ਇਸ ਦੁਰਗਾ ਪੂਜਾ ਨੂੰ ਵੀ ਭਾਰਤ ਨੂੰ ਹਿਲਸਾ ਮੱਛੀ ਦੀ ਬਰਾਮਦ ਕਰ ਸਕਦੈ ਬੰਗਲਾਦੇਸ਼

04/22/2022 5:05:11 PM

ਕੋਲਕਾਤਾ (ਭਾਸ਼ਾ) – ਬੰਗਲਾਦੇਸ਼ ਇਸ ਸਾਲ ਦੀ ਦੁਰਗਾ ਪੂਜਾ ਦੌਰਾਨ ਵੀ ਭਾਰਤ ਨੂੰ ਕੀਮਤੀ ਸਿਲਵਰ ਫਿਸ਼ (ਮੱਛੀ) ਹਿਲਸਾ ਦੀ ਬਰਾਮਦ ਕਰ ਸਕਦਾ ਹੈ। ਬੰਗਲਾਦੇਸ਼ ਨੇ ਪਿਛਲੇ ਸਾਲ ਦੁਰਗਾ ਪੂਜਾ ਦੌਰਾਨ ਭਾਰਤ ਨੂੰ ਲਗਭਗ 2,500 ਟਨ ਮੱਛੀ ਦੀ ਬਰਾਮਦ ਕੀਤੀ ਸੀ, ਜਿਨ੍ਹਾਂ ’ਚੋਂ ਜ਼ਿਆਦਾਤਰ ਮੱਛੀਆਂ ਕੋਲਕਾਤਾ ਦੇ ਬਾਜ਼ਾਰਾਂ ’ਚ ਖਰੀਦੀਆਂ ਗਈਆਂ ਸਨ। ਬੰਗਲਾਦੇਸ਼ ਦੇ ਵਪਾਰ ਮੰਤਰੀ ਟੀਪੂ ਮੁੰਸ਼ੀ ਨੇ ਦੱਸਿਆ ਕਿ ਉਨ੍ਹਾਂ ਦੇ ਦੇਸ਼ ਦੀ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਪਿਛਲੇ ਕੁੱਝ ਸਾਲਾਂ ’ਚ ਭਾਰਤ ਨੂੰ ਹਿਲਸਾ ਦੀ ਵਿਕਰੀ ’ਤੇ ਪੂਰਨ ਬਰਾਮਦ ਪਾਬੰਦੀ ਤੋਂ ਵਿਸ਼ੇਸ਼ ਛੋਟ ਦਿੱਤੀ ਹੈ। ਇਸ ਛੋਟ ਨਾਲ ਮੱਛੀ ਦੀ ਸੁਰੱਖਿਆ ’ਚ ਮਦਦ ਮਿਲਦੀ ਹੈ ਅਤੇ ਘਰੇਲੂ ਬਾਜ਼ਾਰ ’ਚ ਕੀਮਤਾਂ ’ਚ ਵਾਧਾ ਨਹੀਂ ਹੁੰਦਾ ਹੈ।

ਹਿਲਸਾ ਫੜਨ ਲਈ ਮਸ਼ਹੂਰ ਗੋਪਾਲਗੰਜ ਵਾਸੀ ਮੁੰਸ਼ੀ ਨੇ ਕਿਹਾ ਕਿ ਸਾਡੀ ਪ੍ਰਧਾਨ ਮੰਤਰੀ ਨੇ ਭਾਰਤ ਲਈ ਦੁਰਗਾ ਪੂਜਾ ਉਤਸਵ ਦੌਰਾਨ ਵਿਸ਼ੇਸ਼ ਛੋਟ ਦਿੱਤੀ ਹੈ ਕਿਉਂਕਿ ਅਸੀਂ ਜਾਣਦੇ ਹਾਂ ਕਿ ਮੱਛੀ ਉਸ ਮੌਸਮ ਦੌਰਾਨ ਖਾਸ ਹੁੰਦੀ ਹੈ। ਤਿਓਹਾਰੀ ਸੀਜ਼ਨ ਦੌਰਾਨ ਕਈ ‘ਸ਼ਾਕਤ’ ਦੇਵੀ ਦੁਰਗਾ ਨੂੰ ਹਿਲਸਾ ਦੀ ਭੇਂਟ ਵੀ ਚੜ੍ਹਾਉਂਦੇ ਹਨ। ਵਿਸ਼ਵ ਪੱਧਰ ’ਤੇ 86 ਫੀਸਦੀ ਹਿਲਸਾ ਮੱਛੀ ਬੰਗਲਾਦੇਸ਼ ਦੇ ਪਾਣੀ ’ਚ ਫੜੀ ਜਾਂਦੀ ਹੈ। ਇਹ ਮੱਛੀ ਆਪਣੇ ਸੁਆਦ ਕਾਰਨ ਬੇਸ਼ਕੀਮਤੀ ਮੰਨੀ ਜਾਂਦੀ ਹੈ। 1996 ’ਚ ਸ਼ੇਖ ਹਸੀਨਾ ਜਦੋਂ ਪਹਿਲੀ ਵਾਰ ਬੰਗਲਾਦੇਸ਼ ਦੀ ਪ੍ਰਧਾਨ ਮੰਤਰੀ ਬਣੀ ਸੀ ਉਦੋਂ ਤੋਂ ਉਹ ਭਾਰਤ ਨਾਲ ਆਪਣੇ ਕੂਟਨੀਤੀ ‘ਟੂਲਕਿੱਟ’ ਵਜੋਂ ਹਿਲਸਾ ਦੀ ਬਰਾਮਦ ਅਤੇ ਤੋਹਫਿਆਂ ਦਾ ਇਸਤੇਮਾਲ ਕਰ ਰਹੀ ਹੈ।


Harinder Kaur

Content Editor

Related News