਾ ਲਾਭ ਲੈ ਸਕਦੇ ਹੋ।