ਭਾਰਤੀ ਆਯੁਰਵੈਦਿਕ ਦਵਾਈਆਂ ਦਾ ਕਾਰੋਬਾਰ 50-90 ਫ਼ੀਸਦੀ ਦਰ ਨਾਲ ਵੱਧ ਰਿਹੈ
Friday, Feb 19, 2021 - 02:40 PM (IST)
ਨਵੀਂ ਦਿੱਲੀ- ਸਿਹਤ ਮੰਤਰੀ ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਵਿਸ਼ਵ ਵਿਚ ਆਯੁਰਵੈਦਿਕ ਦੀ ਸਰਗਰਮੀ ਵਧੀ ਹੈ ਅਤੇ ਕੋਰੋਨਾ ਕਾਲ ਤੋਂ ਬਾਅਦ ਦੇਸ਼ ਵਿਚ ਅਯੁਰਵੈਦਿਕ ਦਵਾਈਆਂ ਦਾ ਕਾਰੋਬਾਰ 50 ਤੋਂ 90 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਹੈ।
ਡਾ. ਹਰਸ਼ਵਰਧਨ ਨੇ ਪਤੰਜਲੀ ਦੀ ਕੋਰੋਨੀਲ ਨੂੰ ਜਾਰੀ ਕਰਨ ਦੇ ਮੌਕੇ 'ਤੇ ਆਯੋਜਿਤ ਸਮਾਰੋਹ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਕੋਰੋਨਾ ਕਾਲ ਤੋਂ ਪਹਿਲਾਂ ਆਯੁਰਵੈਦਿਕ ਦਵਾਈਆਂ ਦਾ ਕਾਰੋਬਾਰ 15 ਤੋਂ 20 ਫ਼ੀਸਦੀ ਦੀ ਦਰ ਨਾਲ ਵੱਧ ਰਿਹਾ ਸੀ, ਜਿਸ ਵਿਚ ਹੁਣ 50 ਤੋਂ 90 ਫ਼ੀਸਦੀ ਦਰ ਨਾਲ ਵਾਧਾ ਹੋ ਰਿਹਾ ਹੈ। ਕੋਰੋਨਾ ਕਾਲ ਤੋਂ ਪਹਿਲਾਂ ਦੇਸ਼ ਵਿਚ ਆਯੁਰਵੈਦਿਕ ਕੰਪਨੀਆਂ ਦਾ ਕੁੱਲ ਸਾਲਾਨਾ ਕਾਰੋਬਾਰ 30,000 ਕਰੋੜ ਰੁਪਏ ਦਾ ਸੀ।
ਉਨ੍ਹਾਂ ਕਿਹਾ ਕਿ ਬਰਾਮਦ ਵਿਚ ਭਾਰੀ ਵਾਧਾ ਹੋਇਆ ਹੈ। ਦੁਨੀਆ ਦੇ ਲੋਕ ਆਯੁਰਵੈਦਿਕ ਦਵਾਈਆਂ ਦਾ ਵੀ ਇਸਤੇਮਾਲ ਕਰਦੇ ਹਨ ਪਰ ਉਸ ਨੂੰ ਸਵੀਕਾਰ ਨਹੀਂ ਕਰਨਾ ਚਾਹੁੰਦੇ ਹਨ।
ਡਾ. ਹਰਸ਼ਵਰਧਨ ਨੇ ਆਧੁਨਿਕ ਵਿਗਿਆਨਿਕ ਤਰੀਕੇ ਨਾਲ ਆਯੁਰਵੈਦ ਨੂੰ ਸਥਾਪਤ ਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਇਸ ਨਾਲ ਵਿਸ਼ਵ ਦਾ ਕਲਿਆਣ ਹੋਵੇਗਾ ਅਤੇ ਦੇਸ਼ ਦਾ ਮਾਣ ਵਧੇਗਾ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਨੇ ਆਯੁਰਵੈਦ ਨੂੰ ਮਾਨਤਾ ਦਿੱਤੀ ਹੈ ਅਤੇ ਆਸਟ੍ਰੇਲੀਆ, ਨਿਊਜ਼ੀਲੈਂਡ, ਕਿਊਬਾ, ਮੌਰਸ਼ਿਸ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ, ਹੰਗਰੀ ਆਦਿ ਦੇਸ਼ਾਂ ਵਿਚ ਨਿਯਮਤ ਤੌਰ 'ਤੇ ਇਸ ਨੂੰ ਮਾਨਤਾ ਹੈ।