AXIS ਬੈਂਕ ਨੂੰ ਚੌਥੀ ਤਿਮਾਹੀ 'ਚ ਰਿਕਾਰਡ ਮੁਨਾਫਾ, ਸਟਾਕ ਦੌੜਨ ਦੀ ਉਮੀਦ

Wednesday, Apr 28, 2021 - 08:26 AM (IST)

AXIS ਬੈਂਕ ਨੂੰ ਚੌਥੀ ਤਿਮਾਹੀ 'ਚ ਰਿਕਾਰਡ ਮੁਨਾਫਾ, ਸਟਾਕ ਦੌੜਨ ਦੀ ਉਮੀਦ

ਮੁੰਬਈ- ਨਿੱਜੀ ਖੇਤਰ ਦੇ ਐਕਸਿਸ ਬੈਂਕ ਨੇ ਮੰਗਲਵਾਰ ਨੂੰ ਮਾਰਚ ਤਿਮਾਹੀ ਦੇ ਨਤੀਜਿਆਂ ਦਾ ਐਲਾਨ ਕੀਤਾ। ਬੈਂਕ ਨੇ ਮਾਰਚ ਤਿਮਾਹੀ ਵਿਚ 2,677 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ, ਜੋ ਹੁਣ ਤੱਕ ਕਿਸੇ ਵੀ ਤਿਮਾਹੀ ਵਿਚ ਸਭ ਤੋਂ ਵੱਧ ਹੈ। ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਬੈਂਕ ਨੂੰ 1387.8 ਕਰੋੜ ਰੁਪਏ ਦਾ ਘਾਟਾ ਹੋਇਆ ਸੀ। 

ਇਸ ਤਰ੍ਹਾਂ ਬੈਂਕ ਨੇ ਬਹੁਤੇ ਵਿਸ਼ਲੇਸ਼ਕਾਂ ਦੇ ਅਨੁਮਾਨਾਂ ਨੂੰ ਪਛਾੜ ਦਿੱਤਾ ਹੈ। ਬਲੂਮਬਰਗ ਪੋਲ ਵਿਚ 13 ਵਿਸ਼ਲੇਸ਼ਕਾਂ ਨੇ ਬੈਂਕ ਦਾ ਮੁਨਾਫਾ 1912.4 ਕਰੋੜ ਰੁਪਏ ਹੋਣ ਦਾ ਅਨੁਮਾਨ ਲਗਾਇਆ ਸੀ। ਬੈਂਕ ਦਾ ਸਟਾਕ ਖ਼ਬਰਾਂ ਵਿਚ ਰਹਿਣ ਦੀ ਉਮੀਦ ਹੈ। ਬੀ. ਐੱਸ. ਈ. 'ਤੇ ਐਕਸਿਸ ਬੈਂਕ ਦਾ ਸ਼ੇਅਰ (ਸਟਾਕ) ਬੀਤੇ ਕਾਰੋਬਾਰੀ ਦਿਨ 0.16 ਫ਼ੀਸਦੀ ਮਾਮੂਲੀ ਗਿਰਾਵਟ ਨਾਲ 699.30 ਰੁਪਏ 'ਤੇ ਬੰਦ ਹੋਇਆ ਸੀ। ਸ਼ਾਰਟ ਟਰਮ ਵਿਚ ਇਸ ਵਿਚ ਮੁਨਾਫਾ ਹੋ ਸਕਦਾ ਹੈ।

ਬੈਂਕ ਦੀ ਸ਼ੁੱਧ ਆਮਦਨੀ ਵੀ ਮਾਰਚ ਦੀ ਤਿਮਾਹੀ 'ਚ ਸਾਲਾਨਾ ਆਧਾਰ 'ਤੇ 11 ਫ਼ੀਸਦ ਦੇ ਵਾਧੇ ਨਾਲ 7,555 ਕਰੋੜ ਰੁਪਏ 'ਤੇ ਪਹੁੰਚ ਗਈ। 

ਇਹ ਵੀ ਪੜ੍ਹੋ- ਇੰਤਜ਼ਾਰ ਖ਼ਤਮ, ਮਈ ਅੰਤ ਤੱਕ ਭਾਰਤ 'ਚ ਆ ਜਾਏਗਾ ਵਿਦੇਸ਼ੀ ਕੋਰੋਨਾ ਟੀਕਾ

ਪਿਛਲੇ ਸਾਲ ਦੀ ਇਸੇ ਤਿਮਾਹੀ ਵਿਚ ਇਹ 6808 ਕਰੋੜ ਰੁਪਏ ਸੀ। ਇਸ ਤਿਮਾਹੀ ਦੌਰਾਨ ਬੈਂਕ ਨੂੰ ਐੱਨ. ਪੀ. ਏ. ਜਾਂ ਕਿਸੇ ਹੋਰ ਸੰਕਟ ਵਜੋਂ 3,295 ਕਰੋੜ ਰੁਪਏ ਦੀ ਵਿਵਸਥਾ ਕਰਨੀ ਪਈ, ਜੋ ਪਿਛਲੇ ਸਾਲ ਨਾਲੋਂ 58 ਫ਼ੀਸਦੀ ਘੱਟ ਰਹੀ। ਇਕ ਸਾਲ ਪਹਿਲਾਂ 7,730 ਕਰੋੜ ਰੁਪਏ ਦੀ ਵੱਖਰੀ ਵਿਵਸਥਾ ਕਰਨੀ ਪਈ ਸੀ। ਬੈਂਕ ਨੇ ਆਪਣੀ ਲੋਨ ਬੁੱਕ ਵਿਚ ਸਾਲਾਨਾ ਆਧਾਰ 'ਤੇ 12 ਫ਼ੀਸਦੀ ਅਤੇ ਤਿਮਾਹੀ ਦੇ ਆਧਾਰ 'ਤੇ 8 ਫ਼ੀਸਦੀ ਦੀ ਮਜ਼ਬੂਤ ਵਾਧਾ ਦਰ ਦਰਜ ਕੀਤੀ ਹੈ। ਇਸ ਦੌਰਾਨ ਬੈਂਕ ਦੇ ਕਾਰਪੋਰੇਟ ਕਰਜ਼ੇ ਵਿਚ 16 ਫ਼ੀਸਦੀ ਅਤੇ ਪ੍ਰਚੂਨ ਕਰਜ਼ੇ ਵਿਚ 11 ਫ਼ੀਸਦੀ ਦਾ ਵਾਧਾ ਹੋਇਆ ਹੈ। ਇਸ ਤੋਂ ਪਹਿਲਾਂ ਆਈ. ਸੀ. ਆਈ. ਸੀ. ਆਈ. ਬੈਂਕ ਵੀ ਨਤੀਜੇ ਜਾਰੀ ਕਰ ਚੁੱਕਾ ਹੈ।

ਇਹ ਵੀ ਪੜ੍ਹੋ- ਚੰਡੀਗੜ੍ਹ, ਲੁਧਿਆਣਾ ਸਣੇ 19 ਸ਼ਹਿਰਾਂ ਦੇ ਲੋਕਾਂ ਨੂੰ HDFC ਬੈਂਕ ਦੀ ਵੱਡੀ ਸੌਗਾਤ

ਨੋਟ- ਸ਼ੇਅਰ ਬਾਜ਼ਾਰ 'ਚ ਦਾਅ ਲਾਉਣਾ ਜੋਖਮ ਭਰਿਆ ਹੁੰਦਾ ਹੈ, ਕਿਸੇ ਮਾਹਰ ਦੀ ਸਲਾਹ ਨਾਲ ਹੀ ਨਿਵੇਸ਼ ਕਰੋ


author

Sanjeev

Content Editor

Related News